
ਪ੍ਰਧਾਨ ਮੰਤਰੀ ਵਲੋਂ ਗੱਲਬਾਤ ਦਾ ਸੱਦਾ ਸਿਰਫ਼ ਹਵਾਈ ਗੱਲਾਂ : ਰਾਜੇਵਾਲ
ਭਲਕੇ ਮਹਾਂਪੰਚਾਇਤ ਦੀ ਤਰਜ਼ 'ਤੇ ਜਗਰਾਉਂ ਵਿਚ ਵੱਡਾ ਇਕੱਠ
ਚੰਡੀਗੜ੍ਹ, 9 ਫ਼ਰਵਰੀ (ਗੁਰਉਪਦੇਸ਼ ਭੁੱਲਰ): ਸੰਯੁਕਤ ਕਿਸਾਨ ਮੋਰਚੇ ਦੇ ਮੈਂਬਰ ਤੇ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਹੈ ਕਿ ਪ੍ਰਧਾਨ ਮੰਤਰੀ ਵਲੋਂ ਦਿਤਾ ਜਾ ਰਿਹਾ ਗੱਲਬਾਤ ਦਾ ਸੱਦਾ ਸਿਰਫ਼ ਹਵਾਈ ਗੱਲਾਂ ਹਨ, ਜਦਕਿ ਮੋਰਚੇ ਨੂੰ ਹਾਲੇ ਤਕ ਕੋਹੀ ਵੀ ਲਿਖਤੀ ਸੱਦਾ ਨਹੀਂ ਮਿਲਿਆ ਅਤੇ ਨਾ ਹੀ ਕੇਂਦਰ ਸਰਕਾਰ ਵਲੋਂ ਕਿਸੇ ਦਾ ਗੱਲਾਬਤ ਲਈ ਫ਼ੋਨ ਆਇਆ ਹੈ |
ਚੰਡੀਗੜ੍ਹ ਇਕ ਮੀਟਿੰਗ ਵਿਚ ਹਿੱਸਾ ਲੈਣ ਪਹੁੰਚੇ ਰਾਜੇਵਾਲ ਨੇ ਕਿਹਾ ਕਿ ਪ੍ਰਧਾਨ ਮੰਤਰੀ ਇਕ ਫ਼ੋਨ ਕਾਲ ਦੀ ਦੂਰੀ ਦੀ ਗੱਲ ਤਾਂ ਕਰ ਰਹੇ ਹਨ ਪਰ ਕੋਈ ਨੰਬਰ ਤਾਂ ਦੱਸਣ ਜਿਥੇ ਅਸੀ ਗੱਲ ਕਰ ਸਕੀਏ | ਰਾਜੇਵਾਲ ਨੇ ਸਪਸ਼ਟ ਕੀਤਾ ਕਿ ਗੱਲਬਾਤ ਵਿਚ ਡੈਡਲਾਕ ਕੇਂਦਰ ਸਰਕਾਰ ਨੇ ਹੀ ਪੈਦਾ ਕੀਤਾ ਹੈ ਜਦਕਿ ਅਸੀ ਕਦੇ ਗੱਲਬਾਤ ਤੋਂ ਨਹੀਂ ਭੱਜੇ | ਜਦੋਂ ਵੀ ਲਿਖਤੀ ਸੱਦਾ ਮਿਲੇਗਾ ਤਾਂ ਗੱਲਬਾਤ ਲਈ ਜ਼ਰੂਰ ਜਾਵਾਂਗੇ | ਉਨ੍ਹਾਂ ਕਿਹਾ ਕਿ ਖੇਤੀ ਕਾਨੂੰਨਾਂ ਦੀ ਵਾਪਸੀ ਦੀ ਮੰਗ ਪੂਰੀ ਹੋਣ ਤਕ ਅੰਦੋਲਨ ਜਾਰੀ ਰਹੇਗਾ ਅਤੇ ਇਸ ਅੰਦੋਲਨ ਦਾ ਸਮਰਥਨ ਹੁਣ ਵੱਖ ਵੱਖ ਰਾਜਾਂ ਵਿਚ ਹੋਰ ਵੱਧ ਰਿਹਾ ਹੈ | ਉਨ੍ਹਾਂ ਕਿਹਾ ਕਿ ਰਾਜ ਸਭਾ ਵਿਚ ਪ੍ਰਧਾਨ ਮੰਤਰੀ ਦੇ ਅੰਦਰ ਦੀ ਗੱਲ ਸਾਹਮਣੇ ਆ ਗਈ ਹੈ ਉਹ ਵੈਸੇ ਤਾਂ ਕਿਸਾਨ ਨੂੰ ਅੰਨਦਾਤਾ ਕਹਿੰਦੇ ਹਨ ਪਰ ਉਨ੍ਹਾਂ ਨੇ ਜਿਹੜੇ ਸ਼ਬਦ ਵਰਤੇ ਉਸ ਨੇ ਪ੍ਰਧਾਨ ਮੰਤਰੀ ਦਾ ਅੰਦਰ ਨੰਗਾ ਕਰ ਦਿਤਾ ਹੈ | ਉਨ੍ਹਾਂ ਦਸਿਆ ਕਿ ਹਰਿਆਣਾ ਦੀਆਂ ਮਹਾਂਪੰਚਾਇਤਾਂ ਦੀ ਤਰਜ਼ 'ਤੇ ਪੰਜਾਬ ਵਿਚ ਵੀ 11 ਫ਼ਰਵਰੀ ਨੂੰ ਕਿਸਾਨਾਂ ਤੇ ਲੋਕਾਂ ਨੇ ਵੱਡਾ ਇਕੱਠਾ ਸੱਦਿਆ ਹੈ ਜਿਸ ਨੂੰ ਸੰਯੁਕਤ ਕਿਸਾਨ ਮੋਰਚੇ ਦੇ ਆਗੂ ਸੰਬੋਧਨ ਕਰਨਗੇ | ਹੋਰ ਅਜਿਹੇ ਇਕੱਠ ਵੀ ਲੋਕਾਂ ਵਿਚ ਹੌਂਸਲਾ ਭਰਨ ਲਈ ਕੀਤੇ ਜਾਣਗੇ |
ਯਾਦ ਰਹੇ, ਪ੍ਰਧਾਨ ਮੰਤਰੀ ਕਿਸਾਨ ਲੀਡਰਾਂ ਨੂੰ 'ਅੰਦੋਲਨਜੀਵੀ' ਅਤੇ ਗੁਮਰਾਹ ਕੀਤੇ ਗਏ ਲੋਕ ਦਸਦਿਆਂ, ਉਨ੍ਹਾਂ ਦਾ ਮਜ਼ਾਕ ਉਡਾਂਦਿਆਂ ਇਥੋਂ ਤਕ ਕਹਿ ਦਿਤਾ ਸੀ ਕਿ ਕਿਸਾਨ ਇਹ ਨਹੀਂ ਦਸ ਸਕੇ ਕਿ ਉਹ ਅੰਦੋਲਨ ਕਿਸ ਗੱਲ ਲਈ ਕਰ ਰਹੇ ਹਨ | ਪ੍ਰਧਾਨ ਮੰਤਰੀ ਨੇ ਕਿਹਾ, ਕਿਸਾਨ ਆਗੂ ਕਹਿ ਰਹੇ ਹਨ ਕਿ ਤਿੰਨ 'ਕਾਲੇ' ਕਾਨੂੰਨ ਹਨ ਪਰ ਜੇ ਉਨ੍ਹਾਂ ਨੇ ਦਸਿਆ ਹੁੰਦਾ ਕਿ ਕਾਨੂੰਨਾਂ ਵਿਚ ਕਾਲਾ ਕੀ ਹੈ ਤਾਂ ਮੈਂ ਕੁੱਝ ਕਰਦਾ ਵੀ | ਇਸ ਤਰ੍ਹਾਂ ਪ੍ਰਧਾਨ ਮੰਤਰੀ ਨੇ ਕਿਸਾਨ ਆਗੂਆਂ ਵਲੋਂ ਕਾਲੇ ਕਾਨੂੰਨਾਂ ਵਿਰੁਧ ਲਿਖਤੀ ਤੌਰ 'ਤੇ 23 ਖ਼ਰਾਬੀਆਂ ਦੇਣ ਨੂੰ ਅਣਗੌਲਿਆ ਕਰਦਿਆਂ ਤੇ 200 ਤੋਂ ਵੱਧ ਕਿਸਾਨਾਂ ਦੀ ਮੌਤ ਹੋ ਜਾਣ ਅਤੇ ਮਾਰੂ ਠੰਢ ਵਿਚ ਸੜਕਾਂ ਉਤੇ ਬੈਠੇ ਹੋਣ ਦਾ ਜ਼ਿਕਰ ਵੀ ਨਾimage ਕੀਤਾ |