
ਦੇਸ਼ ਦਾ ਅੰਨਦਾਤਾ ਅਡੋਲ, ਨਾ ਹੀ ਟੁੱਟੇਗਾ ਨਾ ਹੀ ਝੁਕੇਗਾ: ਚੜੂਨੀ
ਸਿਰਸਾ, 9 ਫ਼ਰਵਰੀ (ਸੁਰਿੰਦਰ ਪਾਲ ਸਿੰਘ): ਕਾਰਪੋਰੇਟ ਜਗਤ ਦੀ ਢਾਲ ਬਣੀ ਕੇਂਦਰ ਸਰਕਾਰ ਵਲੋਂ ਖੇਤੀ ਸਬੰਧੀ ਕਾਲੇ ਕਾਨੂੰਨ ਵਾਪਸ ਲੈਣ ਦੀ ਮੰਗ ਅਤੇ ਦੇਸ਼ ਦੇ ਕਿਸਾਨਾਂ ਉਤੇ ਢਾਹੇ ਜਾ ਰਹੇ ਅੰਨੇ ਜ਼ੁਲਮ ਨੂੰ ਲੈ ਕੇ ਹਰਿਆਣਾ ਦੇ ਕਿਸਾਨਾਂ ਦੀ ਯੋਗ ਅਗਵਾਈ ਕਰ ਰਹੇ ਸਿਰਸਾ ਦੇ ਜਨਤਾ ਭਵਨ ਪੁੱਜੇ ਕਿਸਾਨ ਨੇਤਾ ਗੁਰਨਾਮ ਸਿੰਘ ਚੜੂਨੀ ਨੇ ਕਿਹਾ ਕਿ ਸਰਕਾਰ ਅਪਣੇ ਗੁੰਡਿਆਂ ਵਲੋਂ ਸ਼ਾਤ ਮਈ ਕਿਸਾਨ ਅੰਦੋਲਨਕਾਰੀਆਂ ਉਤੇ ਹਮਲੇ ਕਰਵਾਉਣਦੇ ਨਾਲ ਨਾਲ ਪੁਲਿਸ ਵਲੋ ਅਤਿਆਚਾਰ ਵੀ ਕਰਵਾ ਰਹੀ ਹੈ | ਕਿਸਾਨ ਆਗੂ ਚੜੂਨੀ ਨੇ ਕਿਹਾ ਕਿ ਇਸ ਅੰਦੋਲਨ ਦੌਰਾਨ 200 ਕਿਸਾਨ ਸ਼ਹੀਦੀਆਂ ਪਾ ਚੁੱਕੇ ਹਨ | ਪਰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਉਨ੍ਹਾਂ ਦੇ ਫਿਰਕੂ ਟੋਲੇ ਨੇ ਹਾਲੇ ਤਕ ਦੇਸ਼ ਦੇ ਅੰਨਦਾਤੇ ਦੀਆਂ ਮੌਤਾਂ ਉਤੇ ਸੀ ਤਕ ਵੀ ਨਹੀਂ ਕੀਤੀ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਦੇਸ਼ ਨੂੰ ਆਰਥਕ ਗ਼ੁਲਾਮ ਬਣਾਏਗੀ | ਇਸੇ ਲਈ ਅਸੀ ਅੰਦੋਲਨ ਨੂੰ ਪੂਰੇ ਦੇਸ਼ ਵਿਚ ਫੈਲਾਉਣ ਲਈ ਪੂਰੇ ਦੇਸ਼ ਦੇ ਕਿਸਾਨਾਂ ਨੂੰ ਜੋੜ ਰਹੇ ਹਾਂ | ਕਿਸਾਨ ਨੇਤਾ ਚੜੂਨੀ ਨੇ ਕਿਹਾ ਕਿ ਸਾਡੇ ਕੋਲ ਦੋ ਚੀਜ਼ਾਂ ਹਨ, ਇਕ ਸਾਡੀ ਫ਼ਸਲ ਅਤੇ ਦੂਜੀ ਮਜ਼ਦੂਰੀ | ਪਰ ਸਾਡੇ ਕੋਲ ਫ਼ਸਲ ਦਾ ਹੇਠਲਾ ਭਾਅ ਵੀ ਨਹੀਂ ਹੈ |
image