
ਅਮਰੀਕਾ ਵਿਚ ਸਿੱਖਾਂ ਵਿਰੁਧ ਵਧੀਆਂ ਧਾਰਮਕ ਵਿਤਕਰਾ ਤੇ ਨਫ਼ਰਤ ਦੀਆਂ ਘਟਨਾਵਾਂ ਦਾ ਸੁਖਦੇਵ ਸਿੰਘ ਢੀਂਡਸਾ ਨੇ ਲਿਆ ਗੰਭੀਰ ਨੋਟਿਸ
ਚੰਡੀਗੜ੍ਹ, 9 ਮਾਰਚ (ਪ.ਪ.) : ਸ਼੍ਰੋਮਣੀ ਅਕਾਲੀ ਦਲ (ਸੰਯੁਕਤ) ਦੇ ਪ੍ਰਧਾਨ ਅਤੇ ਰਾਜ ਸਭਾ ਮੈਂਬਰ ਸ: ਸੁਖਦੇਵ ਸਿੰਘ ਢੀਂਡਸਾ ਨੇ ਉੱਘੀ ਮਨੁੱਖੀ ਅਧਿਕਾਰ ਮਾਹਰ ਅੰਮ੍ਰਿਤ ਕੌਰ ਅਕਰੇ ਵਲੋਂ ਅਮਰੀਕਾ ਵਿਚ ਸਿੱਖਾਂ ਵਿਰੁਧ ਧਾਰਮਕ ਵਿਤਕਰਾ ਅਤੇ ਨਫ਼ਰਤੀ ਅਪਰਾਧਾਂ ਵਿਚ ਹੋਏ ਵਾਧੇ ਦੀ ਦਿਤੀ ਗਈ ਜਾਣਕਾਰੀ ’ਤੇ ਗੰਭੀਰ ਨੋਟਿਸ ਲੈਂਦਿਆਂ ਭਾਰਤ ਸਰਕਾਰ ਨੂੰ ਤੁਰਤ ਇਸ ਸਬੰਧ ਵਿਚ ਅਮਰੀਕਾ ਨਾਲ ਗੱਲਬਾਤ ਕਰਨ ਦੀ ਮੰਗ ਕੀਤੀ ਹੈ।
ਸ: ਢੀਂਡਸਾ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਸ: ਹਰਜਿੰਦਰ ਸਿੰਘ ਧਾਮੀ ਨੂੰ ਵੀ ਇਸ ਸਬੰਧ ਵਿਚ ਵੱਡੇ ਪੱਧਰ ’ਤੇ ਉਪਰਾਲੇ ਕਰਨ ਦੀ ਮੰਗ ਕੀਤੀ ਹੈ ਤਾਂ ਜੋ ਅਮਰੀਕਾ ਜਾਂ ਹੋਰਨਾਂ ਮੁਲਕਾਂ ਵਿਚ ਬੈਠੇ ਸਿੱਖਾਂ ਵਿਰੁਧ ਵਿਤਕਰਾ ਅਤੇ ਨਫ਼ਰਤ ਦੀਆਂ ਵਧ ਰਹੀਆਂ ਘਟਨਾਵਾਂ ’ਤੇ ਪੂਰੀ ਤਰ੍ਹਾਂ ਠੱਲ੍ਹ ਪਾਈ ਜਾ ਸਕੇ।
ਇਥੇ ਜਾਰੀ ਬਿਆਨ ਵਿਚ ਸ: ਸੁਖਦੇਵ ਸਿੰਘ ਢੀਂਡਸਾ ਨੇ ਕਿਹਾ ਕਿ ਉੱਘੀ ਮਨੁੱਖੀ ਅਧਿਕਾਰ ਮਾਹਰ ਅੰਮ੍ਰਿਤ ਕੌਰ ਅਕਰੇ ਵਲੋਂ ਅਮਰੀਕੀ ਸੰਸਦ ਮੈਂਬਰਾਂ ਨੂੰ ਦਿਤੀ ਜਾਣਕਾਰੀ ਮੁਤਾਬਕ ਹਾਲ ਹੀ ਵਿਚ ਅਮਰੀਕਾ ਵਿਚ ਸਿੱਖਾਂ ਵਿਰੁਧ ਧਾਰਮਕ ਵਿਤਕਰਾ ਅਤੇ ਨਫਰਤ ਦੀਆਂ ਵਧੀਆਂ ਘਟਨਾਵਾਂ ਬੇਹੱਦ ਚਿੰਤਾ ਦਾ ਵਿਸਾ ਹੈ। ਉਨ੍ਹਾਂ ਕਿਹਾ ਕਿ ਅਮਰੀਕਾ ਵਿੱਚ ਮਨੁੱਖੀ ਅਧਿਕਾਰਾਂ ਦੇ ਮਾਹਰਾਂ ਵੱਲੋਂ ਅਜਿਹੀਆਂ ਜਾਣਕਾਰੀਆਂ ਸਾਂਝੀਆਂ ਕਰਨ ਤੋਂ ਬਾਅਦ ਕੇਂਦਰ ਸਰਕਾਰ ਨੂੰ ਤੁਰੰਤ ਭਾਰਤ ਵਿੱਚ ਅਮਰੀਕਾ ਦੇ ਰਾਜਦੂਤ ਨੂੰ ਸੱਦ ਕੇ ਇਸ ਮੁੱਦੇ ’ਤੇ ਗੱਲਬਾਤ ਕਰਨੀ ਚਾਹੀਦੀ ਹੈ। ਅੰਮ੍ਰਿਤ ਕੌਰ ਅਕਰੇ ਵੱਲੋਂ ਦਿੱਤੀ ਜਾਣਕਾਰੀ ਦਾ ਹਵਾਲਾ ਦਿੰਦਿਆਂ ਸ: ਢੀਂਡਸਾ ਨੇ ਕਿਹਾ ਕਿ ਅਮਰੀਕਾ ਵਰਗੇ ਵਿਕਸਤ ਅਤੇ ਜਮਹੂਰੀ ਦੇਸ ਵਿੱਚ ਸਰਕਾਰੀ ਨੀਤੀਆਂ ਅਤੇ ਕਾਨੂੰਨ ਦੀ ਪੱਖਪਾਤੀ ਵਿਆਖਿਆ ਨਾਲ ਆਵਾਜਾਈ,ਮਨੋਰੰਜਨ,ਸਿਹਤ, ਫੌਜ ਅਤੇ ਹੋਰਨਾਂ ਖੇਤਰਾਂ ਦੀਆਂ ਨੌਕਰੀਆਂ ਵਿੱਚ ਸਿੱਖਾਂ ਨਾਲ ਵਿਤਕਰਾ ਕੀਤਾ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਕਈਂ ਥਾਵਾਂ ’ਤੇ ਕੰਮ ਨਾਲ ਸਬੰਧਤ ਜਾਂਚ ਲਈ ਸਿੱਖਾਂ ਨੂੰ ਆਪਣੇ ਕੇਸ ਤੱਕ ਕਟਵਾਉਣ ਲਈ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਪੱਗ ਬੰਨਣ ਵਾਲੇ ਸਿੱਖ ਨੌਜਵਾਨਾਂ ਲਈ ਮਾੜੀ ਸਬਦਾਵਲੀ ਵਰਤੀ ਜਾਂਦੀ ਹੈ।
ਸ: ਸੁਖਦੇਵ ਸਿੰਘ ਢੀਂਡਸਾ ਨੇ ਕੇਂਦਰ ਸਰਕਾਰ ਦੇ ਨਾਲ-ਨਾਲ ਅਮਰੀਕੀ ਪ੍ਰਸਾਸਨ ਨੂੰ ਵੀ ਸਿੱਖਾਂ ਵਿਰੁੱਧ ਵਧ ਰਹੀਆਂ ਨਫਰਤ ਦੀਆਂ ਇਨ੍ਹਾਂ ਘਟਨਾਵਾਂ ਨੂੰ ਖਤਮ ਕਰਨ ਲਈ ਢੁਕਵੇਂ ਕਦਮ ਚੁੱਕਣ ਦੀ ਅਪੀਲ ਕੀਤੀ ਹੈ।