
ਪੰਜਾਬ 'ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਨਾਲ 30ਵੀਂ ਮੌਤ ਹੋ ਗਈ ਹੈ । ਲੁਧਿਆਣਾ ਦੇ ਸਿਵਲ ਹਸਪਤਾਲ 'ਚ ਭਰਤੀ 56 ਸਾਲਾਂ ਦੇ ਇਕ ਵਿਅਕਤੀ ਨੇ ਸ਼ਨੀਵਾਰ ਨੂੰ
ਜਗਰਾਉਂ, 9 ਮਈ (ਪਰਮਜੀਤ ਸਿੰਘ ਗਰੇਵਾਲ/ਅਜੀਤ ਸਿੰਘ ਅਖਾੜਾ) : ਪੰਜਾਬ 'ਚ ਸ਼ਨੀਵਾਰ ਨੂੰ ਕੋਰੋਨਾ ਵਾਇਰਸ ਨਾਲ 30ਵੀਂ ਮੌਤ ਹੋ ਗਈ ਹੈ । ਲੁਧਿਆਣਾ ਦੇ ਸਿਵਲ ਹਸਪਤਾਲ 'ਚ ਭਰਤੀ 56 ਸਾਲਾਂ ਦੇ ਇਕ ਵਿਅਕਤੀ ਨੇ ਸ਼ਨੀਵਾਰ ਨੂੰ ਕੋਰੋਨਾ ਨਾਲ ਜੰਗ ਲੜਦਿਆਂ ਦਮ ਤੋੜ ਦਿਤਾ। ਲੁਧਿਆਣਾ 'ਚ ਕੋਰੋਨਾ ਕਾਰਨ ਹੋਈ ਇਹ 6ਵੀਂ ਮੌਤ ਹੈ, ਜਦਕਿ ਜਗਰਾਉਂ 'ਚ ਕੋਰੋਨਾ ਕਾਰਨ ਹੋਈ ਇਹ ਪਹਿਲੀ ਮੌਤ ਹੈ।
ਮ੍ਰਿਤਕ ਵਿਅਕਤੀ ਗੁਰਜੰਟ ਸਿੰਘ ਜਗਰਾਉਂ ਦੇ ਪਿੰਡ ਮਾਣੂੰਕੇ 30 ਅਪ੍ਰੈਲ ਨੂੰ ਸ੍ਰੀ ਨਾਂਦੇੜ ਸਾਹਿਬ ਤੋਂ ਵਾਪਸ ਪਰਤਿਆ ਸੀ ਤਾਂ ਜਾਂਚ ਤੋਂ ਬਾਅਦ ਉਸ ਦਾ ਕੋਰੋਨਾ ਟੈਸਟ ਪਾਜ਼ੇਟਿਵ ਆਇਆ, ਜਿਸ ਦੇ ਚਲਦਿਆਂ ਉਸ ਨੂੰ ਸਿਵਲ ਹਸਪਤਾਲ ਭਰਤੀ ਕੀਤਾ ਗਿਆ ਸੀ। ਸਿਵਲ ਸਰਜਨ ਡਾ. ਰਾਜੇਸ਼ ਬੱਗਾ ਨੇ ਇਸ ਦੀ ਪੁਸ਼ਟੀ ਕਰਦੇ ਹੋਏ ਦਸਿਆ ਕਿ ਸ਼ਨੀਵਾਰ ਸਵੇਰੇ ਅਚਾਨਕ ਉਸ ਦੀ ਸਿਹਤ ਵਿਗੜ ਗਈ, ਜਿਸ ਤੋਂ ਬਾਅਦ ਉਸ ਨੇ ਦਮ ਤੋੜ ਦਿਤਾ। ਅੱਜ ਮ੍ਰਿਤਕ ਗੁਰਜੰਟ ਸਿੰਘ ਦਾ ਅੰਤਿਮ ਸੰਸਕਾਰ ਪਿੰਡ ਮਾਣੂੰਕੇ ਵਿਖੇ ਕੀਤਾ ਗਿਆ।
File photo
ਅੰਤਿਮ ਸੰਸਕਾਰ 'ਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਭਾਈ ਗੁਰਚਰਨ ਸਿੰਘ ਗਰੇਵਾਲ, ਵਿਧਾਇਕ ਮੈਡਮ ਸਰਵਜੀਤ ਕੌਰ ਮਾਣੂੰਕੇ, ਪਲੈਨਿੰਗ ਬੋਰਡ ਦੇ ਚੇਅਰਮੈਨ ਮਲਕੀਤ ਸਿੰਘ ਦਾਖਾ ਤੋਂ ਇਲਾਵਾ ਤਹਿਸੀਲਦਾਰ ਮਨਮੋਹਨ ਕੌਸ਼ਿਕ ਤੇ ਡਾਕਟਰਾਂ ਹਾਜ਼ਰ ਸਨ। ਅੱਜ ਲੁਧਿਆਣਾ ਵਿਚ ਤਿੰਨ ਨਵੇਂ ਕੋਰੋਨਾ ਪਾਜ਼ੇਟਿਵ ਮਾਮਲੇ ਸਾਹਮਣੇ ਆਏ ਜਿਨ੍ਹਾਂ ਵਿਚ ਦੋ ਰੇਲਵੇ ਪੁਲਿਸ ਫ਼ੋਰਸ ਨਾਲ ਸਬੰਧਤ ਮੁਲਾਜ਼ਮਾਂ ਹਨ ਜਦਕਿ ਇਕ ਹੈਬੋਵਾਲ ਦੀ 17 ਸਾਲਾ ਲੜਕੀ ਹੈ।