ਸਾਹਿਬਜ਼ਾਦਾ ਅਜੀਤ ਸਿੰਘ ਜੀ ਦੇ ਜਨਮ ਦਿਨ ’ਤੇ ਵਿਸ਼ੇਸ਼

By : JUJHAR

Published : Feb 11, 2025, 6:00 am IST
Updated : Feb 11, 2025, 6:00 am IST
SHARE ARTICLE
Special on the birthday of Sahibzada Ajit Singh Ji
Special on the birthday of Sahibzada Ajit Singh Ji

ਭੰਗਾਣੀ ਦੀ ਲੜਾਈ ਜਿੱਤਣ ਤੋਂ ਬਾਅਦ ਦਸਮੇਸ਼ ਪਿਤਾ ਨੇ ਨਾਮ ਰਖਿਆ ‘ਅਜੀਤ ਸਿੰਘ’

ਖ਼ਾਲਸੇ ਨੇ ਹਮੇਸ਼ਾ ਨਾ ਹੀ ਕਿਸੇ ’ਤੇ ਜ਼ੁਲਮ ਕੀਤਾ ਤੇ ਨਾ ਹੀ ਜ਼ੁਲਮ ਸਹਿਣ ਨਹੀਂ ਕੀਤਾ। ਗੁਰੂ ਸਾਹਿਬਾਨ ਵਲੋਂ ਦਿਤੇ ਗਏ ਸੰਦੇਸ਼ ਨੂੰ ਆਪਣੀ ਜ਼ਿੰਦਗੀ ’ਚ ਲਾਗੂ ਕਰਦਿਆਂ ਸਿੰਘਾਂ ਨੇ ਬੜੀ ਬਹਾਦਰੀ ਨਾਲ ਜ਼ੁਲਮ ਦਾ ਅੰਤ ਕੀਤਾ। ਇਕ ਅਜਿਹਾ ਹੀ ਸੂਰਬੀਰ ਯੋਧਾ ਮਹਾਂਬਲੀ ਜਿਨ੍ਹਾਂ ਦਾ ਨਾਮ ਅਸੀਂ ਬੜੇ ਸਤਿਕਾਰ ਨਾਲ ਲੈਂਦੇ ਹਾਂ ਉਹ ਹਨ ਸਾਹਿਬਜ਼ਾਦਾ ਅਜੀਤ ਸਿੰਘ ਜੀ।

PhotoPhoto

ਬਾਬਾ ਅਜੀਤ ਸਿੰਘ ਜੀ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਭ ਤੋਂ ਵੱਡੇ ਲਖਤ-ਏ-ਜ਼ਿਗਰ ਨੌਵੇਂ ਗੁਰੂ ਸ੍ਰੀ ਗੁਰੂ ਤੇਗ਼ ਬਹਾਦਰ ਸਾਹਿਬ ਜੀ ਦੇ ਪੋਤਰੇ ਅਤੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੜਪੋਤੇ ਸਨ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦਾ ਜਨਮ ਸੰਮਤ 1743 (ਦੇਸੀ ਮਹੀਨਾ 23 ਮਾਘ) ਮੁਤਾਬਕ 11 ਫ਼ਰਵਰੀ 1687 ਈ. ਨੂੰ ਹਿਮਾਚਲ ਪ੍ਰਦੇਸ਼ ਦੇ ਰਮਣੀਕ ਸਥਾਨ ਪਾਉਂਟਾ ਸਾਹਿਬ ਵਿਖੇ ਹੋਇਆ।

ਉਨ੍ਹਾਂ ਦਾ ਪਾਲਣ ਪੋਸ਼ਣ ਅਨੰਦਪੁਰ ਵਿੱਚ ਹੋਇਆ ਸੀ, ਜਿੱਥੇ ਉਨ੍ਹਾਂ ਦੀ ਸਿੱਖਿਆ ਵਿੱਚ ਧਾਰਮਕ ਗ੍ਰੰਥ, ਇਤਿਹਾਸ ਅਤੇ ਦਰਸ਼ਨ ਸ਼ਾਮਲ ਸਨ। ਉਨ੍ਹਾਂ ਨੇ ਜੀਵਨ ਸਿੰਘ (ਭਾਈ ਜੈਤਾ) ਤੋਂ ਸਵਾਰੀ ਅਤੇ ਤਲਵਾਰਬਾਜ਼ੀ ਅਤੇ ਤੀਰਅੰਦਾਜ਼ੀ ਦੀ ਮਾਰਸ਼ਲ ਆਰਟਸ ਦੀ ਸਿਖਲਾਈ ਪ੍ਰਾਪਤ ਕੀਤੀ। ਛੋਟੀ ਵਰੇਸ (ਅਵਸਥਾ) ’ਚ ਵਡੇਰੀ ਕੁਰਬਾਨੀ ਸਦਕਾ ਉਨ੍ਹਾਂ ਨੂੰ ਸਿੱਖ ਸਮਾਜ ’ਚ ਸਤਿਕਾਰ ਵਜੋਂ ਬਾਬਾ ਅਜੀਤ ਸਿੰਘ ਜੀ ਦੇ ਨਾਂ ਨਾਲ ਜਾਣਿਆ ਜਾਂਦਾ ਹੈ।

ਜਦੋਂ ਸਾਹਿਬਜ਼ਾਦੇ ਅਜੀਤ ਸਿੰਘ ਪੰਜ ਕੁ ਮਹੀਨਿਆਂ ਦੇ ਹੋਏ ਤਾਂ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਪਹਾੜੀ ਰਾਜਿਆਂ ਨਾਲ ਭੰਗਾਣੀ ਦੇ ਮੈਦਾਨ ’ਚ ਗਹਿਗੱਚ ਲੜਾਈ ਹੋਈ ਸੀ। ਇਸ ਲੜਾਈ ’ਚ ਗੁਰੂ ਦੀਆਂ ਫ਼ੌਜਾਂ ਦੀ ਮਹਾਨ ਜਿੱਤ ਸਦਕਾ ਸਾਹਿਬਾਜ਼ਾਦੇ ਦਾ ਨਾਂ ਅਜੀਤ ਸਿੰਘ ਰੱਖਿਆ ਗਿਆ। ਸਾਹਿਬਜ਼ਾਦਾ ਅਜੀਤ ਸਿੰਘ ਚੁਸਤ ਤੇ ਸਿਆਣੇ ਨੌਜਵਾਨ ਸਨ।

ਜਿਉਂ ਹੀ ਉਨ੍ਹਾਂ ਨੇ ਜਵਾਨੀ ਦੀ ਦਹਿਲੀਜ਼ ’ਚ ਪੈਰ ਰਖਿਆ, ਉਨ੍ਹਾਂ ਨੇ ਕੁਸ਼ਤੀ, ਘੋੜ-ਸਵਾਰੀ, ਤਲਵਾਰਬਾਜ਼ੀ ਅਤੇ ਬੰਦੂਕ ਚਲਾਉਣੀ ਸ਼ੁਰੂ ਕਰ ਦਿਤੀ। 12 ਸਾਲ ਦੀ ਉਮਰ ’ਚ ਜਦੋਂ ਉਹ 23 ਮਈ 1699 ਨੂੰ ਇਕ ਸੌ ਸਿੰਘਾਂ ਦਾ ਜਥਾ ਲੈ ਕੇ ਨੂਹ ਪਿੰਡ ਗਏ ਤਾਂ ਉਨ੍ਹਾਂ ਨੇ ਉਥੋਂ ਦੇ ਰੰਘੜਾਂ ਨੂੰ (ਜਿਨ੍ਹਾਂ ਨੇ ਪੋਠੋਹਾਰ ਦੀ ਸੰਗਤ ਨੂੰ ਅਨੰਦਪੁਰ ਆਉਂਦਿਆਂ ਲੁੱਟ ਲਿਆ ਸੀ) ਨੂੰ ਸਜ਼ਾ ਦਿਤੀ। 

ਸਹਿਬਜ਼ਾਦਾ ਅਜੀਤ ਸਿੰਘ ਜੀ ਨੇ ਨਾ ਕੇਵਲ ਆਪ ਧਾਰਮਕ, ਸਮਾਜਕ ਸਿੱਖਿਆ ਗ੍ਰਹਿਣ ਕੀਤੀ ਬਲਕਿ ਅਪਣੇ ਤੋਂ ਛੋਟੇ ਭਰਾਵਾਂ ਨੂੰ ਵੀ ਨੈਤਿਕ ਸਿੱਖਿਆ ਨਾਲ ਓਤ-ਪੋਤ ਕਰ ਦਿਤਾ। ਇਸੇ ਸਿੱਖਿਆ ਦਾ ਨਤੀਜਾ ਸੀ ਕਿ ਬਾਬਾ ਅਜੀਤ ਸਿੰਘ ਦੀ ਸ਼ਹੀਦੀ ਤੋਂ ਬਾਅਦ ਬਾਬਾ ਜੁਝਾਰ ਸਿੰਘ ਨੇ ਜੰਗ-ਏ-ਮੈਦਾਨ ’ਚ ਜਾਣ ਦੀ ਤਿਆਰੀ ਕਰ ਲਈ ਤੇ ਛੋਟੇ ਸਾਹਿਬਜ਼ਾਦਿਆਂ ਨੇ ਵਜ਼ੀਰ ਖ਼ਾਨ ਦੀ ਈਨ ਨਹੀਂ ਮੰਨੀ।

29 ਅਗਸਤ 1700 ਨੂੰ ਜਦੋਂ ਪਹਾੜੀ ਰਾਜਿਆਂ ਨੇ ਤਾਰਾਗੜ੍ਹ ਕਿਲ੍ਹੇ ’ਤੇ ਹਮਲਾ ਕੀਤਾ ਸੀ ਤਾਂ ਬਾਬਾ ਜੀ ਨੇ ਬੜੀ ਸੂਰਬੀਰਤਾ ਨਾਲ ਉਨ੍ਹਾਂ ਦਾ ਸਾਹਮਣਾ ਕੀਤਾ। ਅਕਤੂਬਰ ਦੇ ਸ਼ੁਰੂਆਤੀ ਦਿਨਾਂ ’ਚ ਜਦੋਂ ਪਹਾੜੀ ਰਾਜਿਆਂ ਨੇ ਨਿਰਮੋਹਗੜ੍ਹ ’ਤੇ ਧਾਵਾ ਬੋਲਿਆ, ਉਸ ਵੇਲੇ ਵੀ ਸਾਹਿਬਜ਼ਾਦਾ ਅਜੀਤ ਸਿੰਘ ਨੇ ਦਸਮ ਪਿਤਾ ਜੀ ਦਾ ਡਟਵਾਂ ਸਾਥ ਦਿਤਾ। ਇਕ ਦਿਨ ਕਲਗ਼ੀਧਰ ਪਾਤਸ਼ਾਹ ਜੀ ਦਾ ਦਰਬਾਰ ਸਜਿਆ ਹੋਇਆ ਸੀ।

ਇਕ ਗ਼ਰੀਬ ਬ੍ਰਾਹਮਣ ਦੇਵਦਾਸ ਰੋਂਦਾ-ਕੁਰਲਾਉਂਦਾ ਆਇਆ ਤੇ ਕਹਿਣ ਲੱਗਾ, ‘ਮੈਂ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਬੱਸੀ ਦਾ ਰਹਿਣ ਵਾਲਾ ਹਾਂ। ਪਿੰਡ ਦੇ ਪਠਾਣਾਂ ਨੇ ਮੇਰੇ ਨਾਲ ਧੱਕੇਸ਼ਾਹੀ ਕੀਤੀ ਹੈ। ਮੇਰੀ ਕੁੱਟਮਾਰ ਕਰ ਕੇ ਮੇਰੀ ਪਤਨੀ ਵੀ ਮੇਰੇ ਕੋਲੋਂ ਖੋਹ ਲਈ ਹੈ। ਹੋਰ ਕਿਸੇ ਨੇ ਮੇਰੀ ਫ਼ਰਿਆਦ ਵਲ ਧਿਆਨ ਨਹੀਂ ਦਿਤਾ। ਗੁਰੂ ਨਾਨਕ ਦਾ ਦਰ ਹਮੇਸ਼ਾ ਨਿਮਾਣਿਆਂ ਦਾ ਮਾਣ ਬਣਦਾ ਆ ਰਿਹਾ ਹੈ, ਸੋ ਕਿਰਪਾ ਕਰੋ ਮੇਰੀ ਇੱਜ਼ਤ ਮੈਨੂੰ ਵਾਪਸ ਦਿਵਾ ਦਿਉ।

ਮੈਂ ਸਦਾ ਵਾਸਤੇ ਗੁਰੂ ਨਾਨਕ ਦੇ ਘਰ ਦਾ ਰਿਣੀ ਰਹਾਂਗਾ।’”ਗੁਰੂ ਸਾਹਿਬ ਜੀ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਹੋਰ ਸਿੰਘਾਂ ਨੂੰ ਨਾਲ ਲੈ ਕੇ ਜਾਬਰ ਖ਼ਾਂ ਤੋਂ ਦੇਵਦਾਸ ਦੀ ਪਤਨੀ ਨੂੰ ਛੁਡਾ ਕੇ ਲਿਆਉਣ ਲਈ ਕਿਹਾ। ਸਾਹਿਬਜ਼ਾਦਾ ਅਜੀਤ ਸਿੰਘ ਨੇ 100 ਘੋੜ ਸਵਾਰ ਸਿੰਘਾਂ ਦਾ ਜਥਾ ਨਾਲ ਲੈ ਕੇ ਬੱਸੀ ਪਿੰਡ ’ਤੇ ਧਾਵਾ ਬੋਲ ਦਿਤਾ। ਉਨ੍ਹਾਂ ਜਾਬਰ ਖ਼ਾਂ ਦੀ ਹਵੇਲੀ ਨੂੰ ਘੇਰ ਲਿਆ ਤੇ ਗ਼ਰੀਬ ਬ੍ਰਾਹਮਣ ਦੀ ਪਤਨੀ ਨੂੰ ਜ਼ਾਲਮ ਦੇ ਪੰਜੇ ’ਚੋਂ ਛੁਡਾ ਲਿਆ ਅਤੇ ਜਾਬਰ ਖ਼ਾਂ ਨੂੰ ਢੁਕਵੀਂ ਸਜ਼ਾ ਦਿਤੀ। 

ਆਨੰਦਪੁਰ ਸਾਹਿਬ ’ਚ ਹੋਏ ਮੁਗ਼ਲਾਂ ਤੇ ਪਹਾੜੀਆਂ ਦੇ ਹਮਲਿਆਂ ਦਾ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੇ ਦਲੇਰਾਨਾ ਤੇ ਸੂਝਪੂਰਵਕ ਢੰਗ ਨਾਲ ਸਾਹਮਣਾ ਕੀਤਾ। ਆਨੰਦਪੁਰ ਸਾਹਿਬ ਦੀ ਛੇਕੜਲੀ ਲੜਾਈ ਸਮੇਂ ਪਹਾੜੀ ਰਾਜਿਆਂ ਤੇ ਮੁਗ਼ਲਾਂ ਦੀਆਂ ਫ਼ੌਜਾਂ ਨੇ ਆਨੰਦਪੁਰ ਸਾਹਿਬ ਨੂੰ ਅੱਧੇ ਸਾਲ ਤੋਂ ਵੱਧ ਸਮਾਂ ਘੇਰਾ ਪਾਈ ਰੱਖਿਆ। ਪੰਜ ਪਿਆਰਿਆਂ ਵਲੋਂ ਜਾਰੀ ਕੀਤੇ ਗਏ ਹੁਕਮਨਾਮੇ ਤੋਂ ਬਾਅਦ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਸੰਬਰ 1704 ਨੂੰ ਆਨੰਦਪੁਰ ਸਾਹਿਬ ਤੋਂ ਜਾਣ ਦਾ ਫ਼ੈਸਲਾ ਲਿਆ।

ਗੁਰੂ ਪਰਿਵਾਰ ਤੇ ਖ਼ਾਲਸਾ ਫ਼ੌਜ ਅਜੇ ਸਰਸਾ ਨਦੀ ਨੇੜੇ ਪਹੁੰਚੇ ਹੀ ਸਨ ਕਿ ਦੁਸ਼ਮਣ ਦੀ ਫ਼ੌਜ ਨੇ ਉਨ੍ਹਾਂ ’ਤੇ ਹਮਲਾ ਕਰ ਦਿਤਾ। ਸਾਹਿਬਜ਼ਾਦਾ ਅਜੀਤ ਸਿੰਘ ਜੀ ਦੀ ਕਮਾਂਡ ਹੇਠ ਕੁਝ ਸ਼ੇਰਦਿਲ ਸਿੰਘਾਂ ਨੇ ਦੁਸ਼ਮਣ ਦੇ ਟਿੱਡੀ ਦਲ ਨੂੰ ਉਸ ਸਮੇਂ ਤਕ ਰੋਕੀ ਰੱਖਿਆ ਜਿੰਨੀ ਦੇਰ ਤਕ ਗੁਰੂ ਪਿਤਾ ਅਤੇ ਉਨ੍ਹਾਂ ਦੇ ਸਹਿਯੋਗੀ ਸਰਸਾ ਨਦੀ ’ਚ ਨਾ ਠਿੱਲ੍ਹ ਪਏ। ਪਿੱਛੋਂ ਉਹ ਆਪਣੇ ਸਾਥੀਆਂ ਸਮੇਤ ਆਪ ਵੀ ਨਦੀ ਪਾਰ ਕਰ ਗਏ।

ਨਦੀ ਪਾਰ ਕਰਨ ਤੋਂ ਬਾਅਦ ਗੁਰੂ ਸਾਹਿਬ ਤੇ ਖ਼ਾਲਸਾਈ ਫ਼ੌਜ ਦੇ ਕੁਝ ਕੁ ਗਿਣਤੀ (40) ਸਿੰਘਾਂ ਨੇ ਚਮਕੌਰ ਸਾਹਿਬ ’ਚ ਇਕ ਗੜ੍ਹੀਨੁਮਾ ਕੱਚੀ ਹਵੇਲੀ ’ਚ ਸ਼ਰਨ ਲੈ ਲਈ। ਗੁਰੂ ਸਾਹਿਬ ਨੇ ਇੱਥੋਂ ਹੀ ਦੁਸ਼ਮਣ ਦੀ ਫ਼ੌਜ ਨਾਲ ਲੋਹਾ ਲੈਣ ਦਾ ਮਨ ਬਣਾ ਲਿਆ। ਪੰਜ-ਪੰਜ ਸਿੰਘਾਂ ਦੇ ਜਥੇ ਵਾਰੋ-ਵਾਰੀ ਦੁਸ਼ਮਣਾਂ ਨਾਲ ਜੂਝ ਕੇ ਸ਼ਹੀਦੀਆਂ ਪ੍ਰਾਪਤ ਕਰਨ ਲੱਗੇ।

ਸਿੰਘਾਂ ਨੂੰ ਜੂਝਦਿਆਂ ਦੇਖ ਕੇ ਬਾਬਾ ਅਜੀਤ ਸਿੰਘ ਦਾ ਖ਼ੂਨ ਵੀ ਉਬਾਲੇ ਖਾਣ ਲੱਗਿਆ। ਜਦੋਂ ਉਨ੍ਹਾਂ ਨੇ ਗੁਰੂ ਪਿਤਾ ਜੀ ਕੋਲੋਂ ਮੈਦਾਨ-ਏ-ਜੰਗ ’ਚ ਜਾਣ ਦੀ ਆਗਿਆ ਮੰਗੀ ਤਾਂ ਕਲਗ਼ੀਧਰ ਪਾਤਸ਼ਾਹ ਜੀ ਨੇ ਪੁੱਤਰ ਨੂੰ ਘੁੱਟ ਕੇ ਛਾਤੀ ਨਾਲ ਲਾ ਲਿਆ। ਉਨ੍ਹਾਂ ਇੰਨੀ ਖ਼ੁਸ਼ੀ ਅਤੇ ਉਤਸ਼ਾਹ ਨਾਲ ਸਾਹਿਬਜ਼ਾਦਾ ਅਜੀਤ ਸਿੰਘ ਜੀ ਨੂੰ ਜੰਗ ਵੱਲ ਤੋਰਿਆ, ਜਿੰਨੇ ਚਾਅ ਨਾਲ ਜੰਝ ਚਾੜ੍ਹੀਦੀ ਹੈ। ਉਨ੍ਹਾਂ ਦੇ ਸੀਸ ’ਤੇ ਹੀਰਿਆਂ ਨਾਲ ਜੜੀ ਸੁੰਦਰ ਕਲਗ਼ੀ ਝਲਕਾਂ ਮਾਰ ਰਹੀ ਸੀ।

ਜਦੋਂ ਉਹ ਬਾਹਰ ਨਿਕਲੇ ਤਾਂ ਮੁਗ਼ਲਾਂ ਦੀਆਂ ਫ਼ੌਜਾਂ ਨੂੰ ਲੱਗਾ ਜਿਵੇਂ ਦਸ਼ਮ ਪਿਤਾ ਜੀ ਆਪ ਗੜੀ ’ਚੋਂ ਬਾਹਰ ਆ ਗਏ ਹੋਣ। ਉਸ ਸਮੇਂ ਜਿਧਰ ਕਿਸੇ ਨੂੰ ਰਾਹ ਮਿਲਿਆ ਉਧਰ ਹੀ ਡਰਦਾ ਹੋਇਆ ਦੌੜ ਗਿਆ। ਵੱਡੀ ਗਿਣਤੀ ’ਚ ਵੈਰੀਆਂ ਨੂੰ ਸਦਾ ਦੀ ਨੀਂਦ ਬਖ਼ਸ਼ ਕੇ ਬਾਬਾ ਅਜੀਤ ਸਿੰਘ ਜੀ ਆਪ ਵੀ ਸ਼ਹਾਦਤ ਪ੍ਰਾਪਤ ਕਰ ਗਏ।

ਨਾਮ ਹੈ ਅਜੀਤ ਜੀਤਾ ਨਹੀਂ ਜਾਊਂਗਾ, ਅਗਰ ਹਾਰਾ ਤੋ ਜੀਤਾ ਨਹੀਂ ਆਊਂਗਾ


ਇਤਿਹਾਸ ਵਿਚ ਜ਼ਿਕਰ ਮਿਲਦਾ ਕਿ ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜ਼ਮੀਨ ’ਤੇ ਡਿੱਗੇ ਸੀ ਤਾਂ ਉਨ੍ਹਾਂ ਦੇ ਸਰੀਰ ਉਪਰ ਤਿੰਨ ਸੌ ਤੋਂ ਵੱਧ ਫੱਟਾਂ ਦੇ ਵਾਰ ਸੀ।
ਜਦੋਂ ਸਾਹਿਬਜ਼ਾਦਾ ਅਜੀਤ ਸਿੰਘ ਜੀ ਸ਼ਹੀਦ ਹੁੰਦੇ ਹਨ ਤਾਂ ਗੁਰੂ ਪਾਤਸ਼ਾਹ ਜੀ ਚਮਕੌਰ ਦੀ ਗੜ੍ਹੀ ਦੀ ਮੰਮਟੀ ਤੇ ਖੜ੍ਹ ਕੇ ਗੁਰੂ ਗੋਬਿੰਦ ਸਿੰਘ ਜੀ ਜੈਕਾਰਾ ਛੱਡਦੇ ਹਨ। ਗੁਰੂ ਪਾਤਸ਼ਾਹ ਜੀ ਸ਼ਾਬਾਸ਼ ਦਿੰਦੇ ਹੋਏ ਕਹਿੰਦੇ ਹਨ :
‘ਕੁਰਬਾਨ ਪਿਦਰ ਸ਼ਾਬਾਸ਼ ਖ਼ੂਬ ਲੜੇ ਹੋ,
ਕਿਉਂ ਨਾ ਹੋ ਗੋਬਿੰਦ ਕੇ ਫ਼ਰਜ਼ੰਦ ਬੜੇ ਹੋ’

ਜਿੱਥੇ ਬਾਬਾ ਅਜੀਤ ਸਿੰਘ ਜੀ ਅਤੇ ਬਾਬਾ ਜੁਝਾਰ ਸਿੰਘ ਜੀ ਨੇ ਸ਼ਹਾਦਤ ਪ੍ਰਾਪਤ ਕੀਤੀ ਉਸ ਮੁਕੱਦਸ ਅਸਥਾਨ ਦੀ ਵਡਿਆਈ ਜੋਗੀ ਅੱਲਾ ਯਾਰ ਖ਼ਾਂ ਵਲੋਂ ਕੁਝ ਇਸ ਕਦਰ ਕੀਤੀ ਗਈ ਹੈ।

ਬੱਸ ਏਕ ਹੀ ਤੀਰਥ ਹੈ ਹਿੰਦ ਮੇਂ ਯਾਤਰਾ ਕੇ ਲੀਏ।
ਕਟਵਾਏ ਬਾਪ ਨੇ ਬੇਟੇ ਜਹਾਂ ਖ਼ੁਦਾ ਕੇ ਲੀਏ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement