
6635 ਈਟੀਟੀ ਅਧਿਆਪਕ ਭਰਤੀ ਦੀ ਮੈਰਿਟ 'ਤੇ ਤਲਵਾਰ ਲਟਕੀ
ਈਟੀਟੀ ਭਰਤੀ ਦੀ ਲਿਸਟ 'ਚ ਆਏ ਅਯੋਗ ਟੈਟ ਉਮੀਦਵਾਰਾਂ ਦੀ ਛਾਂਟੀ ਦੀ ਮੰਗ 'ਤੇ ਫ਼ੈਸਲਾ ਲੈਣ ਦੀ ਹਦਾਇਤ
ਚੰਡੀਗੜ੍ਹ, 9 ਅਪ੍ਰੈਲ (ਸੁਰਜੀਤ ਸਿੰਘ ਸੱਤੀ) : ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਸਿਖਿਆ ਵਿਭਾਗ ਨੂੰ 6635 ਐਲੀਮੈਂਟਰੀ ਟੀਚਰ ਟ੍ਰੇਨਿੰਗ (ਈਟੀਟੀ) ਅਧਿਆਪਕਾਂ ਦੀ ਭਰਤੀ ਦੀ ਸੂਚੀ ਵਿਚ ਆਏ ਅਯੋਗ ਈਟੀਟੀ ਉਮੀਦਵਾਰਾਂ ਦੀ ਛਾਂਟੀ ਕਰਨ ਦੀ ਮੰਗ 'ਤੇ ਫ਼ੈਸਲਾ ਲੈਣ ਦੀ ਹਦਾਇਤ ਕੀਤੀ ਹੈ | ਇਕ ਪਟੀਸ਼ਨ ਵਿਚ ਦੋਸ਼ ਲਗਾਇਆ ਗਿਆ ਸੀ ਕਿ ਅਨੇਕ ਉਮੀਦਵਾਰਾਂ ਨੂੰ ਯੋਗਤਾ ਪੂਰੀ ਨਾ ਹੋਣ ਦੇ ਬਾਵਜੂਦ ਅਧਿਆਪਕ ਯੋਗਤਾ ਟੈਸਟ (ਟੀਈਟੀ ਟੈਟ) ਵਿਚ ਮੌਕਾ ਦਿਤਾ ਗਿਆ ਤੇ ਟੀਈਟੀ (ਟੈਟ) ਪਾਸ ਇਨ੍ਹਾਂ ਕਥਿਤ ਅਯੋਗ ਉਮੀਦਵਾਰਾਂ ਨੇ ਈਟੀਟੀ ਦੀ ਭਰਤੀ ਲਈ ਬਿਨੈ ਕੀਤਾ ਤੇ ਹੁਣ ਇਹ ਉਮੀਦਵਾਰ ਈਟੀਟੀ ਭਰਤੀ ਦੀ ਸੂਚੀ ਵਿਚ ਆ ਗਏ ਹਨ |
ਅਪਣੇ ਆਪ ਨੂੰ ਯੋਗਤਾ ਪੂਰੀ ਕਰਨ ਦਾ ਦਾਅਵਾ ਕਰਨ ਵਾਲੇ ਪਟੀਸ਼ਨਰਾਂ ਨੇ ਹਾਈਕੋਰਟ ਤੋਂ ਮੰਗ ਕੀਤੀ ਸੀ ਕਿ ਵਿਭਾਗ ਨੂੰ ਈਟੀਟੀ ਦੇ ਕਥਿਤ ਅਯੋਗ ਉਮੀਦਵਾਰਾਂ ਦੀ ਛਾਂਟੀ ਕਰਨ ਦੀ ਹਦਾਇਤ ਕੀਤੀ ਜਾਵੇ | ਹੁਣ ਪਟੀਸ਼ਨਰਾਂ ਨੇ ਇਕ ਹੋਰ ਅਰਜੀ ਦੇ ਕੇ ਮੰਗ ਕੀਤੀ ਸੀ ਕਿ ਪਟੀਸ਼ਨ ਵਾਪਸ ਲੈਣ ਦੀ ਇਜਾਜ਼ਤ ਦਿਤੀ ਜਾਵੇ ਪਰ ਨਾਲ ਹੀ ਪਟੀਸ਼ਨ ਵਿਚਲੀ ਮੰਗ ਨੂੰ ਲੈ ਕੇ ਸਿੱਖਿਆ ਵਿਭਾਗ ਨੂੰ ਭੇਜੇ ਗਏ ਕਾਨੂੰਨੀ ਨੋਟਿਸ 'ਤੇ ਫ਼ੈਸਲਾ ਲੈਣ ਦੀ ਹਦਾਇਤ ਕੀਤੀ ਜਾਵੇ ਤੇ ਇਹ ਮੰਗ ਪ੍ਰਵਾਨ ਕਰਦਿਆਂ ਜਸਟਿਸ ਮਹਾਵੀਰ ਸਿੰਘ ਸਿੰਧੂ ਦੀ ਬੈਂਚ ਨੇ ਸਿਖਿਆ ਵਿਭਾਗ ਨੂੰ ਹਦਾਇਤ ਕੀਤੀ ਹੈ ਕਿ ਕਾਨੂੰਨੀ ਨੋਟਿਸ 'ਤੇ ਫ਼ੈਸਲਾ ਲਿਆ ਜਾਵੇ ਤੇ ਨਾਲ ਹੀ ਪਟੀਸ਼ਨਰਾਂ ਨੂੰ ਛੋਟ ਦਿਤੀ ਹੈ ਕਿ ਜੇਕਰ ਉਹ ਸਿੱਖਿਆ ਵਿਭਾਗ ਦੇ ਫ਼ੈਸਲੇ ਤੋਂ ਸੰਤੁਸ਼ਟ ਨਹੀਂ ਹੁੰਦੇ ਤਾਂ ਮੁੜ ਇਸੇ ਪਟੀਸ਼ਨ ਦੀ ਸੁਣਵਾਈ ਖੁੱਲ੍ਹਵਾ ਸਕਦੇ ਹਨ |
ਦਰਅਸਲ ਨਿਯਮਾਂ ਮੁਤਾਬਕ ਈਟੀਟੀ ਭਰਤੀ ਵਿਚ ਬਿਨੈ ਕਰਨ ਲਈ ਬਾਰ੍ਹਵੀਂ ਪਾਸ ਹੋਣਾ ਤੇ ਟੀਈਟੀ (ਟੈਟ) ਪਾਸ ਹੋਣਾ ਜ਼ਰੂਰੀ ਹੈ | ਟੀਈਟੀ (ਟੈਟ) ਪ੍ਰੀਖਿਆ ਵਿਚ ਉਹੀ ਉਮੀਦਵਾਰ ਬੈਠ ਸਕਦਾ ਹੈ, ਜਿਸ ਨੇ ਈਟੀਟੀ ਕੋਰਸ ਪਾਸ ਕੀਤਾ ਹੋਵੇ ਜਾਂ ਜਿਸ ਨੇ ਈਟੀਟੀ ਦੇ ਦੋ ਸਾਲਾਂ ਦੇ ਕੋਰਸ ਵਿਚੋਂ ਪਹਿਲਾ ਸਾਲ ਪਾਸ ਕਰ ਲਿਆ ਹੋਵੇ ਤੇ ਦੂਜੇ ਸਾਲ ਦੀ ਪ੍ਰੀਖਿਆ ਦਿਤੀ ਹੋਈ ਹੋਵੇ ਪਰ ਈਟੀਟੀ ਕੋਰਸ ਦੇ ਕਈ ਅਜਿਹੇ ਉਮੀਦਵਾਰਾਂ ਨੂੰ ਟੈਟ ਪ੍ਰੀਖਿਆ ਵਿਚ ਬੈਠਣ ਦੀ ਇਜਾਜ਼ਤ ਦਿਤੀ ਗਈ, ਜਿਨ੍ਹਾਂ ਨੇ ਟੈਟ ਪ੍ਰੀਖਿਆ ਵਿਚ ਅਰਜੀ ਦੇਣ ਦੀ ਆਖ਼ਰੀ ਤਰੀਕ ਤਕ ਪਹਿਲਾ ਸਾਲ ਵੀ ਪਾਸ ਨਹੀਂ ਸੀ ਕੀਤਾ ਹੋਇਆ | ਅਜਿਹੇ ਉਮੀਦਵਾਰ ਟੈਟ ਪਾਸ ਹੋ ਗਏ ਤੇ ਪਿਛਲੇ ਸਾਲ ਨਿਕਲੀ ਈਟੀਟੀ ਭਰਤੀ ਲਈ ਅਜਿਹੇ ਉਮੀਦਵਾਰਾਂ ਦੇ ਬਿਨੈ ਵੀ ਮਨਜ਼ੂਰ ਕਰ ਲਏ ਗਏ, ਜਿਨ੍ਹਾਂ ਦਾ ਟੈਟ ਪ੍ਰੀਖਿਆ ਵਿਚ ਬਿਨੈ ਕਰਨ ਦੀ ਆਖ਼ਰੀ ਤਰੀਕ ਤਕ ਈਟੀਟੀ ਦਾ ਪਹਿਲੇ ਸਾਲ ਦਾ ਨਤੀਜਾ ਵੀ ਨਹੀਂ ਆਇਆ ਸੀ |
ਪਟੀਸ਼ਨਰਾਂ ਮੁਤਾਬਕ ਇਸ ਤਰ੍ਹਾਂ ਨਾਲ ਟੈਟ ਪਾਸ ਕਰਨ ਵਾਲੇ ਉਮੀਦਵਾਰਾਂ ਨੇ ਪਿਛਲੇ ਸਾਲ ਨਿਕਲੀ 6635 ਈਟੀਟੀ ਅਧਿਆਪਕ ਭਰਤੀ ਲਈ ਬਿਨੈ ਕਰਨ ਦੇ ਯੋਗ ਨਹੀਂ ਸੀ ਪਰ ਇਸ ਦੇ ਬਾਵਜੂਦ ਉਨ੍ਹਾਂ ਦੇ ਬਿਨੈ ਮੰਜੂਰ ਕਰ ਲਏ ਗਏ ਤੇ ਬਾਅਦ ਵਿਚ ਉਹ ਈਟੀਟੀ ਭਰਤੀ ਦੀ ਸੂਚੀ ਵਿਚ ਵੀ ਆ ਗਏ | ਇਸੇ ਕਾਰਨ ਪਟੀਸ਼ਨਰਾਂ ਨੇ ਸਿੱਖਿਆ ਵਿਭਾਗ ਨੰੂ ਨੋਟਿਸ ਭੇਜਿਆ ਸੀ ਕਿ ਈਟੀਟੀ ਪਹਿਲਾ ਸਾਲ ਪਾਸ ਹੋਣ ਦੀ ਯੋਗਤਾ ਪੂਰੀ ਨਾ ਕਰਦੇ ਉਮੀਦਵਾਰਾਂ ਨੂੰ ਟੀਈਟੀ ਪ੍ਰੀਖਿਆ ਵਿਚ ਗਲਤ ਤਰੀਕੇ ਨਾਲ ਬਿਠਾਇਆ ਗਿਆ, ਲਿਹਾਜਾ ਉਨ੍ਹਾਂ ਨੂੰ ਈਟੀਟੀ ਭਰਤੀ ਦੀ ਸੂਚੀ ਤੋਂ ਬਾਹਰ ਕੀਤਾ ਜਾਵੇ ਤਾਂ ਜੋ ਅਯੋਗ ਉਮੀਦਵਾਰਾਂ ਦੇ ਮੈਰਿਟ ਵਿਚ ਆਉਣ ਨਾਲ ਅਸਲ ਯੋਗ ਉਮੀਦਵਾਰਾਂ ਦਾ ਹੱਕ ਨਾ ਮਾਰਿਆ ਜਾਵੇ |