
ਮਨੂਵਾਦੀਏ ਦਾ ‘ਬੇਟੀ ਬਚਾਉ, ਬੇਟੀ ਪੜ੍ਹਾਉ’ ਦਾ ਨਾਹਰਾ ਖੋਖਲਾ : ਖਾਲੜਾ ਮਿਸ਼ਨ
ਅੰਮਿ੍ਰਤਸਰ, 9 ਫ਼ਰਵਰੀ (ਸੁਖਵਿੰਦਰਜੀਤ ਸਿੰਘ ਬਹੋੜੂ): ਅੱਜ ਖਾਲੜਾ ਮਿਸ਼ਨ ਆਰਗੇਨਾਈਜ਼ੇਸ਼ਨ ਦੇ ਆਗੂਆਂ ਐਡਵੋਕੇਟ ਜਗਦੀਪ ਸਿੰਘ ਰੰਧਾਵਾ, ਪ੍ਰਵੀਨ ਕੁਮਾਰ, ਵਿਰਸਾ ਸਿੰਘ ਬਹਿਲਾ, ਸਤਵੰਤ ਸਿੰਘ ਮਾਣਕ ਆਦਿ ਨੇ ਸਾਂਝੇ ਤੌਰ ’ਤੇ ਕਿਹਾ ਹੈ ਕਿ ਮਨੂਵਾਦੀਏ ਨਾਹਰੇ ‘ਬੇਟੀ ਬਚਾਉ ਬੇਟੀ ਪੜ੍ਹਾਉ’ ਦੇ ਲਾਉਂਦੇ ਹਨ ਪਰ ਪੰਜਾਬ ਦੀ ਧੀ ਨੌਦੀਪ ਕੌਰ ’ਤੇ ਥਾਣੇ ਤੇ ਜੇਲ ਵਿਚ ਜ਼ੁਲਮ ਚਾਹੁੰਦੇ ਹਨ।
ਖਾਲੜਾ ਮਿਸ਼ਨ ਨੇ ਕਿਹਾ ਕਿ ਮੰਨੂਵਾਦੀਆਂ ਨੂੰ ਸ਼ਰਮ ਨਾਲ ਡੁੱਬ ਮਰਨਾ ਚਾਹੀਦਾ ਹੈ, ਨਿਰਦੋਸ਼ ਨੌਦੀਪ ਕੌਰ ਦਾ ਸਾਥ ਦੇਣ ਦੀ ਬਜਾਏ ਉਹ ਫ਼ੈਕਟਰੀ ਮਾਲਕਾਂ ਦਾ ਸਾਥ ਦਿੰਦੇ ਹਨ। ਮਨੂਵਾਦੀਆਂ ਦਾ ਏਜੰਡਾ ਹੀ ਅੰਬਾਨੀਆਂ ਅਡਾਨੀਆਂ ਲੋਟੂ ਲਾਣੇ ਦਾ ਬੋਲਬਾਲਾ ਕਰਨਾ ਹੈ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਸਰਕਾਰਾਂ ਨਾਲ ਮਿਲ ਕੇ ਮਾਇਆ ਦੇ ਅੰਬਾਰ ਲਾਉਣ, ਲੋਕਾਈ ਤੇ ਜਬਰ ਜ਼ੁਲਮ ਢਾਉਣ ਉਹ ਵੱਡੇ ਦੇਸ਼ ਭਗਤ ਬਣ ਬੈਠਦੇ ਹਨ ਅਤੇ ਜਿਹੜੇ ਲੋਕ ਕਿਸਾਨਾਂ ਗ਼ਰੀਬਾਂ ਤੇ ਘੱਟ ਗਿਣਤੀਆਂ ਦੇ ਹੱਕ ਵਿਚ ਆਵਾਜ਼ ਉਠਾਉਣ ਉਹ ਝੂਠੇ ਹਾਕਮਾਂ ਨੂੰ ਖ਼ਾਲਿਸਤਾਨੀ, ਪਾਕਿਸਤਾਨੀ ਅਤੇ ਮਾਉਵਾਦੀ ਨਜ਼ਰ ਆਉਂਦੇ ਹਨ। ਜਥੇਬੰਦੀ ਨੇ ਕਿਹਾ ਕਿ ਨੌਦੀਪ ਕੌਰ ਦੀ ਤੁਰਤ ਰਿਹਾਈ ਹੋਵੇ ਅਤੇ ਉਸ ਉਪਰ ਦਰਜ ਕੀਤੀਆਂ ਤਿੰਨ ਐਫ਼.ਆਈ.ਆਰ. ਰੱਦ ਹੋਣ। ਜਥੇਬੰਦੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਨੇ ਰਾਜ ਸਭਾ ਵਿਚ ਭਾਸ਼ਣ ਦੌਰਾਨ ਇਹ ਨਹੀਂ ਦਸਿਆ ਕਿ ਦੇਸ਼ ਦਾ ਖ਼ਜ਼ਾਨਾ ਕਿਵੇਂ ਅੰਬਾਨੀਆਂ-ਅਡਾਨੀਆਂ ਨੂੰ ਲੁਟਾਇਆ ਹੈ ਅਤੇ ਸਾਰੀ ਬਿਆਨਬਾਜ਼ੀ ਗ਼ਰੀਬਾਂ ਦੇ ਹੱਕ ਵਿਚ ਕੀਤੀ ਹੈ।