
ਚੋਣ ਨਤੀਜਿਆਂ ਤੋਂ ਪਹਿਲਾਂ ਮੁੱਖ ਮੰਤਰੀ ਚੰਨੀ ਦੇ ਜ਼ਿਲ੍ਹੇ ਵਿਚ ਹੋਇਆ ਜ਼ਬਰਦਸਤ ਧਮਾਕਾ
ਪੁਲਿਸ ਚੌਕੀ ਕਲਵਾਂ ਨੂੰ ਬਣਾਇਆ ਨਿਸ਼ਾਨਾ, ਪੁਲਿਸ ਜਾਂਚ ਵਿਚ ਜੁਟੀ
ਨੂਰਪੁਰ ਬੇਦੀ, 9 ਮਾਰਚ (ਅਮਰੀਕ ਸਿੰਘ ਚਨੌਲੀ) : ਇਥੋਂ ਨਜ਼ਦੀਕੀ ਅੱਡਾ ਕਲਵਾਂ ਮੌੜ ਵਿਖੇ ਉਦੋਂ ਹਫ਼ੜਾ ਦਫੜੀ ਵਾਲਾ ਮਾਹੌਲ ਪੈਦਾ ਹੋ ਗਿਆ, ਜਦੋਂ ਇਕ ਜ਼ਬਰਦਸਤ ਧਮਾਕੇ ਨਾਲ ਸਾਰਾ ਆਲਾ ਦੁਆਲਾ ਕੰਬ ਉੱਠਿਆ |
ਮਿਲੀ ਜਾਣਕਾਰੀ ਅਨੁਸਾਰ ਲੰਘੀ ਰਾਤ ਸਾਢੇ ਗਿਆਰਾਂ ਵਜੇ ਦੇ ਕਰੀਬ ਪੁਲਿਸ ਚੌਂਕੀ ਕਲਵਾਂ ਦੀ ਬਾਹਰਲੀ ਕੰਧ ਦੇ ਨਜ਼ਦੀਕ ਇਕ ਜ਼ੋਰਦਾਰ ਧਮਾਕਾ ਹੋਇਆ ਜਿਸ ਨਾਲ ਪੁਲਿਸ ਚੌਂਕੀ ਦੀ ਇਮਾਰਤ ਦੀ ਬਾਹਰਲੀ ਕੰਧ ਵਿਚ ਇਕ ਵੱਡਾ ਛੇਦ ਪੈ ਗਿਆ | ਘਟਨਾ ਸਥਾਨ ਨਜ਼ਦੀਕ ਰਹਿ ਰਹੇ ਲੋਕ, ਜਿਹੜੇ ਕਿ ਉਸ ਵੇਲੇ ਗੂੜ੍ਹੀ ਨੀਂਦ ਵਿਚ ਸੁੱਤੇ ਹੋਏ ਸਨ, ਧਮਾਕੇ ਦੀ ਆਵਾਜ਼ ਸੁਣ ਕੇ ਅਪਣੇ ਘਰਾਂ ਤੋਂ ਬਾਹਰ ਨਿਕਲ ਆਏ | ਮੌਕੇ ਤੇ ਇਕੱਤਰ ਕੀਤੀ ਜਾਣਕਾਰੀ ਅਨੁਸਾਰ ਇਸ ਧਮਾਕੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ |
ਇਸ ਘਟਨਾ ਸਬੰਧੀ ਪਹਿਲਾਂ ਲੋਕਾਂ ਦਾ ਮੰਨਣਾ ਸੀ ਕਿ ਕਿਸੇ ਗੱਡੀ ਦੇ ਟਾਇਰ ਫੱਟਣ ਦੀ ਆਵਾਜ਼ ਵੀ ਹੋ ਸਕਦੀ ਹੈ | ਪਰ ਜਾਂਚ ਦੌਰਾਨ ਪੁਲਿਸ ਚੌਕੀ ਦੀ ਕੰਧ ਵਿਚ ਪਿਆ ਵੱਡਾ ਪਾੜ ਅਤੇ ਕਈ ਕਿਲੋਮੀਟਰ ਤਕ ਪੁੱਜੀ ਧਮਾਕੇ ਦੀ ਆਵਾਜ਼ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਕਰਦਾ ਹੈ | ਇਸ ਘਟਨਾ ਦੇ ਕਾਰਨਾਂ ਦਾ ਪਤਾ ਲਗਾਉਣ ਲਈ ਪੁਲਿਸ ਜਾਂਚ ਵਿਚ ਜੁਟੀ ਹੋਈ ਹੈ | ਇਸ ਮੌਕੇ ਥਾਣਾ ਨੂਰਪੁਰ ਬੇਦੀ ਦੇ ਐਸ.ਐਚ.ਓ. ਬਿਕਰਮਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਧਮਾਕੇ ਦੇ ਕਾਰਨਾਂ ਦੀ ਜਾਂਚ ਲਈ ਵਿਸ਼ੇਸ਼ ਤੌਰ ਤੇ ਮੋਬਾਈਲ ਫ਼ੋਰੇਂਸਿਕ ਸਾਇੰਸ ਯੂਨਿਟ ਮਾਹਰਾਂ ਦੀ ਟੀਮ ਜਾਂਚ ਕਰ ਰਹੀ ਹੈ | ਉਨ੍ਹਾਂ ਕਿਹਾ ਕਿ ਨੇੜਲੇ ਇਲਾਕੇ ਦੇ ਸੀ. ਸੀ. ਟੀ. ਵੀ. ਕੈਮਰਿਆਂ ਨੂੰ ਖੰਗਾਲਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਵਿਚ ਚੋਣਾਂ ਦਾ ਦੌਰ ਅਤੇ ਵਿਸਵ ਪ੍ਰਸਿੱਧ ਹੋਲਾ ਮਹੱਲਾ ਨੂੰ ਦੇਖਦੇ ਹੋਏ ਪੁਲਿਸ ਹਰ ਪਹਿਲੂ ਤੋਂ ਪੂਰੀ ਮੁਸਤੈਦੀ ਨਾਲ ਜਾਂਚ ਕਰ ਰਹੀ ਹੈ | ਉਨ੍ਹਾਂ ਨੇ ਲੋਕਾਂ ਨੂੰ ਕਿਹਾ ਕਿ ਉਨ੍ਹਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ, ਪੁਲਿਸ ਉਨ੍ਹਾਂ ਦੇ ਜਾਨ ਮਾਲ ਦੀ ਰਾਖੀ ਲਈ ਪੂਰੀ ਮੁਸਤੈਦੀ ਨਾਲ ਕੰਮ ਕਰ ਰਹੀ ਹੈ |
ਲੋਕਾਂ ਵਿੱਚ ਡਰ ਦਾ ਮਾਹੌਲ : ਭਾਵੇਂ ਇਸ ਘਟਨਾ ਕਾਰਨ ਕਿਸੇ ਅਣਸੁਖਾਵੀਂ ਘਟਨਾ ਤੋਂ ਬਚਾਅ ਹੋ ਗਿਆ, ਪਰ ਲੋਕਾਂ ਵਿਚ ਡਰ ਦਾ ਮਾਹੌਲ ਦੇਖਣ ਨੂੰ ਮਿਲਿਆ | ਗੌਰਤਲਬ ਹੈ ਕਿ ਘਟਨਾ ਸਥਾਨ ਨੇੜੇ ਕੁੱਝ ਦੁਕਾਨਦਾਰ ਅਤੇ ਕੱੁਝ ਪ੍ਰਵਾਸੀ ਮਜ਼ਦੂਰਾਂ ਦੇ ਘਰ ਹਨ, ਜੋ ਧਮਾਕੇ ਦੀ ਆਵਾਜ਼ ਸੁਣ ਕੇ ਘਬਰਾ ਗਏ |
ਇਲਾਕੇ ਨੇ ਧਾਰਿਆ ਪੁਲਿਸ ਛਾਉਣੀ ਦਾ ਰੂਪ : ਧਮਾਕੇ ਦੀ ਖ਼ਬਰ ਸੁਣਦਿਆਂ ਹੀ ਜ਼ਿਲ੍ਹੇ ਦੇ ਉੱਚ ਅਧਿਕਾਰੀ ਵੱਖ ਵੱਖ ਜਾਂਚ ਟੀਮਾਂ ਲੈ ਕੇ ਘਟਨਾ ਸਥਾਨ ਤੇ ਪਹੁੰਚ ਗਏ | ਸਮੁੱਚਾ ਖੇਤਰ ਛਾਉਣੀ ਵਿਚ ਬਦਲ ਗਿਆ | ਘਟਨਾ ਸਥਾਨ ਨੂੰ ਚਾਰੇ ਪਾਸਿਓ ਘੇਰਾ ਪਾ ਕੇ ਹਰੇਕ ਪਹਿਲੂ ਤੇ ਨਜਰ ਰੱਖੀ ਜਾ ਰਹੀ ਸੀ | ਇਸ ਮੌਕੇ ਏ.ਡੀ.ਜੀ.ਪੀ. ਅਨੰਨਿਆ ਗੌਤਮ, ਆਈ.ਜੀ. ਅਰੁਣ ਮਿੱਤਲ, ਐੱਸ. ਐੱਸ. ਪੀ. ਵਿਵੇਕ ਸੋਨੀ, ਐੱਸ.ਪੀ.ਡੀ. ਗੁਰਬੀਰ ਸਿੰਘ ਅਟਵਾਲ, ਡੀ.ਐੱਸ.ਪੀ. ਅਜੇ ਸਿੰਘ, ਥਾਣਾ ਮੁਖੀ ਨੂਰਪੁਰ ਬੇਦੀ ਬਿਕਰਮਜੀਤ ਸਿੰਘ ਆਦਿ ਵੱਡੀ ਗਿਣਤੀ ਵਿਚ ਪੁਲਿਸ ਮੁਲਾਜ਼ਮ ਹਾਜ਼ਰ ਸਨ |
ਫੋਟੋ ਰੋਪੜ-9-21 ਤੋਂ ਪ੍ਰਾਪਤ ਕਰੋ ਜੀ |