
ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕਾਹਲਵਾ ਦਾ ਜੰਮਪਲ ਹੈ ਮਨਿੰਦਰਪਾਲ ਸਿੰਘ
ਮੁਹਾਲੀ: ਸੋਨੇ ਦੀ ਚਿੜੀ ਕਹਾਉਣ ਵਾਲੇ ਪੰਜਾਬ ਨੂੰ ਨਜ਼ਰ ਲੱਗ ਗਈ ਹੈ। ਅੱਜ ਪੰਜਾਬ ਵਿਚ ਛੇਵਾਂ ਦਰਿਆ ਨਸ਼ਿਆਂ ਦਾ ਵਗ ਰਿਹਾ ਹੈ। ਪੰਜਾਬ ਦੇ ਨੌਜਵਾਨਾਂ ਨੂੰ ਨਸ਼ਿਆਂ ਨੇ ਘੁਣ ਵਾਂਗ ਖਾ ਲਿਆ ਹੈ ਪਰ ਇਸ ਸਭ ਤੋਂ ਕੋਹਾਂ ਦੂਰ ਪੰਜਾਬ ਦੇ ਜ਼ਿਲ੍ਹਾ ਹੁਸ਼ਿਆਰਪੁਰ ਦੇ ਪਿੰਡ ਕਾਹਲਵਾ ਦੇ ਜੰਮਪਲ ਮਨਿੰਦਰਪਾਲ ਸਿੰਘ ਨੇ ਆਪਣੀ ਬਾਡੀ ਦੇ ਦਮ ਤੇ ਇਟਲੀ ਵਿਚ ਝੰਡੇ ਗੱਡ ਦਿੱਤੇ। ਮਨਿੰਦਰਪਾਲ ਸਿੰਘ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦੇ ਹੋਏ ਇਟਲੀ ਭਰ ਵਿੱਚੋਂ ਦੂਜਾ ਸਥਾਨ ਹਾਸਲ ਕੀਤਾ ਹੈ।
PHOTO
ਇਟਲੀ ਦੀ ਆਈ.ਸੀ.ਐਨ. ਵੱਲੋਂ ਕਰਵਾਏ ਜਾਂਦੇ ਬਾਡੀ ਬਿਲਡਿੰਗ ਮੁਕਾਬਲਿਆਂ ਵਿੱਚ ਇਟਲੀ ਭਰ ਤੋਂ ਵੱਖ ਵੱਖ ਤਰ੍ਹਾਂ ਦੀਆਂ ਕੈਟਾਗਰੀਆਂ ਦੇ ਬਾਡੀ ਬਿਲਡਰਾਂ ਨੇ ਭਾਗ ਲਿਆ ਅਤੇ ਇਸ ਪ੍ਰਤੀਯੋਗਤਾ ਵਿੱਚ ਮਨਿੰਦਰਪਾਲ ਸਿੰਘ ਵੱਲੋਂ ਪਹਿਲੀ ਵਾਰ ਹੀ ਦੂਜਾ ਨੰਬਰ ਹਾਸਲ ਕਰਕੇ ਪੰਜਾਬ ਅਤੇ ਪੰਜਾਬੀਅਤ ਦਾ ਨਾਮ ਰੌਸ਼ਨ ਕੀਤਾ ਗਿਆ।
PHOTO
ਪ੍ਰੈੱਸ ਨਾਲ ਗੱਲਬਾਤ ਕਰਦੇ ਹੋਏ ਮਨਿੰਦਰਪਾਲ ਸਿੰਘ ਨੇ ਕਿਹਾ ਕਿ ਇਸ ਮੁਕਾਮ 'ਤੇ ਪਹੁੰਚਣ ਲਈ ਉਹ ਆਪਣੇ ਮਾਤਾ ਪਿਤਾ ਦੇ ਨਾਲ ਨਾਲ ਬਾਡੀ ਬਿਲਡਿੰਗ ਦੇ ਗੁਰ ਸਿਖਾਉਣ ਵਾਲੇ ਗੁਰੂ ਦਾ ਬਹੁਤ ਧੰਨਵਾਦੀ ਹੈ, ਜਿਨ੍ਹਾਂ ਦੀ ਸਿੱਖਿਆ ਕਰਕੇ ਅੱਜ ਮੈਂ ਇਨ੍ਹਾਂ ਮੁਕਾਬਲਿਆਂ ਵਿੱਚ ਮੋਹਰੀ ਰਿਹਾ ਹਾਂ। ਮਨਿੰਦਰ ਪਾਲ ਸਿੰਘ ਬ੍ਰੇਸ਼ੀਆ ਦੇ ਸ਼ਹਿਰ ਲੋਨਾਤੋ ਦੇਲ ਗਾਰਦਾ ਵਿਖੇ ਪਿਛਲੇ ਲੰਬੇ ਸਮੇਂ ਤੋਂ ਰਹਿ ਰਿਹਾ ਹੈ। ਉਸ ਦੀ ਇਸ ਜਿੱਤ 'ਤੇ ਇਟਲੀ ਦੇ ਸਮੂਹ ਪੰਜਾਬੀ ਭਾਈਚਾਰੇ ਨੇ ਖੁਸ਼ੀ ਦਾ ਪ੍ਰਗਟਾਵਾ ਕੀਤਾ ਹੈ।