
ਅੱਜ ਕੋਰੋਨਾ ਵਾਇਰਸ ਨੇ ਜ਼ਿਲ੍ਹਾ ਸੰਗਰੂਰ 'ਚ ਦਸਤਕ ਦੇ ਦਿਤੀ ਹੈ। ਨੇੜਲੇ ਪਿੰਡ 'ਚ 65 ਸਾਲ ਦੇ ਬਜ਼ੁਰਗ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ ਜਿਸ
ਸੰਗਰੂਰ (ਗੁਰਦਰਸ਼ਨ ਸਿੰਘ ਸਿੱਧੂ/ਟਿੰਕਾ ਆਨੰਦ) : ਅੱਜ ਕੋਰੋਨਾ ਵਾਇਰਸ ਨੇ ਜ਼ਿਲ੍ਹਾ ਸੰਗਰੂਰ 'ਚ ਦਸਤਕ ਦੇ ਦਿਤੀ ਹੈ। ਨੇੜਲੇ ਪਿੰਡ 'ਚ 65 ਸਾਲ ਦੇ ਬਜ਼ੁਰਗ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਹੈ ਜਿਸ ਨੂੰ ਲੈ ਕੇ ਲੋਕਾਂ 'ਚ ਇਕਦਮ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ ਅਤੇ ਪ੍ਰਸ਼ਾਸਨ ਨੂੰ ਵੀ ਹੱਥਾਂ ਪੈਰਾਂ ਦੀ ਪੈ ਗਈ ਹੈ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡਿਪਟੀ ਕਮਿਸ਼ਨਰ ਘਣਸ਼ਿਆਮ ਥੋਰੀ ਨੇ ਇਸ ਮਾਮਲੇ ਦੀ ਪੁਸ਼ਟੀ ਕਰਦਿਆਂ ਦਸਿਆ ਕਿ ਗੱਗੜਪੁਰ ਦਾ ਉਕਤ ਬਜ਼ੁਰਗ 24 ਮਾਰਚ ਨੂੰ ਦਿੱਲੀ ਤੋਂ ਸਾਹਨੇਵਾਲ ਫ਼ਲਾਈਟ 'ਚ ਆਇਆ ਸੀ ਉਸ ਫ਼ਲਾਈਟ ਵਿਚ ਇਕ ਲੁਧਿਆਣਾ ਦਾ ਰਹਿਣ ਵਾਲਾ ਵਿਅਕਤੀ ਵੀ ਮੌਜੂਦ ਸੀ ਜਿਸ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ ਸੀ।
ਡੀਸੀ ਨੇ ਦਸਿਆ ਕਿ ਉਕਤ ਵਿਅਕਤੀ ਪਿਛਲੇ ਕਈ ਦਿਨਾਂ ਤੋਂ ਮਸਤੂਆਣਾ 'ਚ ਇਕਾਂਤਵਾਸ ਵਿਚ ਰਖਿਆ ਗਿਆ ਹੈ। ਉਕਤ ਬਜ਼ੁਰਗ ਦਾ ਸੈਂਪਲ ਭੇਜਿਆ ਗਿਆ ਤਾਂ ਉਸ ਦੀ ਰਿਪੋਰਟ ਪਾਜ਼ੇਟਿਵ ਆਈ ਹੈ ਪਰ ਉਸ ਦੀ ਸਿਹਤ ਪੂਰੀ ਤਰ੍ਹਾਂ ਠੀਕ ਹੈ। ਇਸ ਤੋਂ ਇਲਾਵਾ ਹੋਰ ਪੜਤਾਲ ਕੀਤੀ ਜਾਵੇਗੀ ਕਿ ਉਹ ਕਿਸ-ਕਿਸ ਨਾਲ ਮਿਲਿਆ ਹੈ, ਉਨ੍ਹਾਂ ਦੇ ਵੀ ਸੈਂਪਲ ਲੈ ਕੇ ਟੈਸਟਿੰਗ ਲਈ ਭੇਜੇ ਜਾਣਗੇ।
ਡੀਸੀ ਨੇ ਦÎਸਿਆ ਕਿ ਮੇਰੀ ਸਿਹਤ ਸਕੱਤਰ ਨਾਲ ਗੱਲਬਾਤ ਹੋਈ ਹੈ ਜਿਨ੍ਹਾਂ ਨੇ ਦਸਿਆ ਕਿ ਸਰਕਾਰ ਨੇ 10 ਹਜ਼ਾਰ ਰੈਪਿਡ ਟੈਸਟਿੰਗ ਕਿੱਟ ਦਾ ਟੈਂਡਰ ਲਾਇਆ ਹੋਇਆ ਹੈ ਜਦੋਂ ਉਹ ਟੈਸਟਿੰਗ ਕਿੱਟ ਸਾਡੇ ਕੋਲ ਆ ਜਾਵੇਗੀ ਤਾਂ ਮਰੀਜ਼ਾਂ ਦੀ ਟੈਸਟਿੰਗ ਹੋਰ ਵੀ ਤੇਜ਼ੀ ਨਾਲ ਹੋ ਸਕੇਗੀ। ਉਨ੍ਹਾਂ ਦਸਿਆ ਕਿ ਅਸੀਂ ਹਰ ਰੋਜ਼ 50 ਦੇ ਕਰੀਬ ਸ਼ੱਕੀਆਂ ਦੇ ਟੈਸਟ ਲੈ ਕੇ ਭੇਜ ਰਹੇ ਹਾਂ।
File photo
ਬੁਢਲਾਡਾ ਦੇ 6 ਹੋਰ ਪਾਜ਼ੇਟਿਵ ਮਰੀਜ਼ ਆਉਣ ਨਾਲ ਜ਼ਿਲ੍ਹੇ 'ਚ ਕੁਲ ਗਿਣਤੀ 11 ਹੋਈ
ਮਾਨਸਾ (ਬਹਾਦਰ ਖ਼ਾਨ/ਗੁਰਦੀਪ ਸਿੰਘ ਸਿੰਧੂ) : ਦਿੱਲੀ ਦੇ ਨਿਜ਼ਾਮੂਦੀਨ ਮਰਕਜ਼ ਤੋਂ ਪਰਤੇ 10 ਛੱਤੀਸਗੜ੍ਹ ਜਮਾਤੀਆਂ ਵਿਚੋਂ 5 ਦੇ ਕਰੋਨਾ ਟੈਸਟ ਪਾਜ਼ੇਟਿਵ ਆਉਣ ਤੋਂ ਬਾਅਦ ਉਨ੍ਹਾਂ ਦੇ ਸੰਪਰਕ ਵਿਚ ਆਏ ਮਸਜਿਦ ਦੇ ਨਜ਼ਦੀਕ ਰਹਿਣ ਵਾਲੇ ਪਤੀ ਪਤਨੀ ਅਤੇ ਉਨ੍ਹਾਂ ਦੇ ਦੋ ਨਾਬਾਲਗ਼ ਬੱਚਿਆਂ ਤੋਂ ਇਲਾਵਾ ਦੋ ਹੋਰਨਾਂ ਮੁਸਲਿਮ ਮਹਿਲਾਵਾਂ ਸਮੇਤ 6 ਹੋਰ ਟੈਸਟ ਪਾਜ਼ੇਟਿਵ ਆਏ ਹਨ ਜਦ ਕਿ ਅੱਜ 5 ਬੱਚਿਆਂ ਸਮੇਤ 8 ਵਿਅਕਤੀਆਂ ਦੀ ਰਿਪੋਰਟ ਨੈਗਟਿਵ ਵੀ ਆਈ ਹੈ।
ਜਿਸ ਨਾਲ ਹੁਣ ਤਕ ਜ਼ਿਲ੍ਹੇ ਚ ਪਾਜ਼ੇਟਿਵਾਂ ਦੀ ਗਿਣਤੀ 11 ਤਕ ਅੱਪੜ ਗਈ ਹੈ। ਜ਼ਿਕਰਯੋਗ ਹੈ ਕਿ 19 ਮਾਰਚ ਨੂੰ ਬੁਢਲਾਡਾ ਦੀ ਮਸਜਿਦ ਵਿਚ ਦਿੱਲੀ ਨਿਜ਼ਾਮੂਦੀਨ ਮਰਕਸ ਤੋਂ ਪਰਤੇ 10 ਲੋਕ ਜਿਨ੍ਹਾਂ ਵਿਚ 5 ਔਰਤਾਂ ਅਤੇ 5 ਮਰਦ ਸ਼ਾਮਲ ਸਨ ਦੇ ਲਏ ਗਏ ਨਮੂਨਿਆਂ ਵਿਚ 5 ਜਮਾਤੀ ਕਰੋਨਾ ਪਾਜ਼ੇਟਿਵ ਪਾਏ ਗਏ ਸਨ। ਉਸ ਤੋਂ ਬਾਅਦ ਇਨ੍ਹਾਂ ਦੇ ਸੰਪਰਕ ਵਾਲੇ ਲੋਕਾਂ ਦੇ ਨਮੂਨੇ ਲਏ ਸਨ। ਅੱਜ ਕਰੋਨਾ ਵਾਇਰਸ ਪਾਜ਼ੇਟਿਵਾਂ ਦੀ ਰਿਪੋਰਟ ਵਿਚ ਵਾਰਡ ਨੰਬਰ 2 ਦੀਆਂ 2 ਨੂੰਹ-ਸੱਸ ਔਰਤਾਂ ਤੋਂ ਇਲਾਵਾ ਵਾਰਡ ਨੰਬਰ 4 ਦੇ ਮਸਜਿਦ ਦੇ ਨਜ਼ਦੀਕ ਘਰ ਵਿਚ ਰਹਿੰਦੇ ਪਤੀ ਪਤਨੀ ਅਤੇ ਉਨ੍ਹਾਂ ਦੇ 2 ਨਾਬਾਲਗ਼ ਬੱਚਿਆਂ ਦੀ ਰਿਪੋਰਟ ਪਾਜ਼ੇਟਿਵ ਆਈ ਹੈ।