
ਬਰਨਾਲਾ ਜ਼ਿਲ੍ਹੇ ਵਿਚ ਬੀਤੇ ਰਾਤ ਲੱਗੀ ਭਿਆਨਕ ਅੱਗ ਨੇ ਜ਼ਿਲ੍ਹੇ ਦੇ ਕਰੀਬ ਤਿੰਨ ਦਰਜਨ ਪਿੰਡਾਂ ਦੇ 450 ਦੇ ਕਰੀਬ ਖੇਤਾਂ ਨੂੰ ਅਪਣੀ ਲਪੇਟ ਵਿਚ ਲੈ ਲਿਆ।
ਬਰਨਾਲਾ: ਬਰਨਾਲਾ ਜ਼ਿਲ੍ਹੇ ਵਿਚ ਬੀਤੇ ਰਾਤ ਲੱਗੀ ਭਿਆਨਕ ਅੱਗ ਨੇ ਜ਼ਿਲ੍ਹੇ ਦੇ ਕਰੀਬ ਤਿੰਨ ਦਰਜਨ ਪਿੰਡਾਂ ਦੇ 450 ਦੇ ਕਰੀਬ ਖੇਤਾਂ ਨੂੰ ਅਪਣੀ ਲਪੇਟ ਵਿਚ ਲੈ ਲਿਆ। ਦਰਅਸਲ ਅੱਗ ਕਣਕ ਦੇ ਨਾੜ ਨੂੰ ਲਗਾਈ ਸੀ, ਜਿਸ ਨੇ ਤੇਜ਼ ਹਨ੍ਹੇਰੀ ਕਾਰਨ ਭਿਆਨਕ ਰੂਪ ਲੈ ਲਿਆ ਅਤੇ ਨਾਲ ਲਗਦੇ ਖੇਤਾਂ ਵਿਚ ਵੀ ਫੈਲ ਗਈ।
ਖੇਤਾਂ ਵਿਚ ਲੱਗੀ ਭਿਆਨਕ ਅੱਗ ਨੂੰ ਬੁਝਾਉਣ ਲਈ 16 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਲਗਾਈਆਂ ਗਈਆਂ ਪਰ ਫਿਰ ਵੀ ਰਾਤ ਦੇ ਕਰੀਬ 7:30 ਵਜੇ ਤੋਂ ਲੱਗੀ ਅੱਗ 'ਤੇ ਸਵੇਰੇ 6 ਵਜੇ ਦੇ ਕਰੀਬ ਜਾ ਕੇ ਕਾਬੂ ਪਾਇਆ ਜਾ ਸਕਿਆ।
Fire at barnala
ਅੱਗ ਫੈਲਦੀ ਹੋਈ ਲੋਕਾਂ ਦੇ ਘਰਾਂ ਤਕ ਵੀ ਪਹੁੰਚ ਗਈ ਸੀ। ਕੁੱਝ ਘਰਾਂ ਵਿਚ ਪਈ ਤੂੜੀ ਨੂੰ ਵੀ ਅੱਗ ਲੱਗ ਗਈ। ਇਸ ਦੌਰਾਨ ਕੁੱਝ ਬੇਜ਼ੁਬਾਨ ਜਾਨਵਰਾਂ ਦੇ ਵੀ ਮਾਰੇ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਅੱਗ ਲੱਗਣ ਦੀ ਘਟਨਾ ਦਾ ਪਤਾ ਲਗਦਿਆਂ ਸੰਗਰੂਰ ਤੋਂ ਲੋਕ ਸਭਾ ਮੈਂਬਰ ਅਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਭਗਵੰਤ ਮਾਨ ਅਤੇ ਕਾਂਗਰਸੀ ਉਮੀਦਵਾਰ ਕੇਵਲ ਸਿੰਘ ਢਿੱਲੋਂ ਨੇ ਰਾਤ ਵੇਲੇ ਹੀ ਫੇਸਬੁੱਕ 'ਤੇ ਲਾਈਵ ਹੋ ਕੇ ਘਟਨਾ 'ਤੇ ਚਿੰਤਾ ਪ੍ਰਗਟਾਈ।
Fire at barnala
ਦੱਸ ਦਈਏ ਕਿ ਵਾਢੀ ਦੇ ਮੌਸਮ ਦੌਰਾਨ ਕਣਕ ਅਤੇ ਕਣਕ ਦੇ ਨਾੜ ਨੂੰ ਅੱਗ ਲੱਗਣ ਦੀਆਂ ਪੰਜਾਬ ਭਰ ਵਿਚ ਸੈਂਕੜੇ ਘਟਨਾਵਾਂ ਵਾਪਰ ਚੁੱਕੀਆਂ ਹਨ। ਆਏ ਦਿਨ ਕਣਕ ਦੀ ਫ਼ਸਲ ਨੂੰ ਅੱਗ ਲੱਗਣ ਦੀਆਂ ਖ਼ਬਰਾਂ ਆ ਰਹੀਆਂ ਹਨ ਜੋ ਕਿ ਰੁਕਣ ਦਾ ਨਾਮ ਨਹੀਂ ਲੈ ਰਹੀਆਂ ਤੇ ਕਿਸਾਨਾ ਦੀ ਪੁੱਤਾਂ ਵਾਂਗ ਪਾਲੀ ਫ਼ਸਲ ਹਰ ਰੋਜ਼ ਸੜ ਕੇ ਸੁਆਹ ਹੋ ਰਹੀ ਹੈ ਅਤੇ ਪਹਿਲਾਂ ਹੀ ਆਰਥਿਕ ਮੰਦਹਾਲੀ ਵਿਚੋਂ ਗੁਜ਼ਰ ਰਹੇ ਪੰਜਾਬ ਦੇ ਅੰਨਦਾਤੇ ਲਈ ਖ਼ੁਦਕੁਸ਼ੀਆਂ ਕਰਨ ਦੇ ਹੋਰ ਹਾਲਾਤ ਪੈਦਾ ਹੋ ਰਹੇ ਹਨ।
Fire at barnala
ਭਾਵੇਂ ਕਿ ਸਰਕਾਰ ਵੱਲੋਂ ਪੀੜਤ ਕਿਸਾਨਾਂ ਨੂੰ ਆਰਥਿਕ ਮੁਆਵਜ਼ੇ ਦੇ ਨਾਂ 'ਤੇ ਨਿਗੂਣੀ ਜਿਹੀ ਰਾਸ਼ੀ ਦੇ ਕੇ ਚੁੱਪ ਤਾਂ ਕਰਵਾ ਦਿੱਤਾ ਜਾਂਦਾ ਹੈ ਪਰ ਅਫ਼ਸੋਸ ਕਿ ਅੱਗ ਲੱਗਣ ਦੇ ਕਾਰਨਾਂ ਵੱਲ ਕਦੇ ਵੀ ਵਿਸ਼ੇਸ਼ ਧਿਆਨ ਨਹੀਂ ਦਿੱਤਾ ਜਾਂਦਾ ਜਿਸ ਕਾਰਨ ਫ਼ਸਲਾਂ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਬਾਦਸਤੂਰ ਜਾਰੀ ਹਨ।