
ਜ਼ੇਰੇ ਇਲਾਜ ਮੌਤ ਹੋਣ ਉਪਰੰਤ ਕੀਤਾ ਗਿਆ ਸੀ ਕੋਰੋਨਾ ਦਾ ਸ਼ੱਕ ਜ਼ਾਹਰ
ਮੁਕੇਰੀਆਂ, 9 ਅਪ੍ਰੈਲ (ਹਰਦੀਪ ਸਿੰਘ ਭੰਮਰਾ) : ਉਪ-ਮੰਡਲ ਮੁਕੇਰੀਆਂ ਦੇ ਪਿੰਡ ਸੱਲੋਵਾਲ ਦੇ ਇਕ ਵਿਅਕਤੀ ਦੀ ਜ਼ੇਰੇ ਇਲਾਜ ਮੌਤ ਹੋ ਜਾਣ ਉਪਰੰਤ ਡਾਕਟਰਾਂ ਵਲੋਂ ਕੋਰੋਨਾ ਵਾਇਰਸ ਦੀ ਲਾਗ ਦਾ ਸ਼ੱਕ ਜ਼ਾਹਰ ਕੀਤਾ ਗਿਆ ਸੀ ਤੇ ਮ੍ਰਿਤਕ ਦੇ ਨਮੂਨੇ ਲੈ ਕੇ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਭੇਜੇ ਗਏ ਸਨ। ਜਿਥੋਂ ਵੀਰਵਾਰ ਨੂੰ ਉਕਤ ਵਿਅਕਤੀ ਦੀ ਰਿਪੋਰਟ ਕੋਰੋਨਾ ਨੈਗੇਟਿਵ ਆਉਣ ਨਾਲ ਇਲਾਕਾ ਵਾਸੀਆਂ ਸਮੇਤ ਪ੍ਰਸ਼ਾਸਨ ਤੇ ਸਿਹਤ ਵਿਭਾਗ ਨੇ ਰਾਹਤ ਮਹਿਸੂਸ ਕੀਤੀ ਹੈ। ਪ੍ਰਾਪਤ ਵੇਰਵੇ ਅਨੁਸਾਰ ਸਾਬਕਾ ਸੈਨਿਕ ਧਰਮਵੀਰ ਮਹਿਰਾ ਕਿਡਨੀ ਅਤੇ ਸ਼ੂਗਰ ਦੀ ਬੀਮਾਰੀ ਤੋਂ ਪੀੜਤ ਸੀ।
ਮੁਕੇਰੀਆਂ ਹਰਦੀਪ ਸਿੰਘ
ਪਿਛਲੇ ਦਿਨੀਂ ਸਾਹ ਲੈਣ ਵਿਚ ਪ੍ਰੇਸ਼ਾਨੀ ਦੇ ਚਲਦਿਆਂ ਉਸ ਨੂੰ ਮੁਕੇਰੀਆਂ ਦੇ ਇਕ ਨਿਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਸੀ ਪਰ ਸਿਹਤ ਵਿੱਚ ਸੁਧਾਰ ਨਾ ਹੋਣ ਕਾਰਨ ਆਰਮੀ ਹਸਪਤਾਲ ਪਠਾਨਕੋਟ ਵਿਖੇ ਰੈਫ਼ਰ ਕਰ ਦਿਤਾ ਗਿਆ, ਜਿਥੇ ਜ਼ੇਰੇ ਇਲਾਜ ਉਸਦੀ ਮੌਤ ਹੋ ਗਈ। ਮੌਤ ਉਪੰਰਤ ਡਾਕਟਰਾਂ ਨੇ ਕੋਰੋਨਾ ਵਾਇਰਸ ਦਾ ਸ਼ੱਕ ਜ਼ਾਹਰ ਕੀਤਾ ਸੀ, ਜਿਸ ਕਰ ਕੇ ਆਰਮੀ ਸਿਹਤ ਵਿਭਾਗ ਪਠਾਨਕੋਟ ਦੀ ਟੀਮ ਨੇ ਉਸ ਦੇ ਨਮੂਨੇ ਲੈ ਕੇ ਟੈਸਟ ਲਈ ਮੈਡੀਕਲ ਕਾਲਜ ਅੰਮ੍ਰਿਤਸਰ ਵਿਖੇ ਭੇਜੇ ਸਨ।
ਇਸ ਦੇ ਨਾਲ ਹੀ ਸਾਬਕਾ ਸੈਨਿਕ ਦੀ ਮ੍ਰਿਤਕ ਦੇਹ ਆਰਮੀ ਸਿਹਤ ਵਿਭਾਗ ਪਠਾਨਕੋਟ ਦੀ ਨਿਗਰਾਨੀ ਹੇਠ ਪਿੰਡ ਸੱਲੋਵਾਲ ਦੇ ਸ਼ਮਸ਼ਾਨਘਾਟ ਵਿਖੇ ਲਿਆਂਦੀ ਗਈ ਅਤੇ ਮੁਕੇਰੀਆਂ ਪ੍ਰਸ਼ਾਸਨ ਅਤੇ ਸਿਹਤ ਕਰਮਚਾਰੀਆਂ ਦੀ ਹਾਜ਼ਰੀ ਵਿਚ ਪੂਰੀ ਸਾਵਧਾਨੀ ਨਾਲ ਅੰਤਮ ਸਸਕਾਰ ਕੀਤਾ ਗਿਆ ਸੀ।
ਐਸ.ਐਮ.ਓ. ਬੁੱਢਾਬੜ ਜਤਿੰਦਰ ਕੁਮਾਰ ਨੇ ਦਸਿਆ ਕਿ ਤਹਿਸੀਲਦਾਰ ਮੁਕੇਰੀਆਂ ਜਗਤਾਰ ਸਿੰਘ ਦੀ ਅਗਵਾਈ ਵਿਚ ਪੂਰੀ ਟੀਮ ਵਲੋਂ ਮ੍ਰਿਤਕ ਸਾਬਕਾ ਸੈਨਿਕ ਧਰਮਵੀਰ ਮਹਿਰਾ ਦਾ ਸਸਕਾਰ ਕੀਤਾ ਗਿਆ ਸੀ ਤੇ ਪਿੰਡ ਨੂੰ ਸੈਨੇਟਾਈਜ਼ ਕਰਨ ਉਪਰੰਤ ਪਿੰਡ ਵਾਸੀਆਂ ਨੂੰ ਸੁਰੱਖਿਆ ਅਪਣਾਉਣ ਦੀਆਂ ਹਦਾਇਤਾਂ ਜਾਰੀ ਕੀਤੀਆਂ ਸਨ। ਜਿਸ ਕਰ ਕੇ ਪਿੰਡ ਵਾਸੀਆਂ ਸਮੇਤ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ ਸੀ ਜੋ ਕਿ ਸੈਂਪਲ ਦੀ ਰਿਪੋਰਟ ਨੈਗੇਟਿਵ ਆਉਣ ਤੋਂ ਬਾਅਦ ਹੁਣ ਕੁੱਝ ਸੁਖਾਵਾਂ ਬਣ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜੇ ਤੱਕ ਮੁਕੇਰੀਆਂ ਖੇਤਰ ਵਿੱਚ ਕੋਈ ਵੀ ਕੋਰੋਨਾ ਪੌਜਟਿਵ ਕੇਸ ਸਾਹਮਣੇ ਨਹੀਂ ਆਇਆ ਹੈ।