
ਪੰਜ ਰਾਜਾਂ ਵਿਚ ਵੋਟਾਂ ਦੀ ਗਿਣਤੀ ਲਈ 50 ਹਜ਼ਾਰ ਤੋਂ ਵਧ ਅਧਿਕਾਰੀ ਹੋਣਗੇ ਤਾਇਨਾਤ
ਨਵੀਂ ਦਿੱਲੀ : ਪੰਜ ਰਾਜਾਂ ਵਿਚ ਹਾਲ ਹੀ ਵਿਚ ਸੰਪੰਨ ਹੋਈਆਂ ਵਿਧਾਨ ਸਭਾ ਚੋਣਾਂ ਤੋਂ ਬਾਅਦ ਅੱਜ ਵੀਰਵਾਰ ਨੂੰ ਵੋਟਾਂ ਦੀ ਗਿਣਤੀ ਹੋਣ ਜਾ ਰਹੀ ਹੈ, ਜਿਸ ਲਈ 50,000 ਤੋਂ ਵਧ ਅਧਿਕਾਰੀ ਤਾਇਨਾਤ ਕੀਤੇ ਗਏ ਹਨ। ਉਤਰ ਪ੍ਰਦੇਸ਼, ਉੱਤਰਾਖੰਡ, ਗੋਆ, ਮਨੀਪੁਰ ਅਤੇ ਪੰਜਾਬ ਵਿਚ ਕੋਵਿਡ-19 ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦੇ ਹੋਏ ਸਵੇਰੇ 8 ਵਜੇ ਵੋਟਾਂ ਦੀ ਗਿਣਤੀ ਸ਼ੁਰੂ ਹੋਵੇਗੀ। ਇਨ੍ਹਾਂ ਪੰਜ ਰਾਜਾਂ ਵਿਚ ਵਿਧਾਨ ਸਭਾ ਚੋਣਾਂ 10 ਫ਼ਰਵਰੀ ਤੋਂ 7 ਮਾਰਚ ਦਰਮਿਆਨ ਸੱਤ ਗੇੜਾ ਵਿਚ ਹੋਈਆਂ ਸਨ। ਲਗਭਗ 1,200 ਕਾਊਂਟਿੰਗ ਹਾਲ ਬਣਾਏ ਗਏ ਹਨ ਜਿਥੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ (ਈਵੀਐਮ) ’ਤੇ ਨਤੀਜੇ ਦਰਜ ਕੀਤੇ ਜਾਣਗੇ।
ਉਤਰ ਪ੍ਰਦੇਸ਼ ਵਿਚ ਸੱਭ ਤੋਂ ਵਧ 403 ਵਿਧਾਨ ਸਭਾ ਸੀਟਾਂ ਹਨ। ਇਥੇ ਵਧ ਤੋਂ ਵਧ 750 ਕਾਊਂਟਿੰਗ ਹਾਲ ਬਣਾਏ ਗਏ ਹਨ। ਇਸ ਤੋਂ ਬਾਅਦ ਪੰਜਾਬ ਵਿਚ ਇਨ੍ਹਾਂ ਦੀ ਗਿਣਤੀ 200 ਹੈ। ਪ੍ਰਕਿਰਿਆ ਦੀ ਨਿਗਰਾਨੀ ਲਈ ਪੰਜ ਰਾਜਾਂ ਵਿਚ 650 ਤੋਂ ਵਧ ਗਿਣਤੀ ਨਿਗਰਾਨ ਤਾਇਨਾਤ ਕੀਤੇ ਗਏ ਹਨ। ਮਹਾਂਮਾਰੀ ਦੇ ਮੱਦੇਨਜ਼ਰ ਚੋਣ ਕਮਿਸ਼ਨ ਨੇ ਗਿਣਤੀ ਵਾਲੇ ਦਿਨ ਲਈ ਵਖਰੇ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਸਨ। ਇਸ ਦੌਰਾਨ ਚੋਣ ਮੋਰਚੇ ਤੋਂ ਭਾਂਤ ਭਾਂਤ ਦੀਆਂ ਖ਼ਬਰਾਂ ਮਿਲ ਰਹੀਆਂ ਹਨ ਜੇ ਭਾਰਤੀ ਡੈਮੋਕਰੇਸੀ ਬਾਰੇ ਚਿੰਤਾਜਨਕ ਸੂਚਨਾਵਾਂ ਦੇ ਰਹੀਆਂ ਹਨ।