
ਮਾਂ ਨੇ ਕਿਹਾ - ਘਟਨਾ ਸਮੇਂ ਪੁੱਤਰ ਘਰ ਵਿੱਚ ਮੌਜੂਦ ਸੀ
Punjab News: ਜਲੰਧਰ ਵਿੱਚ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ 'ਤੇ ਹੋਏ ਗ੍ਰਨੇਡ ਹਮਲੇ ਦੇ ਮਾਮਲੇ ਵਿੱਚ ਪੁਲਿਸ ਨੇ ਬੀਤੇ ਦਿਨ ਦੋ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਸੀ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਕੀਤੇ ਗਏ ਦੋਸ਼ੀ ਹੈਰੀ ਦੀ ਮਾਂ ਅਤੇ ਗੁਆਂਢੀ ਅੱਜ ਕੈਮਰੇ ਦੇ ਸਾਹਮਣੇ ਆਏ। ਜਿਨ੍ਹਾਂ ਲੋਕਾਂ ਨੇ ਆਰੋਪ ਲਗਾਇਆ ਹੈ ਕਿ ਉਨ੍ਹਾਂ ਦੇ ਪੁੱਤਰ ਨੂੰ ਝੂਠਾ ਫਸਾਇਆ ਗਿਆ ਹੈ, ਉਨ੍ਹਾਂ ਦਾ ਪੁੱਤਰ ਘਟਨਾ ਸਮੇਂ ਘਰ ਵਿੱਚ ਮੌਜੂਦ ਸੀ।
ਗ੍ਰਿਫ਼ਤਾਰ ਮੁਲਜ਼ਮ ਹੈਰੀ ਦੀ ਮਾਂ ਬਬਲੀ ਨੇ ਕਿਹਾ ਕਿ ਉਸ ਰਾਤ ਉਸ ਦੀ ਭੈਣ ਦੇ ਪੁੱਤਰ ਸਤੀਸ਼ ਦਾ ਫੋਨ ਆਇਆ ਸੀ ਤੇ ਸਤੀਸ਼ ਨੇ ਕਿਹਾ ਸੀ ਕਿ ਉਸ ਦੇ ਰਿਕਸ਼ਾ ਵਿਚ ਕੋਈ ਸਵਾਰੀ ਬੈਠੀ ਹੈ ਜਿਸ ਕੋਲ ਕੋਈ ਵੀ ਪੈਸੇ ਨਹੀਂ ਹਨ ਤੇ ਉਹ ਤੈਨੂੰ ਗੂਗਲ ਪੇਅ ਉੱਤੇ ਪੈਸੇ ਟਰਾਂਸਫਰ ਕਰੇਗਾ ਤੇ ਤੂੰ ਮੈਨੂੰ ਕਢਵਾ ਕੇ ਦੇ ਦੇਵੀ। ਉਹ ਪੈਸੇ ਕਢਵਾ ਕੇ 15-20 ਮਿੰਟਾਂ ਵਿਚ ਘਰ ਵਾਪਸ ਆ ਗਿਆ। ਉਹ 12 ਵਜੇ ਤੋਂ ਪਹਿਲਾਂ ਹੀ ਘਰ ਆ ਗਿਆ ਸੀ ਤੇ ਜਦੋਂ ਵਾਰਦਾਤ ਹੋਈ ਸੀ ਉਸ ਸਮੇਂ ਉਹ ਘਰ ਵਿਚ ਹੀ ਸੀ। ਉਹ ਕਿਸੇ ਵੀ ਤਣਾਅ ਵਿਚ ਨਹੀਂ ਸੀ। ਜਦੋਂ ਸਵੇਰੇ ਪੁਲਿਸ ਆਈ ਤਾਂ ਉਸ ਨੇ ਦਰਵਾਜਾ ਖੋਲ੍ਹਿਆ ਤੇ ਉਨ੍ਹਾਂ ਕਿਹਾ ਕਿ ਸਾਨੂੰ ਰਿਕਸ਼ੇ ਵਾਲੇ ਨੂੰ ਫੜਨਾ ਹੈ ਤੇ ਤੂੰ ਫੜਵਾ। ਉਹ ਪੁਲਿਸ ਨਾਲ ਉਸ ਦਾ ਘਰ ਦਿਖਾਉਣ ਗਿਆ ਸੀ। ਜਦੋਂ ਹੈਰੀ ਤੇ ਮੇਰੇ ਜੀਜੇ ਨੂੰ ਪੁਲਿਸ ਨਾਲ ਲੈ ਕੇ ਗਈ ਫਿਰ ਸਤੀਸ਼ ਆਪ ਹੀ ਥਾਣੇ ਜਾ ਕੇ ਪੇਸ਼ ਹੋ ਗਿਆ। ਜੇਕਰ ਸਤੀਸ਼ ਨੇ ਅਜਿਹਾ ਕੁਝ ਕੀਤਾ ਹੁੰਦਾ ਤਾਂ ਉਹ ਆਪ ਜਾ ਕੇ ਪੇਸ਼ ਨਾ ਹੁੰਦਾ।
ਡੀਜੀਪੀ ਸਪੈਸ਼ਲ ਅਰਪਿਤ ਸ਼ੁਕਲਾ ਨੇ ਇੱਕ ਪ੍ਰੈੱਸ ਕਾਨਫਰੰਸ ਰਾਹੀਂ ਮੁਲਜ਼ਮ ਦੀ ਗ੍ਰਿਫ਼ਤਾਰੀ ਦੀ ਪੁਸ਼ਟੀ ਕੀਤੀ ਸੀ। ਮੁਲਜ਼ਮਾਂ ਦੀ ਪਛਾਣ ਹੈਰੀ, ਜੋ ਕਿ ਗੜਾ ਦਾ ਰਹਿਣ ਵਾਲਾ ਹੈ ਅਤੇ ਸਤੀਸ਼ ਉਰਫ਼ ਕਾਕਾ, ਜੋ ਕਿ ਭਾਰਗਵ ਕੈਂਪ ਦਾ ਰਹਿਣ ਵਾਲਾ ਹੈ, ਵਜੋਂ ਹੋਈ ਹੈ।