
ਧੀਮਾਨ ਨੇ ਰਾਜਾ ਵੜਿੰਗ ਨੂੰ ਮੌਕਾਪ੍ਰਸਤ ਅਤੇ ਭ੍ਰਿਸ਼ਟ ਕਿਹਾ
ਚੰਡੀਗੜ੍ਹ - ਪੰਜਾਬ ਕਾਂਗਰਸ ਵਿਚ ਨਵੇਂ ਪ੍ਰਧਾਨ ਦੀ ਨਿਯੁਕਤੀ ਤੋਂ ਬਾਅਦ ਹੰਗਾਮਾ ਸ਼ੁਰੂ ਹੋ ਗਿਆ ਹੈ। ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਪ੍ਰਧਾਨ ਬਣਨ 'ਤੇ ਵਧਾਈ ਦਿੱਤੀ ਹੈ ਪਰ ਹਾਈਕਮਾਂਡ ਦਾ ਇਹ ਫੈਸਲਾ ਸਿੱਧੂ ਦੇ ਸਮਰਥਕਾਂ ਨੂੰ ਪਸੰਦ ਨਹੀਂ ਆ ਰਿਹਾ ਹੈ। ਕੁਝ ਦਿਨਾਂ ਤੋਂ ਨਵਜੋਤ ਸਿੰਘ ਸਿੱਧੂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਚੱਲ ਰਹੇ ਸਮਰਥਕ ਰਾਜਾ ਵੜਿੰਗ ਨੂੰ ਪ੍ਰਧਾਨ ਚੁਣੇ ਜਾਣ ਤੋਂ ਨਾਰਾਜ਼ ਹਨ। ਜਿਸ ਕਾਰਨ ਪੰਜਾਬ ਵਿਚ ਇੱਕ ਵਾਰ ਫਿਰ ਕਾਂਗਰਸ ਦੀ ਬੇਚੈਨੀ ਵਧਦੀ ਨਜ਼ਰ ਆ ਰਹੀ ਹੈ।
Surjit Singh Dhiman
ਰਾਜਾ ਵੜਿੰਗ ਨੂੰ ਪ੍ਰਧਾਨ ਬਣਾਏ ਜਾਣ ਨੂੰ ਲੈ ਕੇ ਸੁਰਜੀਤ ਧੀਮਾਨ ਵਲੋਂ ਸਭ ਤੋਂ ਪਹਿਲਾਂ ਵਿਰੋਧ ਸ਼ੁਰੂ ਕੀਤਾ ਗਿਆ । ਉਨ੍ਹਾਂ ਨੇ ਰਾਜਾ ਵੜਿੰਗ ਨੂੰ ਮੌਕਾਪ੍ਰਸਤ ਅਤੇ ਭ੍ਰਿਸ਼ਟ ਕਿਹਾ। ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਉਹੀ ਵਿਅਕਤੀ ਹੈ, ਜਿਸ ਦਾ ਨਾਂ ਨਸ਼ਿਆਂ ਦੇ ਮਾਮਲਿਆਂ ਅਤੇ ਪੈਸਿਆਂ ਦੇ ਲੈਣ-ਦੇਣ 'ਚ ਆਉਣ ਤੋਂ ਬਾਅਦ ਬਾਦਲ ਪਰਿਵਾਰ ਦੇ ਸਾਹਮਣੇ ਆਇਆ ਸੀ। ਇਸ ਸਮੇਂ ਪੰਜਾਬ ਵਿਚ ਕਾਂਗਰਸ ਨੂੰ ਬਚਾਉਣ ਲਈ ਨਵਜੋਤ ਸਿੰਘ ਸਿੱਧੂ ਵਰਗੇ ਵਿਅਕਤੀ ਦੀ ਲੋੜ ਸੀ, ਜਿਹਨਾਂ ਨੇ ਨਿਰਸਵਾਰਥ ਸੇਵਾ ਕੀਤੀ ਹੈ। ਰਾਜਾ ਵੜਿੰਗ ਨੂੰ ਪੰਜਾਬ ਦਾ ਮੁਖੀ ਬਣਾਉਣ ਨਾਲੋਂ ਬੇਹਤਰ ਸੀ ਕਿਸੇ ਅਨਾੜੀ ਨੂੰ ਹੀ ਪ੍ਰਧਾਨ ਲਗਾ ਦਿੰਦੇ।
Navjot Sidhu
ਧੀਮਾਨ ਤੋਂ ਇਲਾਵਾ ਦੋ ਹੋਰ ਚਿਹਰੇ ਸਿੱਧੂ ਦੇ ਸਮਰਥਨ 'ਚ ਨਜ਼ਰ ਆਏ। ਸਿੱਧੂ ਦੇ ਸਾਬਕਾ ਸਲਾਹਕਾਰ ਸੁਰਿੰਦਰ ਢੱਲਾ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਨੂੰ ਪੰਜਾਬ ਵਿੱਚ ਕਦੇ ਵੀ ਫਰੀ ਹੈਂਡ ਨਹੀਂ ਦਿੱਤਾ ਗਿਆ। ਉਹ ਆਪਸੀ ਲੜਾਈ ਦਾ ਸ਼ਿਕਾਰ ਹੋ ਗਏ। ਇਸ ਦੇ ਨਾਲ ਹੀ ਸਾਬਕਾ ਵਿਧਾਇਕ ਸੁਨੀਲ ਦੱਤੀ ਨੇ ਵੀ ਇਹ ਸ਼ਬਦ ਦੁਹਰਾਉਂਦੇ ਹੋਏ ਦੱਸਿਆ ਕਿ ਪੰਜਾਬ ਦੇ ਵਰਕਰਾਂ ਵਿਚ ਸਿੱਧੂ ਨੂੰ ਪੰਜਾਬ ਵਿਚ ਫਰੀ ਹੈਂਡ ਨਾ ਦਿੱਤੇ ਜਾਣ ਤੋਂ ਨਾਰਾਜ਼ਗੀ ਹੈ। ਸਿੱਧੂ ਪੰਜਾਬ ਵਿਚ ਜੋ ਕਰਨਾ ਚਾਹੁੰਦਾ ਸੀ, ਉਹ ਨਹੀਂ ਕਰ ਸਕਿਆ।