
Faridkot News : ਇਲਜ਼ਾਮ ਲਗਾਏ ਗਏ ਕਿ ਪੁਲਿਸ ਵੱਲੋਂ ਪਿੱਛਾ ਕੀਤੇ ਜਾਣ ਦੇ ਚਲਦਿਆਂ ਵਾਪਰਿਆ ਹੈ ਹਾਦਸਾ
Faridkot News in Punjabi : ਫ਼ਰੀਦਕੋਟ ਦੇ ਸਾਦਿਕ ਕਸਬੇ ’ਚ ਮੋਟਰਸਾਈਕਲ ਸਵਾਰ ਨਸ਼ਾ ਤਸਕਰੀ ਨਾਲ ਜੁੜੇ ਇੱਕ ਵਿਅਕਤੀ ਦੀ ਦੀਵਾਰ ਨਾਲ ਟੱਕਰ ਤੋਂ ਬਾਅਦ ਹੋਈ ਮੌਤ ਨੂੰ ਲੈ ਕੇ ਪਰਿਵਾਰਕ ਮੈਂਬਰਾਂ ਵੱਲੋਂ ਮੈਡੀਕਲ ਕਾਲਜ ਹਸਪਤਾਲ ਵਿਖੇ ਹੰਗਾਮਾ ਕੀਤਾ ਗਿਆ ਅਤੇ ਇਲਜ਼ਾਮ ਲਗਾਏ ਗਏ ਕਿ ਪੁਲਿਸ ਵੱਲੋਂ ਪਿੱਛਾ ਕੀਤੇ ਜਾਣ ਦੇ ਚਲਦਿਆਂ ਇਹ ਹਾਦਸਾ ਵਾਪਰਿਆ ਹੈ ਅਤੇ ਉਹਨਾਂ ਸਬੰਧਤ ਪੁਲਿਸ ਮੁਲਾਜ਼ਮਾਂ ’ਤੇ ਕਾਰਵਾਈ ਕਰਨ ਦੀ ਮੰਗ ਕੀਤੀ। ਮ੍ਰਿਤਕ ਦੀ ਪਹਿਚਾਣ ਇਥੋਂ ਦੇ ਕਮਿਆਨਾ ਗੇਟ ਦੇ ਰਹਿਣ ਵਾਲੇ ਰਾਜ ਸਿੰਘ ਉਰਫ਼ ਰਾਜੂ ਵਜੋਂ ਹੋਈ ਹੈ। ਜਿਸ ਦੇ ਖ਼ਿਲਾਫ਼ ਨਸ਼ਾ ਤਸਕਰੀ ਸਮੇਤ ਹੋਰ ਸੰਗੀਨ ਧਾਰਾਵਾਂ ਦੇ ਤਹਿਤ ਕੁੱਲ 11 ਮੁਕਦਮੇ ਦਰਜ ਸਨ।
ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਸਾਦਿਕ ਵਿਖੇ ਮੰਗਲਵਾਰ ਦੇਰ ਸ਼ਾਮ ਵਾਪਰਿਆ। ਮੋਟਰਸਾਈਕਲ ’ਤੇ ਸਵਾਰ ਰਾਜ ਸਿੰਘ ਉਰਫ਼ ਰਾਜੂ ਦੀਵਾਰ ਨਾਲ ਟਕਰਾਇਆ ਜਿਸ ਤੋਂ ਬਾਅਦ ਉਸ ਦੀ ਮੌਤ ਹੋ ਗਈ, ਜਦ ਉਸ ਨੂੰ ਫ਼ਰੀਦਕੋਟ ਦੇ ਮੈਡੀਕਲ ਕਾਲਜ ਹਸਪਤਾਲ ਵਿਖੇ ਲਿਆਂਦਾ ਗਿਆ ਤਾਂ ਉਸਦੇ ਪਰਿਵਾਰਕ ਮੈਂਬਰ ਅਤੇ ਮੁਹੱਲਾ ਨਿਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਦੇ ਪ੍ਰਤੀ ਰੋਸ਼ ਜਤਾਇਆ ਅਤੇ ਇਲਜ਼ਾਮ ਲਾਏ ਕਿ ਇਹ ਸਾਰਾ ਵਾਕਿਆ ਪੁਲਿਸ ਵੱਲੋਂ ਪਿੱਛਾ ਕੀਤੇ ਜਾਣ ਦੇ ਚਲਦਿਆਂ ਪੇਸ਼ ਆਇਆ ਹੈ।
ਇਸ ਮੌਕੇ ’ਤੇ ਗੱਲਬਾਤ ਕਰਦੇ ਹੋਏ ਮ੍ਰਿਤਕ ਦੇ ਰਿਸ਼ਤੇਦਾਰ ਅਮਰਜੀਤ ਸਿੰਘ ਅਤੇ ਹੋਰਨਾਂ ਨੇ ਦੱਸਿਆ ਕਿ ਇਸ ਮਾਮਲੇ ਨੂੰ ਪੁਲਿਸ ਨੇ ਲੁਕਾਉਣ ਦੀ ਕੋਸ਼ਿਸ਼ ਕੀਤੀ ਅਤੇ ਉਹਨਾਂ ਨੂੰ ਸਹੀ ਜਾਣਕਾਰੀ ਨਹੀਂ ਦਿੱਤੀ ਗਈ। ਉਹਨਾਂ ਇਲਜ਼ਾਮ ਲਾਇਆ ਕਿ ਰਾਜ ਸਿੰਘ ਦੀ ਮੌਤ ਲਈ ਪੁਲਿਸ ਜ਼ਿੰਮੇਵਾਰ ਹੈ ਅਤੇ ਉਹਨਾਂ ਨੂੰ ਇਨਸਾਫ਼ ਚਾਹੀਦਾ ਹੈ।
ਉਧਰ ਇਸ ਮਾਮਲੇ ਵਿੱਚ ਪਿੰਡ ਦੇ ਸਰਪੰਚ ਦੀ ਦੀਸ਼ਾ ਸਿੰਘ ਨੇ ਦੱਸਿਆ ਕਿ ਇਹ ਵਿਅਕਤੀ ਕਾਫੀ ਤੇਜ਼ ਰਫਤਾਰ ਦੇ ਨਾਲ ਮੋਟਰਸਾਈਕਲ ਚਲਾ ਰਿਹਾ ਸੀ ਅਤੇ ਮੋਟਰਸਾਈਕਲ ਮੋੜਦੇ ਸਮੇਂ ਇਸ ਦੀ ਦੀਵਾਰ ਨਾਲ ਟੱਕਰ ਹੋਈ ਜਿਸ ਦੇ ਕਾਰਨ ਉਸਦੀ ਮੌਤ ਹੋਈ ਹੈ । ਉਹਨਾਂ ਦੀ ਸੂਚਨਾ ਤੋਂ ਬਾਅਦ ਹੀ ਪੁਲਿਸ ਮੌਕੇ ’ਤੇ ਪਹੁੰਚੀ।
ਇਸ ਮਾਮਲੇ ’ਚ ਡੀਐਸਪੀ ਤਰਲੋਚਨ ਸਿੰਘ ਨੇ ਕਿਹਾ ਕਿ ਇਹ ਇੱਕ ਹਾਦਸਾ ਸੀ ਜਿਸ ਦੇ ਬਾਰੇ ਪਿੰਡ ਵਾਸੀਆਂ ਵੱਲੋਂ ਹੀ ਪੁਲਿਸ ਨੂੰ ਜਾਣਕਾਰੀ ਦਿੱਤੀ ਗਈ। ਉਹਨਾਂ ਪਰਿਵਾਰ ਦੇ ਇਲਜ਼ਾਮਾਂ ਨੂੰ ਬੇਬੁਨਿਆਦ ਕਰਦਿਆਂ ਜਾਣਕਾਰੀ ਦਿੱਤੀ ਕਿ ਭਾਵੇਂ ਇਸ ਮੁਲਜਮ ਦੇ ਖਿਲਾਫ਼ 11 ਮੁਕਦਮੇ ਦਰਜ ਸਨ ਪਰ ਪੁਲਿਸ ਵੱਲੋਂ ਉਸਦਾ ਕਿਸੇ ਤਰ੍ਹਾਂ ਦਾ ਕੋਈ ਪਿੱਛਾ ਨਹੀਂ ਕੀਤਾ ਜਾ ਰਿਹਾ ਸੀ।
(For more news apart from Family creates ruckus after death of man involved in drug trafficking in Faridkot News in Punjabi, stay tuned to Rozana Spokesman)