
ਚੋਣ ਸਰਵੇਖਣਾਂ ਨੇ ਡੇਰੇਦਾਰਾਂ ਦੀ ਉਡਾਈ ਨੀਂਦ
ਡੇਰੇਦਾਰਾਂ ਦੇ ਵਕਾਰ ਸਮੇਤ ਭਾਜਪਾ ਤੇ ਅਕਾਲੀਆਂ ਦੀ ਹਮਾਇਤ ਕਰਨ ਵਾਲੇ ਡੇਰੇਦਾਰ ਚਿੰਤਾ 'ਚ
ਕੋਟਕਪੂਰਾ, 9 ਮਾਰਚ (ਗੁਰਿੰਦਰ ਸਿੰਘ) : ਭਾਵੇਂ ਐਗਜ਼ਿਟ ਪੋਲ ਸਟੀਕ ਹੋਣ ਨੂੰ ਮਾਨਤਾ ਨਹੀਂ ਦਿਤੀ ਜਾ ਸਕਦੀ ਤੇ 10 ਮਾਰਚ ਨੂੰ ਸੱਭ ਕੱੁਝ ਸਾਹਮਣੇ ਆ ਜਾਵੇਗਾ ਪਰ ਜਿਵੇਂ ਪੰਜਾਬ ਵਿਧਾਨ ਸਭਾ ਚੋਣਾਂ ਵਿਚ ਤਿੰਨ ਸਾਬਕਾ ਮੁੱਖ ਮੰਤਰੀਆਂ ਸਮੇਤ 6 ਪਾਰਟੀਆਂ ਦੇ ਪ੍ਰਧਾਨਾ ਦਾ ਸਿਆਸੀ ਭਵਿੱਖ ਦਾਅ 'ਤੇ ਲੱਗ ਗਿਆ ਹੈ | ਇਕ ਦਰਜਨ ਸੀਟਾਂ ਦੀ ਦਿਲਚਸਪ ਟੱਕਰ 'ਤੇ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਹਨ |
ਬਾਦਲ ਪ੍ਰਵਾਰ ਦੀਆਂ ਪੰਜ ਸੀਟਾਂ ਸਮੇਤ ਕੈਪਟਨ ਅਮਰਿੰਦਰ ਸਿੰਘ, ਰਾਜਿੰਦਰ ਕੌਰ ਭੱਠਲ, ਨਵਜੋਤ ਸਿੱਧੂ ਦੀ ਇਕ-ਇਕ ਅਤੇ ਚਰਨਜੀਤ ਸਿੰਘ ਚੰਨੀ ਦੀਆਂ ਦੋਵੇਂ ਸੀਟਾਂ ਉਪਰ ਮੁਕਾਬਲਾ ਵੀ ਬੜਾ ਦਿਲਚਸਪ ਮੰਨਿਆ ਗਿਆ | ਉਸੇ ਤਰ੍ਹਾਂ ਉਕਤ ਸਿਆਸਤਦਾਨਾਂ ਨਾਲੋਂ ਵੀ ਜ਼ਿਆਦਾ ਡੇਰੇਦਾਰਾਂ ਦੇ ਵਕਾਰ ਦਾ ਵੀ 10 ਮਾਰਚ ਦੇ ਨਤੀਜੇ ਫ਼ੈਸਲਾ ਕਰਨਗੇ, ਕਿਉਂਕਿ ਪਿਛਲੀਆਂ ਚੋਣਾਂ ਦੇ ਮੁਕਾਬਲੇ ਇਸ ਵਾਰ ਡੇਰੇਦਾਰਾਂ ਨੇ ਵੀ ਅਪਣਾ ਪ੍ਰਭਾਵ ਛੱਡਣ ਦੀ ਪੂਰੀ ਕੋਸ਼ਿਸ਼ ਕੀਤੀ | ਦਮਦਮੀ ਟਕਸਾਲ ਦੇ ਮੁਖੀ ਹਰਨਾਮ ਸਿੰਘ ਧੰੁਮਾ ਦੀ ਤਸਵੀਰ ਵਾਲੇ ਸੰਤ ਸਮਾਜ ਵਲੋਂ ਅਕਾਲੀ ਦਲ ਨੂੰ ਹਮਾਇਤ ਦੇ ਇਸ਼ਤਿਹਾਰ ਵੀ ਲੱਗੇ ਅਤੇ ਖ਼ਬਰਾਂ ਰਾਹੀਂ ਉਨ੍ਹਾਂ ਅਕਾਲੀ ਦਲ ਨੂੰ ਹੀ ਪੰਥ ਦੀ ਨੁਮਾਇੰਦਾ ਪਾਰਟੀ ਆਖਦਿਆਂ ਵੋਟਾਂ ਪਾਉਣ ਦੀ ਅਪੀਲ ਵੀ ਕੀਤੀ | ਸੌਦਾ ਸਾਧ ਨੇ ਵੱਖ ਵੱਖ ਸੀਟਾਂ 'ਤੇ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਸਮਰਥਨ ਦੇਣ ਅਰਥਾਤ ਵੋਟਾਂ ਪਾਉਣ ਦਾ ਫੁਰਮਾਨ ਜਾਰੀ ਕਰ ਦਿਤਾ | ਜਲੰਧਰ ਦੇ ਡੇਰਾ ਬੱਲਾਂ ਦਾ ਦੁਆਬੇ ਵਿਚ ਕਾਫ਼ੀ ਪ੍ਰਭਾਵ ਮੰਨਿਆ ਜਾਂਦਾ ਹੈ, ਉਕਤ ਡੇਰੇ 'ਤੇ ਕਰੀਬ ਸਾਰੀਆਂ ਵੱਡੀਆਂ ਪਾਰਟੀਆਂ ਦੇ ਮੂਹਰਲੀ ਕਤਾਰ ਦੇ ਸੀਨੀਅਰ ਆਗੂਆਂ ਨੇ ਹਾਜ਼ਰੀ ਭਰੀ, ਰਾਧਾ ਸੁਆਮੀ ਅਤੇ ਨਾਮਧਾਰੀਆਂ ਵਲੋਂ ਡੇਰਾ ਬਿਆਸ ਦੇ ਮੁਖੀ ਗੁਰਿੰਦਰ ਸਿੰਘ ਢਿੱਲੋਂ ਅਤੇ ਨਾਮਧਾਰੀ ਸਮਾਜ ਦੇ ਪ੍ਰਮੁੱਖ ਉਦੇ ਸਿੰਘ ਵਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਕੀਤੀ ਗਈ ਮੁਲਾਕਾਤ ਦੀਆਂ ਤਸਵੀਰਾਂ ਅਖ਼ਬਾਰਾਂ ਵਿਚ ਪ੍ਰਕਾਸ਼ਤ ਹੋਈਆਂ |
ਕੁੱਝ ਡੇਰਿਆਂ ਦੇ ਰਾਜਨੀਤਕ ਵਿੰਗ ਵਲੋਂ ਅਪਣੇ ਪੈਰੋਕਾਰਾਂ ਨੂੰ ਫੁਰਮਾਨ ਜਾਰੀ ਕਰਨ ਦੀਆਂ ਖ਼ਬਰਾਂ ਸਮੇਤ ਉਨ੍ਹਾਂ ਦੀ ਸੋਸ਼ਲ ਮੀਡੀਏ 'ਤੇ ਵੀ ਖ਼ੂਬ ਚਰਚਾ ਰਹੀ | ਕੁੱਝ ਨੇ ਬਿਨਾਂ ਸ਼ੋਰ ਪਾਇਆਂ ਅੰਦਰਖਾਤੇ ਅਪਣੇ ਸ਼ਰਧਾਲੂਆਂ ਨੂੰ ਕਿਸੇ ਖ਼ਾਸ ਪਾਰਟੀ ਦੇ ਉਮੀਦਵਾਰਾਂ ਦੀ ਮਦਦ ਕਰਨ ਦੇ ਆਦੇਸ਼ ਜਾਰੀ ਕੀਤੇ | ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਭਾਜਪਾ ਦੇ ਸਿੱਖ ਸ਼ਕਲਾਂ ਵਾਲੇ ਆਗੂਆਂ ਦੀ ਹਾਜ਼ਰੀ ਵਿਚ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਬੰਦ ਕਮਰਾ ਮੀਟਿੰਗ ਕੀਤੀ | ਕੁਲ ਮਿਲਾ ਕੇ ਲਗਭਗ ਸਾਰੇ ਡੇਰੇਦਾਰਾਂ ਅਤੇ ਪੰਥਕ ਸ਼ਖ਼ਸੀਅਤਾਂ ਦੀ ਅਕਾਲੀ ਦਲ ਅਤੇ ਭਾਜਪਾ ਦੇ ਉਮੀਦਵਾਰਾਂ ਨੂੰ ਜਿਤਾਉਣ ਦੀ ਹੌੜ ਲੱਗੀ ਹੋਈ ਸੀ, 10 ਮਾਰਚ ਨੂੰ ਆਉਣ ਵਾਲੇ ਨਤੀਜੇ ਸਿਆਸੀ ਆਗੂਆਂ ਦੇ ਨਾਲ-ਨਾਲ ਡੇਰੇਦਾਰਾਂ ਅਤੇ ਪੰਥਕ ਸ਼ਖ਼ਸੀਅਤਾਂ ਦੇ ਵਕਾਰ ਅਰਥਾਤ ਅਕਸ ਦਾ ਵੀ ਫ਼ੈਸਲਾ ਕਰਨਗੇ |