
ਕਿਸਾਨ ਨੂੰ ਬਣਦਾ ਮੁਆਵਜ਼ਾ ਦੇਣ ਦੀ ਮੰਗ
ਸੰਗਰੂਰ (ਇੰਦਰਜੀਤ ਸਿੰਘ) - ਸੰਗਰੂਰ ਜ਼ਿਲ੍ਹੇ ਦੇ ਪਿੰਡ ਛਾਜਲੀ ਵਿਚ ਕਣਕ ਦੀ ਖੜ੍ਹੀ ਫਸਲ ਨੂੰ ਅੱਗ ਲੱਗਣ ਕਾਰਨ ਕਿਸਾਨ ਦਾ ਵੱਡਾ ਨੁਕਸਾਨ ਹੋਇਆ। ਮਿਲੀ ਜਾਣਕਾਰੀ ਮੁਤਾਬਕ ਅੱਗ ਲੱਗਣ ਕਾਰਨ 3.5 ਏਕੜ ਵਿਚ ਫਸਲ ਸੜ ਕੇ ਸੁਹਾਅ ਹੋ ਗਈ ਹੈ। ਕਾਫੀ ਉਡੀਕ ਤੋਂ ਬਾਅਦ ਵੀ ਅੱਗ ਬੁਝਾਉਣ ਲਈ ਫਾਇਰ ਬ੍ਰਿਗੇਡ ਮੌਕੇ 'ਤੇ ਨਹੀਂ ਪਹੁੰਚੀ, ਜਿਸ ਕਾਰਨ ਕਿਸਾਨਾਂ ਵਿਚ ਰੋਸ ਹੈ। ਪਿੰਡ ਵਾਸੀਆਂ ਨੇ ਬਹੁਤ ਮੁਸ਼ਕਲ ਨਾਲ ਖੁਦ ਅੱਗ ਉੱਤੇ ਕਾਬੂ ਪਾਇਆ ਹੈ। ਕਿਸਾਨਾਂ ਨੇ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ।
Inderjeet Singh
ਇਸ ਘਟਨਾ ਬਾਰੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਇੰਦਰਜੀਤ ਸਿੰਘ ਨੇ ਦੱਸਿਆ ਕਿ ਛਾਜਲੀ ਵਿਚ ਸ਼ੇਰ ਸਿੰਘ ਪੁੱਤਰ ਮਾੜਾ ਸਿੰਘ ਦੇ ਖੇਤ ਵਿਚ ਇਹ ਅੱਗ ਲੱਗੀ ਹੈ। ਉਹਨਾਂ ਦੱਸਿਆ ਕਿ 3.5 ਏਕੜ ਫਸਲ ਨੂੰ ਅੱਗ ਲੱਗੀ ਹੈ ਤੇ ਨੇੜੇ ਦੇ ਪਿੰਡਾਂ ਦੇ ਲੋਕਾਂ ਨੂੰ ਬਹੁਤ ਮੁਸ਼ਕਲ ਨਾਲ ਅੱਗ 'ਤੇ ਕਾਬੂ ਪਾਇਆ ਹੈ। ਇੰਦਰਜੀਤ ਸਿੰਘ ਨੇ ਸਰਕਾਰ ਤੋਂ ਮੰਗ ਕੀਤੀ ਕਿ ਉਹਨਾਂ ਦੇ ਨਜਦੀਕੀ ਸਾਰੇ ਪਿੰਡਾਂ ਨੂੰ ਫਾਇਰ ਬ੍ਰਿਗੇਡ ਦੀ ਗੱਡੀ ਮੁਹੱਈਆ ਕਰਵਾਈ ਜਾਵੇ ਕਿਉਂਕਿ ਉਹਨਾਂ ਨੇ ਪਾਇਰ ਬ੍ਰਿਗੇਡ ਦੀ ਗੱਡੀ ਨੂੰ ਫੋਨ ਕੀਤਾ ਸੀ ਪਰ ਉਹ ਸਮੇਂ ਸਿਰ ਨਹੀਂ ਆਈ। ਇਸ ਦੇ ਨਾਲ ਹੀ ਉਹਨਾਂ ਨੇ ਕਿਸਾਨ ਨੂੰ ਬਣਦਾ ਮੁਆਵਜ਼ਾ ਦੇਣ ਦੀ ਮੰਗ ਵੀ ਕੀਤੀ।
ਇਸ ਦੇ ਨਾਲ ਹੀ ਦੱਸ ਦਈਏ ਕਿ ਬੁਢਲਾਡਾ ਸ਼ਹਿਰ ਦੇ ਕੁਲਾਣਾ ਰੋਡ ਸਥਿਤ ਰੇਲਵੇ ਫਾਟਕ ਦੇ ਨਜ਼ਦੀਕ ਵੀ ਸਵਾ 2 ਏਕੜ ਖੜ੍ਹੀ ਕਣਕ ਦੀ ਫਸਲ ਨੂੰ ਅੱਗ ਲੱਗ ਗਈ ਜਿਸ ਕਾਰਨ ਫਸਲ ਸੜ ਕੇ ਸਵਾ ਹੋ ਗਈ। ਜਾਣਕਾਰੀ ਅਨੁਸਾਰ ਸਿਮਰਨਜੀਤ ਸਿੰਘ ਸਿੰਮੀ ਪੁੱਤਰ ਰਾਜਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਇੱਕ ਏਕੜ ’ਚ ਫੈਲੀ ਕਣਕ ਦੀ ਫਸਲ ਨੂੰ ਅਚਾਨਕ ਅੱਗ ਲੱਗਣ ਕਾਰਨ ਫਸਲ ਸੁਆਹ ਹੋ ਗਈ।
ਇਸੇ ਤਰ੍ਹਾਂ ਉਨ੍ਹਾਂ ਨਾਲ ਲੱਗਦੀ ਸੁਖਵਿੰਦਰ ਸਿੰਘ ਦੀ ਸਵਾ ਏਕੜ ਕਣਕ ਅੱਗ ਲੱਗਣ ਕਾਰਨ ਸੁਆਹ ਹੋ ਗਈ। ਅੱਗ ਲੱਗਣ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਪਰ ਉਨ੍ਹਾਂ ਦੱਸਿਆ ਕਿ ਕਣਕ ਦੇ ਆਸ-ਪਾਸ ਕੁੱਝ ਝੁੱਗੀਆਂ-ਝੌਂਪੜੀਆਂ ’ਚ ਰਹਿੰਦੇ ਲੋਕਾਂ ਦੀ ਵਸੋਂ ਕਾਰਨ ਇਸ ਨੂੰ ਅਣਗਹਿਲੀ ਵੀ ਦੱਸਿਆ ਜਾ ਰਿਹਾ ਹੈ। ਉਨ੍ਹਾਂ ਸਿਟੀ ਪੁਲਿਸ ਬੁਢਲਾਡਾ ਨੂੰ ਇਸ ਘਟਨਾ ਸਬੰਧੀ ਸੂਚਿਤ ਕਰ ਦਿੱਤਾ ਹੈ। ਐੱਸ. ਐੱਚ. ਓ. ਸਿਟੀ ਸੁਰਜਨ ਸਿੰਘ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਉਹ ਇਸ ਘਟਨਾ ਦੀ ਜਾਂਚ ਕਰ ਰਹੇ ਹਨ।