
ਇਸ ਵਾਰ ਪੰਜਾਬ ਵਿਚ ਆਪ ਦੇ ਹੱਕ ਵਿਚ 13-0 ਹੋਵੇਗਾ
Punjab news: ਖੰਨਾ - ਪੰਜਾਬ ਦੇ ਖੰਨਾ ਤੋਂ ਆਮ ਆਦਮੀ ਪਾਰਟੀ (ਆਪ) ਨੇ ਘਰ-ਘਰ ਰਾਸ਼ਨ ਸਕੀਮ ਸ਼ੁਰੂ ਕੀਤੀ ਹੈ। ਪਾਰਟੀ ਸੁਪਰੀਮੋ ਅਰਵਿੰਦ ਕੇਜਰੀਵਾਲ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਘਰ-ਘਰ ਜਾ ਕੇ ਲੋਕਾਂ ਨੂੰ ਰਾਸ਼ਨ ਵੰਡਿਆ। ਉਨ੍ਹਾਂ ਇਸ ਸਕੀਮ ਬਾਰੇ ਲੋਕਾਂ ਨੂੰ ਜਾਣੂ ਕਰਵਾਇਆ। ਭਗਵੰਤ ਮਾਨ ਨੇ ਮਹਾਂ ਰੈਲੀ 'ਚ ਕਿਹਾ- ਜੋ ਆਟਾ ਉਨ੍ਹਾਂ ਦੇ ਅਤੇ ਉਨ੍ਹਾਂ ਦੇ ਮੰਤਰੀਆਂ ਦੇ ਘਰਾਂ 'ਚ ਪਕਾਇਆ ਜਾਂਦਾ ਹੈ, ਉਹ ਹੁਣ ਇਸ ਸਕੀਮ ਤਹਿਤ ਲੋਕਾਂ ਦੇ ਘਰਾਂ ਤੱਕ ਪਹੁੰਚੇਗਾ।
ਹੁਣ ਤੋਂ ਉਹ ਹਰ ਮਹੀਨੇ ਖ਼ੁਦ ਲੋਕਾਂ ਦੇ ਘਰ ਰਾਸ਼ਨ ਪਹੁੰਚਾਉਣ ਲਈ ਆਉਣਗੇ। ਜਿਸ ਨੂੰ ਆਟਾ ਚਾਹੀਦਾ ਹੈ ਉਸ ਨੂੰ ਆਟਾ ਦਿੱਤਾ ਜਾਵੇਗਾ ਅਤੇ ਜੋ ਚੌਲ ਚਾਹੁੰਦਾ ਹੈ, ਉਸ ਨੂੰ ਚੌਲ ਦਿੱਤਾ ਜਾਵੇਗਾ। ਸਰਕਾਰ ਚੰਗੀ ਕੁਆਲਿਟੀ ਦਾ ਆਟਾ ਦੇਵੇਗੀ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਡੇਅਰੀ ਉਦਯੋਗ ਬਾਰੇ ਗੱਲ ਕਰਦਿਆਂ ਕਿਹਾ ਕਿ ਡੇਅਰੀ ਪੰਜਾਬ ਵਿਚ ਕਿਸਾਨਾਂ ਦਾ ਦੂਜਾ ਸਭ ਤੋਂ ਵੱਡਾ ਧੰਦਾ ਹੈ। ਹੁਣ ਪੰਜਾਬ ਦੇ ਵੇਰਕਾ ਨੂੰ ਪ੍ਰਮੋਟ ਕੀਤਾ ਜਾਵੇਗਾ।
ਵੇਰਕਾ ਨੂੰ ਦਿੱਲੀ 'ਚ ਦੁੱਧ ਦੀ ਡਿਲੀਵਰੀ ਕਰਨ ਦੀ ਇਜਾਜ਼ਤ ਮਿਲ ਗਈ ਹੈ। ਹੁਣ ਵੇਰਕਾ ਆਪਣਾ ਦੁੱਧ ਅਤੇ ਉਤਪਾਦ ਦਿੱਲੀ ਲੈ ਕੇ ਜਾਵੇਗਾ। ਇਸ ਤੋਂ ਬਾਅਦ ਅਸੀਂ ਬੰਗਾਲ ਵੱਲ ਵਧਾਂਗੇ। ਇਸ ਦੇ ਨਾਲ ਹੀ ਮੁੱਖ ਮੰਤਰੀ ਭਗਵੰਤ ਮਾਨ ਨੇ ਲੋਕ ਸਭਾ ਚੋਣਾਂ ਬਾਰੇ ਗੱਸ ਕਰਦਿਆਂ ਕਿਹਾ ਕਿ ਇਸ ਮਹੀਨੇ ਦੇ ਆਖਿਰ ਤੱਕ ਪੰਜਾਬ ਅਤੇ ਚੰਡੀਗੜ੍ਹ ਦੀਆਂ ਸਾਰੀਆਂ 13 ਲੋਕ ਸਭਾ ਸੀਟਾਂ ਲਈ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਜਾਵੇਗਾ। ਹਰ ਕੋਈ ਜਿੱਤੇਗਾ, ਜੇ ਤੁਸੀਂ ਚਾਹੋਗੇ ਤਾਂ।
ਉਹਨਾਂ ਨੇ ਕਿਹਾ ਕਿ ਇਸ ਵਿਚ ਦੇਸ਼ ਵਿਚ ਪੰਜਾਬ ਹੀਰੋ ਬਣੇਗਾ ਤੇ ਪੰਜਾਬ ਵਿਚ ਆਪ ਦੇ ਹੱਕ ਵਿਚ 13-0 ਹੋਵੇਗਾ। ਅਕਾਲੀ ਦਲ ਦੀ ਪੰਜਾਬ ਬਚਾਓ ਯਾਤਰਾ ਨੂੰ ਲੈ ਕੇ ਮੁੱਖ ਮੰਤਰੀ ਭਗਵੰਤ ਮਾਨ ਨੇ ਤੰਜ਼ ਕੱਸਿਆ। ਉਹਨਾਂ ਨੇ ਕਿਹਾ ਕਿ ''ਇਹ ਪੰਜਾਬ ਬਚਾਓ ਯਾਤਰਾ ਨਹੀਂ, ਪਰਿਵਾਰ ਬਚਾਓ ਯਾਤਰਾ ਹੈ। ਰੱਬ ਦੀ ਚੱਕੀ ਹੌਲੀ ਚੱਲਦੀ ਹੈ ਪਰ ਪੀਸਦੀ ਬਾਰੀਕ ਹੈ। ਉਹਨਾਂ ਨੇ ਕਿਹਾ ਕਿ ਅਕਾਲੀ ਦਲ ਦਾ ਹੁਣ ਕੁੱਝ ਨਹੀਂ ਹੋ ਸਕਦਾ ਜਿਹਨਾਂ ਨੇ ਗੁਰੂ ਸਾਹਿਬ ਦੀ ਬੇਅਦਬੀ ਕੀਤੀ ਹੋਵੇ ਉਸ ਨੂੰ ਰੱਬ ਕਦੇ ਵੀ ਮਾਫ਼ ਨਹੀਂ ਕਰਦਾ।
(For more Punjabi news apart from 'Punjab News, stay tuned to Rozana Spokesman)