
ਡੇਰਾਬੱਸੀ ਦੇ ਪਿੰਡ ਜਵਾਹਰਪੁਰ ਵਿਚ ਕੋਰੋਨਾ ਪੀੜਤਾਂ ਦੀ ਲਗਾਤਾਰ ਵਧਦੀ ਗਿਣਤੀ ਨੇ ਸਿਹਤ ਵਿਭਾਗ ਦੀ ਨੀਂਦ ਉਡਾ ਦਿਤੀ ਹੈ। ਜਵਾਹਰਪੁਰ 'ਚ ਬੁਧਵਾਰ ਦੇਰ ਰਾਤ
ਡੇਰਾਬੱਸੀ (ਗੁਰਜੀਤ ਸਿੰਘ ਈਸਾਪੁਰ) : ਡੇਰਾਬੱਸੀ ਦੇ ਪਿੰਡ ਜਵਾਹਰਪੁਰ ਵਿਚ ਕੋਰੋਨਾ ਪੀੜਤਾਂ ਦੀ ਲਗਾਤਾਰ ਵਧਦੀ ਗਿਣਤੀ ਨੇ ਸਿਹਤ ਵਿਭਾਗ ਦੀ ਨੀਂਦ ਉਡਾ ਦਿਤੀ ਹੈ। ਜਵਾਹਰਪੁਰ 'ਚ ਬੁਧਵਾਰ ਦੇਰ ਰਾਤ ਤੇ ਵੀਰਵਾਰ ਸਵੇਰ ਇਕ ਹੋਰ ਪਾਜ਼ੇਟਿਵ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਮਰੀਜ਼ਾਂ ਦੀ ਗਿਣਤੀ 22 ਹੋ ਗਈ ਹੈ। ਨਵੇਂ ਆਏ ਪਾਜ਼ੇਟਿਵ ਮਰੀਜ਼ਾਂ ਵਿਚ ਮਨੀਸ਼ ਗੁਪਤਾ (34) ਪੁੱਤਰ ਸਿਆਮ ਲਾਲ ਵਾਸੀ ਸ਼ਕਤੀਨਗਰ, ਡੇਰਾਬੱਸੀ ਦਾ ਰਹਿਣ ਵਾਲਾ ਹੈ। ਮਨੀਸ਼ ਦੀ ਪਿੰਡ ਜਵਾਹਰਪੁਰ ਵਿਚ ਮਨਿਆਰੀ ਤੇ ਸਬਜ਼ੀ ਵਗੈਰਾ ਵੇਚਣ ਦੀ ਦੁਕਾਨ ਹੈ।
ਇਸ ਤੋਂ ਇਲਾਵਾ ਪਾਜ਼ੇਟਿਵ ਆਏ ਤਰਨਪ੍ਰੀਤ ਸਿੰਘ (7), ਤੇ ਸ਼ਰਨਪ੍ਰੀਤ ਕੌਰ (14) ਪੀੜਤ ਮਹਿਲਾ ਸਰਪੰਚ ਤੇ ਬਲਾਕ ਸੰਮਤੀ ਮੈਂਬਰ ਗੁਰਵਿੰਦਰ ਛੋਟਾ ਦੇ ਪੁੱਤਰ ਤੇ ਧੀ ਹਨ, ਜਦਕਿ ਪ੍ਰੀਤਮ ਸਿੰਘ (70) ਪਿਤਾ ਹਨ। ਇਸੇ ਤਰ੍ਹਾਂ ਪੀੜਤ ਰੀਨਾ ਰਾਣੀ (30) ਵੀ ਉਨ੍ਹਾਂ ਦੇ ਪਰਵਾਰ ਵਿਚੋਂ ਹੀ ਹੈ। ਪੀੜਤ ਗੁਰਜੀਤ ਸਿੰਘ (42) ਪਿੰਡ ਦਾ ਪੰਚ ਹੈ। ਇਸ ਤੋਂ ਇਲਾਵਾ ਜਸਪ੍ਰੀਤ (29) ਦੀ ਰਿਪੋਰਟ ਪਾਜ਼ੇਟਿਵ ਆਈ ਹੈ।
ਦਸਣਯੋਗ ਹੈ ਸਿਹਤ ਵਿਭਾਗ ਨੇ ਬੀਤੇ ਮੰਗਲਵਾਰ 118 ਵਿਅਕਤੀਆਂ ਦੇ ਸੈਂਪਲ ਲਏ ਸਨ। ਜਿਨ੍ਹਾਂ ਵਿਚੋ 4 ਵਿਅਕਤੀਆਂ ਦੀ ਬੁਧਵਾਰ ਸਵੇਰੇ, 6 ਵਿਅਕਤੀਆਂ ਦੀ ਬੁਧਵਾਰ ਦੇ ਰਾਤ ਤੇ ਇਕ ਵਿਅਕਤੀ ਦੀ ਵੀਰਵਾਰ ਸਵੇਰੇ ਰਿਪੋਰਟ ਪਾਜ਼ੇਟਿਵ ਆਈ ਹੈ। ਸਿਹਤ ਵਿਭਾਗ ਨੇ ਸ਼ਕਤੀਨਗਰ, ਡੇਰਾਬੱਸੀ ਦੇ ਵਸ਼ਨੀਕ ਮਨੀਸ਼ ਗੁਪਤਾ ਦੇ ਪਰਵਾਰ ਨੂੰ ਘਰ ਵਿਚ ਹੀ ਕੁਆਰਨਟਾਈਨ ਕਰ ਕੇ ਨਾਲ ਲੱਗਦਾ ਇਲਾਕਾ ਸੀਲ ਕਰ ਕੇ ਪੁਲਿਸ ਦਾ ਪਹਿਰਾ ਬਿਠਾ ਦਿਤਾ ਹੈ। ਵਿਭਾਗ ਵਲੋਂ ਸਾਰੇ ਪਾਜ਼ੇਟਿਵ ਮਰੀਜ਼ਾਂ ਨੂੰ ਬਨੂੜ ਦੇ ਗਿਆਨ ਸਾਗਰ ਹਸਪਤਾਲ ਵਿਖੇ ਇਲਾਜ ਲਈ ਭੇਜ ਦਿਤਾ ਗਿਆ।
ਡੇਰਾਬੱਸੀ ਥਾਣਾ ਮੁਖੀ ਸਤਿੰਦਰ ਸਿੰਘ ਨੇ ਦਸਿਆ ਕਿ ਜਵਾਹਰਪੁਰ ਪਿੰਡ ਸਮੇਤ ਨਾਲ ਲੱਗਦੇ ਪਿੰਡ ਮੁਕੰਦਪੁਰ ਅਤੇ ਦੇਵੀ ਨਗਰ ਨੂੰ ਵੀ ਪੂਰੀ ਤਰ੍ਹਾਂ ਸੀਲ ਕਰ ਦਿਤਾ ਗਿਆ ਹੈ। ਇਸ ਤੋਂ ਇਲਾਵਾ ਡੇਰਾਬੱਸੀ ਦੇ ਸ਼ਕਤੀ ਨਗਰ ਵਿਚ ਰਹਿੰਦੇ ਪਾਜ਼ੇਟਿਵ ਮਰੀਜ਼ ਦੇ ਘਰ ਦੇ ਨਾਲ ਲਗਦੇ ਏਰੀਏ ਨੂੰ ਵੀ ਸੀਲ ਕੀਤਾ ਗਿਆ ਹੈ। ਥਾਣਾ ਮੁਖੀ ਨੇ ਦਸਿਆ ਕਿ ਉਨ੍ਹਾਂ ਨੇ ਅਪਣਾ ਤੇ ਅਪਣੇ ਮੁਲਾਜ਼ਮਾਂ, ਇਕ ਡਰਾਇਵਰ, ਇਕ ਮੁੱਖ ਮੁਨਸ਼ੀ, ਪੀਐਚਸੀ ਲਜਾ ਰਾਮ ਸਮੇਤ 6 ਮੁਲਾਜ਼ਮਾਂ ਦਾ ਕੋਰੋਨਾ ਟੈਸਟ ਕਰਵਾਇਆ ਸੀ, ਉਨ੍ਹਾਂ ਸਾਰਿਆਂ ਦੀ ਰਿਪੋਰਟ ਨੈਗਟਿਵ ਆਈ ਹੈ।
ਜਿਸ ਤੋਂ ਬਾਅਦ 24 ਘੰਟੇ ਪਿੰਡ ਜਵਾਹਰਪੁਰ ਵਿਚ ਡਿਊਟੀ ਦੇ ਰਹੇ ਮੁਲਾਜ਼ਮਾਂ ਨੇ ਸੁੱਖ ਦਾ ਸਾਹ ਲਿਆ। ਸਿਵਲ ਸਰਜਨ ਐਸ.ਏ.ਐਸ. ਨਗਰ ਮਨਜੀਤ ਸਿੰਘ ਨੇ ਦਸਿਆ ਕਿ ਜਵਾਹਰਪੁਰ ਪਿੰਡ ਵਿਖੇ ਅੱਜ ਨਵੇਂ ਪਾਜ਼ੇਟਿਵ ਮਰੀਜ਼ਾਂ ਦੇ ਸੰਪਰਕ ਵਿਚ ਆਏ 64 ਵਿਅਕਤੀਆਂ ਦੇ ਸੈਂਪਲ ਲਏ ਗਏ। ਸੈਂਪਲ ਲੈਣ ਤੋਂ ਬਾਅਦ ਸਾਰਿਆਂ ਨੂੰ ਹੋਮ ਕੁਆਰਨਟਾਈਨ ਕੀਤਾ ਗਿਆ ਹੈ।