
ਠੀਕਰੀ ਪਹਿਰਾ ਦੇਣ ਵਾਲਿਆਂ ਨਾਲ ਹੋਏ ਦੁਰਵਿਵਹਾਰ ਦਾ ਮਾਮਲਾ
ਕੋਟਕਪੂਰਾ, 9 ਅਪ੍ਰੈਲ (ਗੁਰਿੰਦਰ ਸਿੰਘ) : ਕੋਰੋਨਾ ਵਾਇਰਸ ਦੀ ਦਿਨੋਂ ਦਿਨ ਵੱਧ ਰਹੀ ਭਿਆਨਕ ਮਹਾਂਮਾਰੀ ਲਈ ਕੇਂਦਰ ਅਤੇ ਸੂਬਾ ਸਰਕਾਰਾਂ ਵਲੋਂ ਪੂਰਨ ਤੌਰ 'ਤੇ ਕਰਫ਼ਿਊ ਲਾਇਆ ਗਿਆ ਹੈ। ਪੁਲਿਸ ਅਤੇ ਸਿਵਲ ਪ੍ਰਸ਼ਾਸਨ ਵਲੋਂ ਪਿੰਡਾਂ ਦੇ ਲੋਕਾਂ ਨੂੰ ਅਪਣੇ ਪੱਧਰ 'ਤੇ ਆਪੋ ਅਪਣੇ ਪਿੰਡ ਸੀਲ ਕਰਨ ਲਈ ਅਪੀਲਾਂ ਕੀਤੀਆਂ ਜਾ ਰਹੀਆਂ ਹਨ ਤਾਂ ਜੋ ਬਾਹਰਲਾ ਵਿਅਕਤੀ ਪਿੰਡ 'ਚ ਦਾਖ਼ਲ ਨਾ ਹੋ ਸਕੇ।
ਨੇੜਲੇ ਪਿੰਡ ਬਾਹਮਣਵਾਲਾ ਵਿਖੇ ਪੰਚਾਇਤ ਵਲੋਂ ਪਿੰਡ ਨੂੰ ਪੂਰੀ ਤਰ੍ਹਾਂ ਸੀਲ ਕੀਤਾ ਗਿਆ ਸੀ ਅਤੇ ਬਲਕਾਰ ਸਿੰਘ ਸੰਧੂ ਡੀ.ਐਸ.ਪੀ ਕੋਟਕਪੂਰਾ ਵਲੋਂ ਖ਼ੁਦ ਪਿੰਡ ਪਹੁੰਚ ਕੇ ਪੰਚਾਇਤ ਅਤੇ ਨੌਜਵਾਨਾਂ ਦੀ ਭਰਵੀਂ ਸ਼ਲਾਘਾ ਕੀਤੀ ਸੀ ਪਰ ਅੱਜ ਪੰਚਾਇਤ ਤੇ ਨੌਜਵਾਨਾਂ ਵਲੋਂ ਠੀਕਰੀ ਪਹਿਰਾ ਲਾਉਣ ਤੋਂ ਹੱਥ ਖੜ੍ਹੇ ਕਰ ਦਿਤੇ ਹਨ।
ਪਿੰਡ ਬਾਹਮਣਵਾਲਾ ਵਿਖੇ ਪਹਿਰਾ ਨਾ ਲਾਉਣ ਸਬੰਧੀ ਜਾਣਕਾਰੀ ਦਿੰਦੇ ਹੋਏ ਨਿਰਮਲ ਸਿੰਘ ਫੌਜੀ ਤੇ ਹੋਰ। (ਗੋਲਡਨ)
ਇਸ ਸਬੰਧੀ ਪਿੰਡ ਦੇ ਸਰਪੰਚ ਸ਼ਗਨਦੀਪ ਕੌਰ ਦੇ ਪਤੀ ਨਿਰਮਲ ਸਿੰਘ ਫ਼ੌਜੀ ਅਤੇ ਹੋਰ ਨੌਜਵਾਨਾਂ ਨੇ ਦਸਿਆ ਕਿ ਬੀਤੀ 2 ਅਪ੍ਰੈਲ ਨੂੰ ਪਿੰਡ ਦੇ ਚੌਕੀਦਾਰ ਸਿਕੰਦਰ ਸਿੰਘ, ਹਰਦੀਪ ਸ਼ਰਮਾ, ਬਲਵਿੰਦਰ ਸਿੰਘ ਤੇ ਹੋਰ ਨੌਜਵਾਨ ਬੈਰੀਕੇਡ ਲਾ ਕੇ ਪਹਿਰਾ ਦੇ ਰਹੇ ਸਨ। ਰਾਤ ਕਰੀਬ 9 ਵਜੇ ਪਿੰਡ ਦੇ ਮੌਜੂਦਾ ਪੰਚ ਨੇ ਨੌਜਵਾਨਾਂ ਨੂੰ ਗਾਲਾਂ ਕਢੀਆਂ ਅਤੇ ਹੋਰ ਵੀ ਅਪਸ਼ਬਦ ਬੋਲੇ। ਚੌਕੀਦਾਰ ਸਿਕੰਦਰ ਸਿੰਘ ਨੇ ਤੁਰਤ ਥਾਣੇ ਪਹੁੰਚ ਕੇ ਸ਼ਿਕਾਇਤ ਦਰਜ ਕਰਾਈ ਪਰ ਪੁਲਿਸ ਵਲੋਂ 4 ਦਿਨ ਬੀਤਣ 'ਤੇ ਵੀ ਹਾਲੇ ਤਕ ਕੋਈ ਕਾਰਵਾਈ ਨਹੀਂ ਕੀਤੀ ਗਈ। ਨਿਰਮਲ ਸਿੰਘ ਫ਼ੌਜੀ ਨੇ ਦਸਿਆ ਕਿ ਹੁਣ ਪਿੰਡ ਦਾ ਕੋਈ ਵੀ ਵਿਅਕਤੀ ਸ਼ਹਿਰ ਤੋਂ ਪਿੰਡ ਜਾਣ ਵਾਲੀ ਮੁੱਖ ਸੜਕ 'ਤੇ ਪਹਿਰਾ ਦੇਣ ਨੂੰ ਤਿਆਰ ਨਹੀਂ ਹੈ।
ਉਨ੍ਹਾਂ ਦਾ ਕਹਿਣਾ ਹੈ ਉਹ ਪਿੰਡ ਵਾਸੀਆਂ ਨੂੰ ਬੀਮਾਰੀ ਤੋਂ ਬਚਾਉਣ ਲਈ ਦਿਨ ਅਤੇ ਰਾਤ ਨੂੰ ਪਹਿਰਾ ਦਿੰਦੇ ਰਹੇ ਹਨ ਪਰ ਕੁੱਝ ਲੋਕ ਇਸ ਦਾ ਵਿਰੋਧ ਕਰਦੇ ਹਨ ਅਤੇ ਪਹਿਰਾ ਦੇਣ ਵਾਲੇ ਨੌਜਵਾਨਾਂ ਨੂੰ ਗਾਲਾਂ ਕੱਢ ਕੇ ਬੇਇਜ਼ਤੀ ਕਰਦੇ ਹਨ। ਅੱਜ ਪਿੰਡ ਦੇ ਜਾਗਰੂਕ ਨੌਜਵਾਨਾਂ ਨੇ ਕਿਹਾ ਕਿ ਜੇ ਪੁਲਿਸ ਵਲੋਂ ਉਕਤ ਵਿਅਕਤੀ ਵਿਰੁਧ ਠੋਸ ਕਾਰਵਾਈ ਨਾ ਕੀਤੀ ਤਾਂ ਉਹ ਠੀਕਰੀ ਪਹਿਰਾ ਨਹੀਂ ਦੇਣਗੇ। ਇਸ ਮੌਕੇ ਰਾਜਿੰਦਰ ਕੁਮਾਰ, ਗੁਰਦੀਪ ਸ਼ਰਮਾ, ਰਾਣਾ ਸ਼ਰਮਾ, ਜਸਪਾਲ ਸਿੰਘ ਸਮੇਤ ਹੋਰ ਵੀ ਪਿੰਡ ਵਾਸੀ ਹਾਜ਼ਰ ਸਨ।
ਇਸ ਸਬੰਧੀ ਥਾਣਾ ਮੁਖੀ ਰਾਜਬੀਰ ਸਿੰਘ ਨੇ ਦਸਿਆ ਕਿ ਇਸ ਮਾਮਲੇ ਦੀ ਪੜਤਾਲ ਲਈ ਸਹਾਇਕ ਥਾਣੇਦਾਰ ਦੀ ਡਿਊਟੀ ਲਾ ਦਿਤੀ ਗਈ ਹੈ।