
ਮੁਸਲਿਮ ਭਾਈਚਾਰੇ ਨੇ ਗੁਰਦੁਆਰਾ ਸਾਹਿਬ ਵਿਚ ਅਦਾ ਕੀਤੀ ਨਮਾਜ਼
ਪਿੰਡ ਦੇ ਹਿੰਦੂ ਪਰਿਵਾਰਾਂ ਨੇ ਵੀ ਪਾਇਆ ਯੋਗਦਾਨ
ਮਲੇਰਕੋਟਲਾ : ਭਾਈਚਾਰਕ ਸਾਂਝ ਦੀ ਮਿਸਾਲ ਉਸ ਵੇਲੇ ਦੇਖਣ ਨੂੰ ਮਿਲੀ ਜਦੋਂ ਸਿੱਖ ਭਾਈਚਾਰੇ ਦੇ ਮੈਂਬਰਾਂ ਨੇ ਐਤਵਾਰ ਨੂੰ ਮਲੇਰਕੋਟਲਾ ਕਸਬੇ ਨੇੜੇ ਜੈਨਪੁਰ ਪਿੰਡ ਦੇ ਗੁਰਦੁਆਰੇ ਵਿਚ ਆਪਣੇ ਮੁਸਲਿਮ ਭਾਈਚਾਰੇ ਨਾਲ ਸਬੰਧ ਰੱਖਣ ਵਾਲੇ ਗੁਆਂਢੀਆਂ ਅਤੇ ਦੋਸਤਾਂ ਲਈ ਇਫ਼ਤਾਰ ਸਮਾਗਮ ਦਾ ਆਯੋਜਨ ਕੀਤਾ।
ਪਿੰਡ ਦੇ ਹਿੰਦੂ ਪਰਿਵਾਰਾਂ ਨੇ ਵੀ ਇਸ ਸਮਾਗਮ ਵਿੱਚ ਸ਼ਮੂਲੀਅਤ ਕੀਤੀ ਅਤੇ ਇਸ ਵਿੱਚ ਆਰਥਿਕ ਅਤੇ ਹਰ ਸੰਭਵ ਮਦਦ ਕੀਤੀ। ਸਮਾਗਮ ਵਿੱਚ ਸ਼ਾਮਲ ਹੋਏ ਮੁਸਲਿਮ ਭਾਈਚਾਰੇ ਦੇ ਲੋਕਾਂ ਨੇ ਵੀ ਵਰਤ ਤੋੜਨ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿੱਚ ਨਮਾਜ਼ ਅਦਾ ਕੀਤੀ।
ਸਮਾਗਮ ਦੌਰਾਨ ਗੁਰਦੁਆਰਾ ਸਿੰਘ ਸਭਾ ਜੈਨਪੁਰ ਦੇ ਹੈੱਡ ਗ੍ਰੰਥੀ ਅਮਰਜੀਤ ਸਿੰਘ ਨੇ ਦੱਸਿਆ ਕਿ ਇਫ਼ਤਾਰ ਸਮਾਗਮ ਦਾ ਆਯੋਜਨ ਪੂਰੇ ਪਿੰਡ ਵੱਲੋਂ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਇਸ ਸਮਾਗਮ ਵਿੱਚ ਮਲੇਰਕੋਟਲਾ ਇਲਾਕੇ ਦੇ ਮੁਸਲਿਮ ਭਾਈਚਾਰੇ ਦੇ ਲੋਕ ਵੀ ਸ਼ਾਮਲ ਹੋਏ।
ਇਹ ਵੀ ਪੜ੍ਹੋ: KKR ਸਟਾਰ ਰਿੰਕੂ ਸਿੰਘ ਦੇ ਸੰਘਰਸ਼ ਦੀ ਕਹਾਣੀ, ਪੜ੍ਹੋ ਦਿੱਗਜ਼ ਬੱਲੇਬਾਜ਼ ਦੀ ਜ਼ਿੰਦਗੀ ਨਾਲ ਜੁੜੇ ਅਣਸੁਣੇ ਕਿੱਸੇ
ਗੁਰਦੁਆਰੇ ਦੇ ਮੁੱਖ ਗ੍ਰੰਥੀ ਨੇ ਇਸ ਬਾਰੇ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ, "ਅਸੀਂ ਕੁਝ ਸਮਾਂ ਪਹਿਲਾਂ ਅਜਿਹੇ ਸਮਾਗਮਾਂ ਦਾ ਆਯੋਜਨ ਕਰਨਾ ਸ਼ੁਰੂ ਕੀਤਾ ਸੀ ਅਤੇ ਦੋ ਸਾਲਾਂ ਤੋਂ ਇਸ ਪਾਰਟੀ ਦਾ ਆਯੋਜਨ ਕਰ ਰਹੇ ਹਾਂ। ਸਾਡੇ ਮਨ ਵਿੱਚ ਇਹ ਵਿਚਾਰ ਉਦੋਂ ਆਇਆ ਜਦੋਂ ਅਸੀਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਜਸ਼ਨਾਂ 'ਤੇ ਸੁਲਤਾਨਪੁਰ ਲੋਧੀ ਲਈ ਨਗਰ ਕੀਰਤਨ ਲੈ ਕੇ ਜਾ ਰਹੇ ਸੀ ਅਤੇ ਮਲੇਰਕੋਟਲਾ ਵਿੱਚ ਲੋਕਾਂ ਨੇ ਸਾਡੇ ਲਈ ਲੰਗਰ ਲਗਾਇਆ ਜਦੋਂ। ਇਫ਼ਤਾਰ ਸਮਾਗਮ ਵਿੱਚ ਸਿਰਫ਼ ਅਸੀਂ ਹੀ ਨਹੀਂ, ਸਗੋਂ ਨੇੜਲੇ ਹੋਰ ਪਿੰਡਾਂ ਅਤੇ ਕਸਬਿਆਂ ਦੇ ਲੋਕਾਂ ਨੇ ਸ਼ਿਰਕਤ ਕੀਤੀ। ਅਸੀਂ ਸਾਰੇ ਲੋਕਾਂ ਨੂੰ ਪਿਆਰ ਕਰਦੇ ਹਾਂ ਅਤੇ ਸਾਰਿਆਂ ਨੂੰ ਸੱਦਾ ਦਿੱਤਾ।"
ਉਨ੍ਹਾਂ ਕਿਹਾ ਕਿ ਪਿੰਡ ਦੇ ਹਿੰਦੂਆਂ ਨੇ ਵੀ ਇਸ ਸਮਾਗਮ ਵਿੱਚ ਸਹਿਯੋਗ ਦਿੱਤਾ ਅਤੇ ਆਰਥਿਕ ਤੌਰ ’ਤੇ ਯੋਗਦਾਨ ਪਾਇਆ। ਲੰਗਰ ਦੇ ਵੇਰਵੇ ਬਾਰੇ ਪੁੱਛਣ 'ਤੇ ਪ੍ਰਬੰਧਕਾਂ ਨੇ ਦੱਸਿਆ ਕਿ ਕੋਲਡ ਡਰਿੰਕ ਤੋਂ ਇਲਾਵਾ ਉਨ੍ਹਾਂ ਨੇ ਫਲ, ਸਲਾਦ, ਦਾਲ ਅਤੇ ਸਬਜ਼ੀ ਆਦਿ ਦਾ ਪ੍ਰਬੰਧ ਕੀਤਾ ਗਿਆ ਸੀ। ਪਿੰਡ ਦੇ ਪੰਚ ਨਰਿੰਦਰ ਸਿੰਘ (48) ਦੇ ਹਵਾਲੇ ਤੋਂ ਮਿਲੀ ਜਾਣਕਾਰੀ ਵਿਚ ਉਨ੍ਹਾਂ ਦੱਸਿਆ ਕਿ ਪੰਜਾਬ ਆਪਸੀ ਭਾਈਚਾਰਕ ਸਾਂਝ ਅਤੇ ਸ਼ਾਂਤਮਈ ਸਹਿ-ਹੋਂਦ ਲਈ ਜਾਣਿਆ ਜਾਂਦਾ ਹੈ ਅਤੇ ਉਨ੍ਹਾਂ ਦੇ ਪਿੰਡ ਨੂੰ ਇਫ਼ਤਾਰ ਪਾਰਟੀ ਦਾ ਆਯੋਜਨ ਕਰ ਕੇ ਸੂਬੇ ਦੇ ਉਸ ਅਕਸ ਨੂੰ ਕਾਇਮ ਰੱਖਣ 'ਤੇ ਮਾਣ ਹੈ।
ਸਿੱਖ-ਮੁਸਲਿਮ ਭਾਈਚਾਰਕ ਸਾਂਝ ਬਾਰੇ ਡਾਕਟਰ ਨਸੀਰ ਅਖਤਰ ਨੇ ਕਿਹਾ ਕਿ ਅਜਿਹੇ ਉਪਰਾਲੇ ਨੂੰ ਦੇਖ ਕੇ ਉਹ ਬਹੁਤ ਪ੍ਰਭਾਵਿਤ ਹਨ। ਉਨ੍ਹਾਂ ਇਸ ਨੂੰ ਗੁਰੂਆਂ ਵੱਲੋਂ ਦਿਤੇ ਭਾਈਚਾਰਕ ਸਾਂਝ ਦੇ ਸੰਦੇਸ਼ ਦੀ ਮਿਸਾਲ ਦੱਸਿਆ ਹੈ।
ਮਲੇਰਕੋਟਲਾ ਨਿਵਾਸੀ ਤਾਹਿਰ ਰਾਣਾ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਸੂਬੇ ਦਾ ਹਿੱਸਾ ਹੋਣ 'ਤੇ ਮਾਣ ਹੈ ਜਿੱਥੇ ਭਾਈਚਾਰਕ ਸਾਂਝ ਨੂੰ ਅਹਿਮੀਅਤ ਦਿਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਜਦੋਂ ਵੀ ਕੋਈ ਨਗਰ ਕੀਰਤਨ ਮਾਲੇਰਕੋਟਲਾ ਵਿੱਚੋਂ ਲੰਘਦਾ ਹੈ ਤਾਂ ਲੋਕਾਂ ਵੱਲੋਂ ਸੰਗਤਾਂ ਨੂੰ ਮਿੱਠੇ ਚੌਲਾਂ ਦਾ ਲੰਗਰ ਛਕਾਇਆ ਜਾਂਦਾ ਹੈ।