
ਘੱਟ ਗਿਣਤੀ ਫ਼ਿਰਕਿਆਂ ਨਾਲ ਹੁੰਦੀ ਹਿੰਸਾ ਵਿਰੁਧ ਕੌਮਾਂਤਰੀ ਭਾਈਚਾਰੇ ਨੂੰ ਅੱਗੇ ਆਉਣਾ ਚਾਹੀਦੈ : ਬਾਬਾ ਬਲਬੀਰ ਸਿੰਘ
ਅੰਮ੍ਰਿਤਸਰ, 10 ਫ਼ਰਵਰੀ (ਪੱਤਰ ਪ੍ਰੇਰਕ): ਬੁੱਢਾ ਦਲ ਦੇ ਸਕੱਤਰ ਸ. ਦਿਲਜੀਤ ਸਿੰਘ ਬੇਦੀ ਵਲੋਂ ਜਾਰੀ ਬਿਆਨ ਵਿਚ ਘੱਟ ਗਿਣਤੀਆਂ ਨਾਲ ਹੁੰਦੀ ਬੇਇਨਸਾਫ਼ੀ ਸਬੰਧੀ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖ਼ਤ ਦੇ 14ਵੇਂ ਮੁਖੀ ਸ਼੍ਰੋਮਣੀ ਸੇਵਾ ਰਤਨ, ਸ਼੍ਰੋਮਣੀ ਪੰਥ ਰਤਨ, ਜਥੇਦਾਰ ਬਾਬਾ ਬਲਬੀਰ ਸਿੰਘ ਅਕਾਲੀ 96 ਕਰੋੜੀ ਨੇ ਕਿਹਾ ਕਿ ਧਾਰਮਕ ਆਜ਼ਾਦੀ ਦੇ ਖੇਤਰ ਵਿਚ ਕੰਮ ਕਰਨ ਵਾਲੀ ਅਮਰੀਕੀ ਸੰਸਥਾ ਯੂਐਸ ਕਮਿਸ਼ਨ ਔਨ ਇੰਟਰਨੈਸ਼ਨਲ ਰਿਲੀਜ਼ੀਅਸ ਫ਼ਰੀਡਮ ਦੀ 2011 ਦੀ ਰੀਪੋਰਟ ਨੇ ਕਈ ਸੰਵੇਦਨਸ਼ੀਲ ਮੁੱਦਿਆਂ ਨੂੰ ਉਭਾਰਿਆ ਸੀ, ਜਿਵੇਂ ਘੱਟ ਗਿਣਤੀ ਫ਼ਿਰਕੇ ਦੀਆਂ ਔਰਤਾਂ ਅਤੇ ਬੱਚਿਆਂ ਦੇ ਉਧਾਲੇ, ਉਨ੍ਹਾਂ ਨੂੰ ਇਸਲਾਮ ਧਾਰਨ ਕਰਨ ਲਈ ਮਜਬੂਰ ਕਰਨਾ, ਔਰਤਾਂ ਨਾਲ ਜਬਰ-ਜਨਾਹ ਅਤੇ ਜ਼ਬਰਦਸਤੀ ਵਿਆਹ-ਸ਼ਾਦੀਆਂ ਕਰਨ ਬਾਰੇ ਤੱਥ ਸਾਹਮਣੇ ਲਿਆਏ ਸਨ।
ਉਨ੍ਹਾਂ ਕਿਹਾ ਪਾਕਿਸਤਾਨ ਅਜਿਹਾ ਅਸਹਿਣਸ਼ੀਲ ਸਮਾਜ ਅਤੇ ਰਾਜ ਪ੍ਰਬੰਧ ਬਣ ਜਾਣਾ ਮੰਦਭਾਗਾ ਹੈ ਜਿਸ ਵਿਚ ਸੋੜੇ ਵਿਚਾਰਾਂ ਵਾਲੇ ਲੋਕਾਂ ਦਾ ਬੋਲਬਾਲਾ ਹੈ। ਘੱਟ ਗਿਣਤੀਆਂ ਨੂੰ ਹਿੰਸਾ ਦਾ ਨਿਸ਼ਾਨਾ ਬਣਾਇਆ ਜਾਂਦਾ ਹੈ।
ਉਨ੍ਹਾਂ ਕਿਹਾ ਕਿ ਭੂਟਾਨ ਤੋਂ ਸਿਵਾਏ ਦਖਣੀ ਏਸ਼ੀਆ ਦੇ ਸੱਭ ਦੇਸ਼ਾਂ ’ਚ ਘੱਟ ਗਿਣਤੀ ਫ਼ਿਰਕਿਆਂ ਨਾਲ ਸਿਰਫ਼ ਵਿਤਕਰਾ ਹੀ ਨਹੀਂ ਕੀਤਾ ਜਾਂਦਾ, ਸਗੋਂ ਹਿੰਸਾ ਦਾ ਸ਼ਿਕਾਰ ਵੀ ਬਣਾਇਆ ਜਾਂਦਾ ਹੈ। ਪਾਕਿਸਤਾਨ ’ਚ ਪਿਛਲੇ ਦਿਨੀਂ ਹਿੰਦੂ ਵਪਾਰੀਆਂ ਤੇ ਈਸਾਈ ਪਾਦਰੀ ਦਾ ਕਤਲ ਘੱਟ ਗਿਣਤੀ ਫ਼ਿਰਕਿਆਂ ਦੇ ਲੋਕਾਂ ’ਤੇ ਹੋ ਰਹੇ ਜਬਰ ਦੀ ਗਵਾਹੀ ਦਿੰਦੇ ਹਨ। ਸਿੰਧ ਵਿਚ ਹਿੰਦੂ ਵਪਾਰੀ ਸ਼ੈਤਾਨ ਲਾਲ ਦੀ ਹਤਿਆ ਕਰ ਦਿਤੀ ਗਈ, ਉਸ ਨੂੰ ਦੇਸ਼ ਛੱਡ ਕੇ ਜਾਣ ਦੀਆਂ ਧਮਕੀਆਂ ਦਿਤੀਆਂ ਗਈਆਂ ਸਨ। ਪੇਸ਼ਾਵਰ ਵਿਚ ਈਸਾਈ ਹਿੰਸਾ ਦਾ ਸ਼ਿਕਾਰ ਹੁੰਦੇ ਰਹੇ ਹਨ। ਪਾਕਿਸਤਾਨ ਵਿਚ ਈਸਾਈਆਂ ਦੀ ਗਿਣਤੀ ਕੁਲ ਵਸੋਂ ਦਾ ਸਿਰਫ਼ 1.27 ਫ਼ੀ ਸਦੀ ਹੈ।
ਨਿਹੰਗ ਮੁਖੀ ਬਾਬਾ ਬਲਬੀਰ ਸਿੰਘ ਨੇ ਕਿਹਾ ਕਿ ਮੀਡੀਏ ਰਾਹੀਂ ਮਿਲ ਰਹੀਆਂ ਰੀਪੋਰਟਾਂ ਅਨੁਸਾਰ ਪਾਕਿਸਤਾਨ ਦੇ ਘੱਟ ਗਿਣਤੀ ਭਾਈਚਾਰਿਆਂ ਦੇ ਲੋਕਾਂ ਵਿਚ ਡਰ ਤੇ ਸਹਿਮ ਦਾ ਮਾਹੌਲ ਹੈ। ਇਸ ਕਾਰਨ ਉਨ੍ਹਾਂ ਵਿਚ ਦੇਸ਼ ਛੱਡਣ ਦਾ ਰੁਝਾਨ ਵਧਿਆ ਹੈ। ਇਸ ਸਦੀ ਦੇ ਸ਼ੁਰੂ ਵਿਚ ਪਾਕਿਸਤਾਨ ਵਿਚ ਸਿੱਖਾਂ ਦੀ ਗਿਣਤੀ 40,000 ਤੋਂ ਵੱਧ ਸੀ ਜਿਹੜੀ ਹੁਣ 10,000 ਤੋਂ ਵੀ ਘੱਟ ਹੈ। ਉਨ੍ਹਾਂ ਕਿਹਾ ਦਖਣੀ ਦੇਸ਼ਾਂ ਦੀਆਂ ਮੁਸਲਮਾਨ ਜਥੇਬੰਦੀਆਂ ਨੂੰ ਪਾਕਿਸਤਾਨ ਵਿਚ ਘੱਟ ਗਿਣਤੀ ਫ਼ਿਰਕਿਆਂ ਦੇ ਲੋਕਾਂ ਨੂੰ ਨਿਸ਼ਾਨਾ ਬਣਾਏ ਜਾਣ ਵਿਰੁਧ ਆਵਾਜ਼ ਉਠਾਉਣੀ ਚਾਹੀਦੀ ਹੈ।
ਇਸੇ ਤਰ੍ਹਾਂ ਬੋਧੀ ਜਥੇਬੰਦੀਆਂ ਨੂੰ ਸ੍ਰੀਲੰਕਾ ਅਤੇ ਨਿਆਂ ਪਸੰਦ ਹਿੰਦੂ ਜਥੇਬੰਦੀਆਂ ਨੂੰ ਭਾਰਤ ਵਿਚ ਘੱਟ ਗਿਣਤੀਆਂ ਨਾਲ ਹੁੰਦੇ ਵਿਤਕਰਿਆਂ ਦਾ ਵਿਰੋਧ ਕਰਨਾ ਚਾਹੀਦਾ ਹੈ। ਜਦ ਕਿਸੇ ਧਰਮ ਨਾਲ ਜੁੜੇ ਲੋਕ ਘੱਟ ਗਿਣਤੀ ਫ਼ਿਰਕੇ ਨੂੰ ਨਿਸ਼ਾਨਾ ਬਣਾਉਂਦੇ ਹਨ ਤਾਂ ਇਹ ਫ਼ਰਜ਼ ਉਸ ਧਰਮ ਦੇ ਜ਼ਿੰਮੇਵਾਰ ਵਿਅਕਤੀਆਂ ’ਤੇ ਹੀ ਆਇਦ ਹੁੰਦਾ ਹੈ ਕਿ ਉਹ ਅਜਿਹੇ ਵਰਤਾਰੇ ਦਾ ਵਿਰੋਧ ਕਰਨ। ਕੌਮਾਂਤਰੀ ਭਾਈਚਾਰਾ ਵੀ ਇਸ ਵਿਚ ਅਹਿਮ ਭੂਮਿਕਾ ਨਿਭਾ ਸਕਦਾ ਹੈ। ਗੁਆਂਢੀ ਦੇਸ਼ਾਂ ਵਿਚ ਘੱਟ ਗਿਣਤੀ ਫ਼ਿਰਕਿਆਂ ਵਿਰੁਧ ਵਧਦੇ ਅਪਰਾਧਾਂ ਵਿਰੁਧ ਵੀ ਜ਼ੋਰਦਾਰ ਤਰੀਕੇ ਨਾਲ ਆਵਾਜ਼ ਉਠਣੀ ਚਾਹੀਦੀ ਹੈ।