ਅਪਣੇ ਮੰਤਰੀਆਂ ਦੀ ਗੱਲ ਸੁਣਨ ਮੁੱਖ ਮੰਤਰੀ : ਬਾਜਵਾ
ਚੰਡੀਗੜ੍ਹ, 10 ਮਈ : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਤੇ ਮੌਜੂਦਾ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੇ ਵੀ ਮੰਤਰੀਆਂ ਵਲੋਂ ਮੁੱਖ ਸਕੱਤਰ ਵਿਰੁਧ ਅਪਣਾਏ ਰੁੱਖ 'ਤੇ ਪ੍ਰਤੀਕਿਰਿਆ ਦਿਤੀ ਹੈ।
ਉਨ੍ਹਾਂ ਕਿਹਾ ਕਿ ਇਹ ਗੱਲ ਸਹੀ ਹੈ ਕਿ ਇਸ ਸਮੇਂ ਅਫਸਰਸ਼ਾਹੀ ਲੋਕਾਂ ਦੇ ਚੁਣੇ ਹੋਏ ਮੈਂਬਰਾਂ 'ਤੇ ਹਾਵੀ ਹੈ ਅਤੇ ਮੰਤਰੀਆਂ, ਵਿਧਾਇਕਾਂ ਤਕ ਦੀ ਵੀ ਨਹੀਂ ਸੁਣਦੀ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਅਪੀਲ ਕੀਤੀ ਕਿ ਅਪਣੇ ਮੰਤਰੀਆਂ ਦੀ ਗੱਲ ਸੁਣਨ ਅਤੇ ਅਫਸਰਸ਼ਾਹੀ ਨੂੰ ਭਾਰੂ ਹੋਣ ਦੀ ਖੁਲ੍ਹ ਨਾ ਦੇਣ।
ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਹੈ ਕਿ ਮੁੱਖ ਸਕੱਤਰ ਜਾਂ ਸਕੱਤਰ ਮੰਤਰੀਆਂ ਦੇ ਸਹਾਇਕ ਵਜੋਂ ਕੰਮ ਕਰਦੇ ਹਨ ਨਾ ਕਿ ਉਨ੍ਹਾਂ ਦੇ ਬਾਸ ਹੁੰਦੇ ਹਨ।
ਬਾਸ ਤਾਂ ਮੰਤਰੀ ਹੀ ਹੈ। ਉਨ੍ਹਾਂ ਕਿਹਾ ਕਿ ਅਫਸਰਸ਼ਾਹੀ ਨੂੰ ਕਾਬੂ ਵਿਚ ਰੱਖਣ ਲਈ ਮੰਤਰੀਆਂ ਨੂੰ ਵੀ ਜੁਰਅਤ ਦਿਖਾਉਣੀ ਚਾਹੀਦੀ ਹੈ। ਮੁੱਖ ਮੰਤਰੀ ਵੀ ਸੱਭ ਨੂੰ ਨਾਲ ਲੈ ਕੇ ਚੱਲਣ।