
ਪੰਜਾਬ ਸਰਕਾਰ ਨੇ ਸੇਵਾ ਕੇਂਦਰਾਂ ਦੀ ਕਾਰਜ਼ਕੁਸ਼ਲਤਾ ਵਧਾਈ: ਧਰਮਸੋਤ
ਪਟਿਆਲਾ, 9 ਫ਼ਰਵਰੀ (ਜਸਪਾਲ ਸਿੰਘ ਢਿੱਲੋਂ, ਜਸਬੀਰ ਸਿੰਘ ਜੱਸੀ): ਪੰਜਾਬ ਦੇ ਜੰਗਲਾਤ ਤੇ ਸਮਾਜਕ ਨਿਆਂ, ਅਧਿਕਾਰਤਾ ਤੇ ਘੱਟ ਗਿਣਤੀ ਮਾਮਲਿਆਂ ਬਾਰੇ ਮੰਤਰੀ ਸ. ਸਾਧੂ ਸਿੰਘ ਧਰਮਸੋਤ ਨੇ ਕਿਹਾ ਹੈ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਰਾਜ 'ਚ ਚਲਦੇ ਸੇਵਾ ਕੇਂਦਰਾਂ ਦੀ ਕਾਰਜ਼ਕੁਸ਼ਲਤਾ 'ਚ ਵਾਧਾ ਕੀਤਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਨਾਗਰਿਕਾਂ ਨੂੰ ਸਰਕਾਰ ਦੀਆਂ ਸੇਵਾਵਾਂ ਚੰਗੇ ਵਾਤਾਵਰਣ ਵਿਚ ਇਕੋਂ ਛੱਤ ਹੇਠਾਂ ਸੁਖਾਲੇ ਤੇ ਸਮਾਂਬੱਧ ਢੰਗ ਨਾਲ ਪ੍ਰਦਾਨ ਕਰਨ ਵਲ ਇਤਿਹਾਸਕ ਕਦਮ ਚੁੱਕੇ ਹਨ ਅਤੇ 56 ਨਵੀਂਆਂ ਸੇਵਾਵਾਂ ਸ਼ੁਰੂ ਕਰਨ ਨਾਲ ਹੁਣ ਸੇਵਾ ਕੇਂਦਰਾਂ 'ਚ ਪ੍ਰਦਾਨ ਕੀਤੀਆਂ ਜਾਣ ਵਾਲੀਆਂ ਸੇਵਾਵਾਂ 271 ਤੋਂ ਵਧਕੇ 327 ਹੋ ਗਈਆਂ ਹਨ |
ਸ. ਧਰਮਸੋਤ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਅੱਜ ਰਾਜ ਭਰ 'ਚ ਸੇਵਾ ਕੇਂਦਰਾਂ ਵਿਖੇ 56 ਸੇਵਾਵਾਂ ਦੀ ਆਨ ਲਾਈਨ ਸ਼ੁਰੂਆਤ ਕਰਨ ਲਈ ਕਰਵਾਏ ਸਮਾਗਮ ਦੌਰਾਨ ਪਟਿਆਲਾ ਦੇ ਸੇਵਾ ਕੇਂਦਰ ਤੋਂ ਸੇਵਾਵਾਂ ਹਾਸਲ ਕਰਨ ਵਾਲੇ 5 ਲਾਭਪਾਤਰੀਆਂ ਨੂੰ ਇੱਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਰਸਮੀ ਤੌਰ 'ਤੇ ਨਾਗਰਿਕ ਸੇਵਾਵਾਂ ਦੇ ਸਰਟੀਫ਼ੀਕੇਟ ਸੌਂਪਣ ਪੁੱਜੇ ਹੋਏ ਸਨ | ਇਸ ਮੌਕੇ ਉਨ੍ਹਾਂ ਦੇ ਨਾਲ ਹਲਕਾ ਘਨੌਰ ਦੇ ਵਿਧਾਇਕ ਮਦਨ ਲਾਲ ਜਲਾਲਪੁਰ ਵੀ ਮੌਜੂਦ ਸਨ |
ਸੇਵਾ ਕੇਂਦਰਾਂ ਰਾਹੀਂ ਮਾਲ, ਪੁਲਿਸ ਤੇ ਟਰਾਂਸਪੋਰਟ ਵਿਭਾਗਾਂ ਦੀਆਂ 56 ਹੋਰ ਨਵੀਆਂ ਸੇਵਾਵਾਂ ਦੀ ਸ਼ੁਰੂਆਤ
ਕੈਬਨਿਟ ਮੰਤਰੀ ਨੇ ਆਖਿਆ ਕਿ ਪਹਿਲਾਂ ਲੋਕਾਂ ਨੂੰ ਪੁਲਿਸ ਨਾਲ ਸਬੰਧਤ ਸੇਵਾਵਾਂ ਲੈਣ ਲਈ ਥਾਣੇ ਜਾਂ ਸਾਂਝ ਕੇਂਦਰਾਂ 'ਚ ਜਾਣਾ ਪੈਂਦਾ ਸੀ ਪਰ ਹੁਣ ਇਹ 20 ਸੇਵਾਵਾਂ ਸੇੇਵਾ ਕੇਂਦਰਾਂ 'ਚ ਮਿਲਣ ਨਾਲ ਸਾਂਝ ਕੇਂਦਰਾਂ 'ਚ ਕੰਮ ਕਰਦੀ ਪੁਲਿਸ ਉਥੋਂ ਆਮ ਪੁਲਿਸਿੰਗ 'ਚ ਲਗਾਈ ਜਾਵੇਗੀ ਅਤੇ ਆਮ ਲੋਕਾਂ ਲਈ ਅਪਣੇ ਕੰਮ ਕਰਵਾਉਣੇ ਹੋਰ ਵੀ ਆਸਾਨ ਹੋ ਗਏ ਹਨ | ਜਦੋਂਕਿ ਟਰਾਂਸਪੋਰਟ ਵਿਭਾਗ ਦੀਆਂ 35 ਸੇਵਾਵਾਂ ਸੇਵਾ ਕੇਂਦਰਾਂ 'ਚ ਮਿਲਣ ਨਾਲ ਲੋਕਾਂ ਨੂੰ ਦਰਪੇਸ਼ ਮੁਸ਼ਕਿਲਾਂ ਦਾ ਹੱਲ ਹੋ ਗਿਆ ਹੈ | ਇਸੇ ਤਰ੍ਹਾਂ ਮਾਲ ਵਿਭਾਗ ਦੀਆਂ ਸੇਵਾਵਾਂ ਸੇਵਾ ਕੇਂਦਰਾਂ 'ਚ ਪ੍ਰਾਪਤ ਹੋਣ ਨਾਲ ਲੋਕਾਂ ਦੀ ਖੱਜਲ ਖੁਆਰੀ ਖ਼ਤਮ ਹੋ ਜਾਵੇਗੀ |
ਫੋਟੋ ਨੰ: 9 ਪੀਏਟੀ 9
ਫੋਟੋ ਨੰ: 9 ਪੀਏਟੀ 15image