
ਡੀ.ਜੀ.ਪੀ. ਦਿਨਕਰ ਗੁਪਤਾ ਦੀ ਬਦਲੀ ਦੀ ਮੰਗ
ਚੰਡੀਗੜ੍ਹ : ਪੰਜਾਬੀ ਏਕਤਾ ਪਾਰਟੀ ਦੇ ਪ੍ਰਧਾਨ ਸੁਖਪਾਲ ਸਿੰਘ ਖਹਿਰਾ ਨੇ ਭਾਰਤੀ ਚੋਣ ਕਮਿਸ਼ਨ ਨੂੰ ਪੱਤਰ ਲਿਖ ਕੇ ਪੰਜਾਬ ਪੁਲਿਸ ਦੀ ਸ਼ਿਕਾਇਤ ਕੀਤੀ ਹੈ। ਉਨ੍ਹਾਂ ਲਿਖਿਆ ਹੈ ਕਿ ਪੰਜਾਬ ਪੁਲਿਸ ਦੀ ਸ਼ਮੂਲੀਅਤ ਵਾਲੀ ਹਾਲ ਹੀ ਵਿਚ ਹੋਈ ਇਕ ਘਟਨਾ ਕਾਰਨ ਮੌਜੂਦਾ ਡੀ.ਜੀ.ਪੀ ਦਿਨਕਰ ਗੁਪਤਾ ਦੀ ਅਗਵਾਈ ਵਿਚਲੀ ਪੁਲਿਸ ਤੋਂ ਲੋਕਾਂ ਦਾ ਵਿਸ਼ਵਾਸ ਪੂਰੀ ਤਰ੍ਹਾਂ ਨਾਲ ਉਠ ਚੁੱਕਾ ਹੈ।
Dinkar Gupta, DGP
ਉਨ੍ਹਾਂ ਲਿਖਿਆ ਹੈ ਕਿ 27 ਮਾਰਚ 2019 ਨੂੰ ਡੀ.ਜੀ.ਪੀ ਦਿਨਕਰ ਗੁਪਤਾ ਨੇ ਪੰਜਾਬ ਦੇ ਵੱਖ ਵੱਖ ਸਥਾਨਾਂ ਤੋਂ ਅਪਣੀ ਪਸੰਦ ਦੇ ਕੁੱਝ ਪੁਲਿਸ ਕਰਮੀਆਂ ਨੂੰ ਅਪਣੇ ਦਫਤਰ ਦੇ ਹੁਕਮ ਨੰ 5084/92/ਈ-2(8) ਰਾਹੀਂ ਚੁਣਿਆ ਅਤੇ ਕੱਚੇ ਤੌਰ 'ਤੇ ਜ਼ਿਲ੍ਹਾ ਪੁਲਿਸ ਖੰਨਾ ਨਾਲ ਅਟੈਚ ਕਰ ਦਿਤਾ। ਉਨ੍ਹਾਂ ਕਿਹਾ ਕਿ ਜਲੰਧਰ ਵਿਖੇ ਫ਼ਾਦਰ ਐਨਟਨੀ ਦੇ ਘਰ ਰੇਡ ਕੀਤੀ ਅਤੇ ਫ਼ਾਦਰ ਐਨਟਨੀ ਦੇ ਬਿਆਨਾਂ ਅਨੁਸਾਰ ਜ਼ਬਰਦਸਤੀ 16.65 ਕਰੋੜ ਰੁਪਏ ਖੋਹਣ ਦੇ ਨਾਲ ਉਸ ਦੇ ਮੋਬਾਈਲ ਖੋਹ ਲਏ ਗਏ ਅਤੇ ਉਸ ਨੂੰ ਗੋਲੀ ਦੀ ਨੋਕ 'ਤੇ ਅਗ਼ਵਾ ਕਰ ਲਿਆ ਗਿਆ, ਇਹ ਸਾਰੇ ਤੱਥ ਸੀ.ਸੀ.ਟੀ.ਵੀ ਫ਼ੁਟੇਜ ਵਿਚ ਰਿਕਾਰਡ ਹਨ ਅਤੇ ਅਖਬਾਰਾਂ ਵਿਚ ਵੀ ਛਪੇ।
Dinkar Gupta, DGP
ਇਸ ਤੋਂ ਇਲਾਵਾ ਵੀ ਖਹਿਰਾ ਨੇ ਡੀ ਜੀ ਪੀ ਉਪਰ ਕਈ ਤਰ੍ਹਾਂ ਦੇ ਦੋਸ਼ ਲਾਏ ਹਨ। ਉਨ੍ਹਾਂ ਚੋਣ ਕਮਿਸ਼ਨ ਨੂੰ ਅਪੀਲ ਕੀਤੀ ਕਿ ਲੋਕਤੰਤਰ ਨੂੰ ਮਜ਼ਬੂਤ ਰਖਣ ਲਈ ਅਤੇ ਪੰਜਾਬ ਵਿਚ ਨਿਰਪੱਖ ਅਤੇ ਆਜ਼ਾਦ ਚੋਣਾਂ ਕਰਵਾਉਣ ਲਈ ਇਹ ਬਹੁਤ ਜ਼ਰੂਰੀ ਹੈ ਕਿ ਨਵੀਂ ਸਰਕਾਰ ਦੇ ਗਠਨ ਤਕ ਮੌਜੂਦਾ ਡੀ.ਜੀ.ਪੀ ਦਿਨਕਰ ਗੁਪਤਾ ਨੂੰ ਉਨ੍ਹਾਂ ਦੀ ਮੌਜੂਦਾ ਨਿਯੁਕਤੀ ਤੋਂ ਟਰਾਂਸਫਰ ਕਰ ਕੇ ਅਜਿਹੀ ਪੋਸਟ ਉੱਪਰ ਭੇਜਿਆ ਜਾਵੇ ਜਿਥੇ ਕਿ ਉਹ ਜਨਤਾ ਜਾਂ ਚੋਣ ਪ੍ਰਕਿਰਿਆ ਨੂੰ ਕਿਸੇ ਪ੍ਰਕਾਰ ਵੀ ਪ੍ਰਭਾਵਿਤ ਨਾ ਕਰ ਸਕਣ।