
ਪੰਜਾਬ ਯੂਥ ਕਾਂਗਰਸ ਨੇ ਸੰਸਦ ਵਲ ਕੀਤਾ ਰੋਸ ਮਾਰਚ, ਪੁਲਿਸ ਨੇ ਰਸਤੇ 'ਚ ਰੋਕਿਆ
ਪੰਜਾਬ ਯੂਥ ਕਾਂਗਰਸ ਪ੍ਰਧਾਨ ਢਿੱਲੋਂ ਦੀ ਪੱਗ ਲੱਥੀ
ਚੰਡੀਗੜ੍ਹ, 9 ਫ਼ਰਵਰੀ (ਗੁਰਉਪਦੇਸ਼ ਭੁੱਲਰ) : ਅੱਜ ਪੰਜਾਬ ਯੂਥ ਕਾਂਗਰਸ ਦੇ ਵੱਡੀ ਗਿਣਤੀ ਵਿਚ ਦਿੱਲੀ ਪਹੁੰਚੇ ਮੈਂਬਰਾਂ ਵਲੋਂ ਕਿਸਾਨੀ ਅੰਦੋਲਨ ਦੇ ਸਮਰਥਨ ਵਿਚ ਘਿਰਾਉ ਲਈ ਸੰਸਦ ਵੱਲ ਕੂਚ ਕੀਤਾ ਗਿਆ | ਭਾਰੀ ਪੁਲਿਸ ਬਲ ਨੇ ਉਨ੍ਹਾਂ ਨੂੰ ਬਲ ਦਾ ਪ੍ਰਯੋਗ ਕਰਦਿਆਂ ਰਸਤੇ ਵਿਚ ਹੀ ਸੰਸਦ ਤੋਂ ਦੂਰ ਰਾਏਸਾਨਾ ਰੋਡ 'ਤੇ ਹੀ ਰੋਕ ਲਿਆ | ਇਸ ਦੌਰਾਨ ਪੁਲਿਸ 'ਤੇ ਪ੍ਰਦਰਸ਼ਨਕਾਰੀ ਯੂਥ ਕਾਂਗਰਸੀਆਂ ਵਿਚ ਭਾਰੀ ਖਿੱਚਾਧੂਹੀ ਹੋਈ |
ਪੁਲਿਸ ਕਾਰਵਾਈ ਦੌਰਾਨ ਪੰਜਾਬ ਯੂਥ ਕਾਂਗਰਸ ਪ੍ਰਧਾਨ ਬਰਿੰਦਰ ਢਿੱਲੋਂ ਦੀ ਪੱਗ ਵੀ ਉਤਰ ਗਈ | ਢਿੱਲੋਂ ਸਮੇਤ ਹੋਰ ਕਈ ਪ੍ਰਦਰਸ਼ਨਕਾਰੀਆਂ ਨੂੰ ਪੁਲਿਸ ਨੇ ਹਿਰਾਸਤ ਵਿਚ ਲਿਆ | ਢਿੱਲੋਂ ਨੇ ਸ਼ਾਂਤਮਈ ਪ੍ਰਦਰਸ਼ਨ ਉਪਰ ਦਿੱਲੀ ਪੁਲਿਸ ਦੀ ਕਾਰਵਾਈ ਦੀ ਨਿੰਦਾ ਕੀਤੀ | ਉਨ੍ਹਾਂ ਕਿਹਾ ਕਿ ਮੋਦੀ ਦੇ ਤਾਨਾਸ਼ਾਹ ਰਾਜ ਵਿਚ ਲੋਕਾਂ ਦੀ ਆਵਾਜ਼ ਵੀ ਡੰਡੇ ਨਾਲ ਕੁਚਲੀ ਜਾ ਰਹੀ ਹੈ | ਉਨ੍ਹਾਂ ਐਲਾਨ ਕੀਤਾ ਕਿ ਪੰਜਾਬ ਯੂਥ ਕਾਂਗਰਸ ਕਿਸਾਨਾਂ ਨਾਲ ਡੱਟ ਕੇ ਖੜੀ ਹੈ ਅਤੇ ਅੱਗੇ ਵੀ ਕੇਂਦਰੀ ਖੇਤੀ ਕਾਨੂੰਨਾਂ ਦੀ ਵਾਪਸੀ ਨੂੰ ਲੈ ਕੇ ਅੰਦੋਲਨ ਕਰਦੀ ਰਹੇਗੀ | ਇਸ ਪ੍ਰਦਰਸ਼ਨ ਮੌਕੇ ਆਲ ਇੰਡੀਆ ਯੂਥ ਕਾਂਗਰਸ ਪ੍ਰਧਾਨ ਸ੍ਰੀ ਬੀਨਿਵਾਸਨ ਵੀ ਮੌਜੂਦ ਰਹੇ |