
ਦੋਵੇਂ ਮੁਲਾਜ਼ਮ ਕਰ ਰਹੇ ਸੀ ਅਪਣੇ ਅਹੁਦਿਆਂ ਦਾ ਗਲਤ ਇਸਤੇਮਾਲ
ਅੰਮ੍ਰਿਤਸਰ/ਫਿਰੋਜ਼ਪੁਰ: ਪੰਜਾਬ ਵਿਜੀਲੈਂਸ ਬਿਊਰੋ ਦੀ ਟੀਮ ਵਲੋਂ ਭ੍ਰਿਸ਼ਟਾਚਾਰ ਦੇ ਦੋ ਵੱਖ-ਵੱਖ ਮਾਮਲਿਆਂ ਵਿਚ ਪੰਜਾਬ ਸਰਕਾਰ ਦੇ ਦੋ ਮੁਲਾਜ਼ਮਾਂ ਨੂੰ ਰੰਗੇ ਹੱਥੀ ਕਾਬੂ ਕੀਤਾ ਹੈ। ਦੋਵੇਂ ਹੀ ਅਪਣੇ ਸਰਕਾਰੀ ਅਹੁਦਿਆਂ ਦਾ ਗਲਤ ਇਸਤੇਮਾਲ ਕਰ ਰਹੇ ਸੀ। ਮਿਲੀ ਜਾਣਕਾਰੀ ਮੁਤਾਬਕ, ਅੰਮ੍ਰਿਤਸਰ ਵਿਖੇ ਤੈਨਾਤ ਜ਼ਿਲ੍ਹਾ ਸਿਹਤ ਅਫ਼ਸਰ ਲਖਬੀਰ ਸਿੰਘ ਭਾਗੋਵਾਲੀਆ ਨੂੰ ਅਪਣੇ ਅਹੁਦੇ ਦੀ ਦੁਰਵਰਤੋਂ ਕਰਨ ਅਤੇ ਵਪਾਰਕ ਅਦਾਰਿਆਂ ਤੋਂ ਰਿਸ਼ਵਤ ਦੇ ਰੂਪ ਵਿਚ ਮੋਟੀ ਕਮਾਈ ਕਰਨ ਦੇ ਦੋਸ਼ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ।
Arrest
ਦੂਜਾ ਮਾਮਲਾ ਫਿਰੋਜ਼ਪੁਰ ਦੇ ਥਾਣਾ ਲੱਖੋ ਕੇ ਬਹਿਰਾਮ ਤੋਂ ਹੈ, ਜਿੱਥੇ ਏ.ਐਸ.ਆਈ. ਪਵਨ ਕੁਮਾਰ ਨੂੰ ਰਿਸ਼ਵਤ ਲੈਣ ਦੇ ਮਾਮਲੇ ਵਿਚ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਣਕਾਰੀ ਦਿੰਦਿਆਂ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਵਿਜੀਲੈਂਸ ਨੂੰ ਪ੍ਰਾਪਤ ਸ਼ਿਕਾਇਤਾਂ ਅਤੇ ਖ਼ੁਫ਼ੀਆ ਜਾਣਕਾਰੀ ਤੋਂ ਇਹ ਸਪੱਸ਼ਟ ਹੋਇਆ ਕਿ ਉਕਤ ਜ਼ਿਲ੍ਹਾ ਸਿਹਤ ਅਫ਼ਸਰ ਹੋਰਨਾਂ ਵਿਅਕਤੀਆਂ ਨਾਲ ਮਿਲ ਕੇ ਅਪਣੇ ਅਹੁਦੇ ਦੀ ਦੁਰਵਰਤੋਂ ਕਰਦਿਆਂ ਜ਼ਿਲ੍ਹੇ ਵਿਚ ਹੋਟਲਾਂ ਦੇ ਮੈਨੇਜਰਾਂ, ਮਾਲਕਾਂ ਅਤੇ ਦੁਕਾਨਦਾਰਾਂ ਆਦਿ ਪਾਸੋਂ ਉਨ੍ਹਾਂ ਨੂੰ ਲਾਇਸੈਂਸ ਜਾਰੀ ਕਰਨ,
ਨਮੂਨੇ ਭਰਨ ਅਤੇ ਚੈਕਿੰਗ ਦੌਰਾਨ ਮਦਦ ਕਰਨ ਬਦਲੇ ਲੱਖਾਂ ਰੁਪਏ ਬਤੌਰ ਰਿਸ਼ਵਤ ਹਾਸਲ ਕਰ ਰਿਹਾ ਸੀ। ਵਿਜੀਲੈਂਸ ਨੇ ਇਸ ਮਾਮਲੇ ਵਿਚ ਮੁਲਜ਼ਮ ਜ਼ਿਲ੍ਹਾ ਸਿਹਤ ਅਧਿਕਾਰੀ ਅਤੇ ਹੋਰਨਾਂ ਵਿਅਕਤੀਆਂ ਵਿਰੁਧ ਵਿਜੀਲੈਂਸ ਬਿਊਰੋ ਦੇ ਅੰਮ੍ਰਿਤਸਰ ਸਥਿਤ ਥਾਣੇ ਵਿਚ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਅਰੰਭ ਦਿਤੀ ਹੈ।
Bribe
ਦੂਜੇ ਰਿਸ਼ਵਤ ਦੇ ਮਾਮਲੇ ਵਿਚ ਵਿਜੀਲੈਂਸ ਬਿਊਰੋ ਨੇ ਫਿਰੋਜ਼ਪੁਰ ਦੇ ਥਾਣਾ ਲੱਖੋ ਕੇ ਬਹਿਰਾਮ ਵਿਖੇ ਤੈਨਾਤ ਏ.ਐਸ.ਆਈ. ਪਵਨ ਕੁਮਾਰ ਨੂੰ 8,000 ਰੁਪਏ ਦੀ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਕਾਬੂ ਕਰ ਲਿਆ। ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਏ.ਐਸ.ਆਈ ਨੂੰ ਸ਼ਿਕਾਇਤਕਰਤਾ ਸੁਖਚੈਨ ਸਿੰਘ ਵਾਸੀ ਪਿੰਡ ਡਾਲਾ, ਜ਼ਿਲ੍ਹਾ ਮੋਗਾ ਦੀ ਸ਼ਿਕਾਇਤ 'ਤੇ ਫੜਿਆ ਹੈ।
ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਨੂੰ ਅਪਣੀ ਸ਼ਿਕਾਇਤ ਵਿਚ ਦੋਸ਼ ਲਾਇਆ ਕਿ ਉਸ ਦੇ ਭਰਾ ਨੂੰ ਦਰਜ ਕੇਸ ਵਿਚ ਨਾਮਜ਼ਦ ਨਾ ਕਰਨ ਬਦਲੇ ਏ.ਐਸ.ਆਈ ਪਵਨ ਕੁਮਾਰ ਵਲੋਂ ਰਿਸ਼ਵਤ ਦੀ ਮੰਗ ਕੀਤੀ ਗਈ ਸੀ ਅਤੇ ਉਹ ਪਹਿਲਾਂ ਹੀ 10,000 ਰੁਪਏ ਬਤੌਰ ਰਿਸ਼ਵਤ ਏ.ਐਸ.ਆਈ ਨੂੰ ਭੁਗਤਾਨ ਕਰ ਚੁੱਕਾ ਹੈ।