
ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਥੇ ਆਖਿਆ ਕਿ ਪੰਜਾਬ ਨੂੰ ਤਰੱਕੀ ਅਤੇ ਖ਼ੁਸ਼ਹਾਲੀ ਦੀ ਲੀਹ 'ਤੇ ਪਾਉਣ ਵਾਸਤੇ ਸਨਅਤੀ ਹੁਲਾਰੇ ਦੀ ਵੱਡੀ ਲੋੜ ਹੈ..
ਨਵਾਂ ਸ਼ਹਿਰ/ਕਾਠਗੜ੍ਹ, ਪੰਜਾਬ ਦੇ ਵਿੱਤ ਮੰਤਰੀ ਸ. ਮਨਪ੍ਰੀਤ ਸਿੰਘ ਬਾਦਲ ਨੇ ਅੱਜ ਇਥੇ ਆਖਿਆ ਕਿ ਪੰਜਾਬ ਨੂੰ ਤਰੱਕੀ ਅਤੇ ਖ਼ੁਸ਼ਹਾਲੀ ਦੀ ਲੀਹ 'ਤੇ ਪਾਉਣ ਵਾਸਤੇ ਸਨਅਤੀ ਹੁਲਾਰੇ ਦੀ ਵੱਡੀ ਲੋੜ ਹੈ। ਸ. ਬਾਦਲ ਜੋ ਕਿ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਦੇ ਪਿੰਡ ਰੈਲਮਾਜਰਾ ਵਿਖੇ ਮੈਕਸ ਸਪੈਸ਼ਲਿਟੀ ਫ਼ਿਲਮਜ਼ ਲਿਮਟਿਡ ਦੇ ਅਤਿ ਆਧੁਨਿਕ ਪਲਾਂਟ ਦਾ ਉਦਘਾਟਨ ਕਰਨ ਪੁਜੇ ਸਨ, ਨੇ ਆਖਿਆ ਕਿ ਪੰਜਾਬ ਨੂੰ ਇਸ ਤਰ੍ਹਾਂ ਦੇ ਵੱਡੇ ਨਿਵੇਸ਼ਾਂ ਦੀ ਭਾਰੀ ਲੋੜ ਹੈ, ਜਿਸ ਨਾਲ ਟੈਕਸਾਂ ਦੇ ਰੂਪ ਵਿਚ ਮਾਲੀਆ ਵਧਣ ਦੇ ਨਾਲ ਨਾਲ ਰੁਜ਼ਗਾਰ ਦੇ ਮੌਕੇ ਵੀ ਵਧਣਗੇ। ਉਨ੍ਹਾਂ ਨੇ ਮੈਕਸ ਗਰੁੱਪ ਦੇ ਚੇਅਰਮੈਨ ਸ. ਅਨਲਜੀਤ ਸਿੰਘ ਨਾਲ ਅਪਣੀ ਦੂਨ-ਸਕੂਲ ਦੀ ਪੁਰਾਣੀ ਸਾਂਝ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੰਜਾਬ ਦੇ ਸਨਅਤੀ ਵਿਕਾਸ ਵਿਚ ਉਨ੍ਹਾਂ ਦਾ ਯੋਗਦਾਨ ਸ਼ਲਾਘਾਯੋਗ ਹੈ।
Manpreet Badal
ਇਸ ਮੌਕੇ ਮੈਕਸ ਸਪੈਸ਼ਲਿਟੀ ਫਿਲਮਜ਼ ਦੇ ਪ੍ਰਬੰਧ ਨਿਰਦੇਸ਼ਕ ਸਾਹਿਲ ਬਾਛਾਨੀ, ਅਤੇ ਮੁੱਖ ਕਾਰਜਕਾਰੀ ਅਧਿਕਾਰੀ ਰਵਨੀਤ ਜੈਨ ਨੇ ਕਿਹਾ ਕਿ ਮੈਕਸ ਕੰਪਨੀ ਪੈਕੇਜਿੰਗ ਅਤੇ ਲੇਬਲਿੰਗ ਦੇ ਖੇਤਰ ਵਿਚ ਮੋਹਰੀ ਨਿਰਮਾਤਾਵਾਂ 'ਚੋਂ ਇਕ ਹੈ ਅਤੇ ਅੱਜ ਅਪਣੀ ਪੰਜਵੀਂ ਫਿਲ਼ਮ ਮੈਨੂਫ਼ੈਕਚਰਿੰਗ ਦੀ ਸ਼ੁਰੂਆਤ ਕਰ ਕੇ ਆਪਣੀ ਉਤਪਾਦਨ ਸਮਰਥਾ ਨੂੰ 46.35 ਕੇ.ਪੀ.ਸੀ.ਏ. ਤੋਂ ਵਧਾ ਕੇ 80.85 ਕੇ.ਪੀ.ਸੀ.ਏ. ਕਰ ਲਿਆ ਹੈ। ਉਨ੍ਹਾਂ ਦਸਿਆ ਕਿ ਲਾਈਨ 5 ਪੂਰੀ ਤਰ੍ਹਾਂ ਅਤਿ ਆਧੁਨਿਕ ਤਕਨੀਕ 'ਤੇ ਲੈਸ ਹੈ ਅਤੇ ਮੋਟੀਆਂ ਫ਼ਿਲਮਾਂ ਦਾ ਨਿਰਮਾਣ ਕਰੇਗਾ।