
ਗੁਰਦਾਸਪੁਰ : 5 ਹੋਰ ਪਾਜ਼ੇਟਿਵ
ਗੁਰਦਾਸਪੁਰ : 5 ਹੋਰ ਪਾਜ਼ੇਟਿਵ
ਗੁਰਦਾਸਪੁਰ, 9 ਮਈ (ਅਨਮੋਲ) : ਕੋਰੋਨਾ ਵਾਇਰਸ ਦਾ ਕਹਿਰ ਦਿਨੋ-ਦਿਨ ਗੁਰਦਾਸਪੁਰ ਜ਼ਿਲ੍ਹੇ ਅੰਦਰ ਵਧਦਾ ਜਾ ਰਿਹਾ ਹੈ। ਜਿਸ ਦੇ ਚਲਦਿਆਂ ਰੋਜ਼ਾਨਾ ਹੀ ਜ਼ਿਲ੍ਹੇ ਅੰਦਰ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ ਵਿਚ ਵਾਧਾ ਹੁੰਦਾ ਜਾ ਰਿਹਾ ਹੈ ਜਿਸ ਦੇ ਚਲਦਿਆਂ ਅੱਜ 5 ਹੋਰ ਕੋਰੋਨਾ ਪਾਜ਼ੇਟਿਵ ਕੇਸ ਸਾਹਮਣੇ ਆਏ ਹਨ। ਜਿਸ ਨਾਲ ਕੋਰੋਨਾ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 122 ਹੋ ਗਈ ਹੈ।
ਜਲੰਧਰ : 13 ਨਵੇਂ ਮਾਮਲੇ ਆਏ
ਜਲੰਧਰ, 9 ਮਈ (ਵਰਿੰਦਰ ਸ਼ਰਮਾ/ਲਖਵਿੰਦਰ ਸਿੰਘ ਲੱਕੀ ) : ਕਰੋਨਾ ਦੇ ਮਰੀਜ਼ਾਂ ਦੀ ਗਿਣਤੀ ਕ੍ਰਚ ਲਗਾਤਾਰ ਵਾਧਾ ਹੋ ਰਿਹਾ ਹੈ। ਜਲੰਧਰ 'ਚ ਅੱਜ ਕੋਰੋਨਾ ਵਾਇਰਸ ਦੇ 13 ਹੋਰ ਮਰੀਜ਼ਾਂ ਦੀ ਰੀਪੋਰਟ ਪਾਜ਼ੀਟਿਵ ਆਉਣ ਨਾਲ ਹੁਣ ਜ਼ਿਲ੍ਹੇ 'ਚ ਕੋਰੋਨਾ ਪਾਜ਼ੀਟਿਵ ਮਰੀਜ਼ਾਂ ਦੀ ਗਿਣਤੀ ਵੱਧ ਕੇ 167 ਹੋ ਗਈ ਹੈ। ਇਨ੍ਹਾਂ ਵਿਚ ਜ਼ਿਆਦਾਤਰ ਮਰੀਜ਼ ਸ਼ਰਧਾਲੂ ਹਨ, ਜੋ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਏ ਸਨ। ਪਾਜ਼ੀਟਿਵ ਆਏ ਵਿਅਕਤੀਆਂ 'ਚੋਂ ਪਿੰਡ ਭੈਣੀ, ਫਿਲੌਰ ਦੇ ਇਕ ਔਰਤ (64) ਅਤੇ ਮਰਦ (70) ਦੇ ਨਾਲ ਇਕ 36 ਸਾਲ ਦਾ ਜਲੰਧਰ ਦਾ ਵਾਸੀ ਹੈ ਤੇ 5 ਹੋਰ ਮਰੀਜ਼ ਹਨ ਜੋ ਹਜ਼ੂਰ ਸਾਹਿਬ ਤੋਂ ਆਏ ਹਨ, ਜਿਨ੍ਹਾਂ ਨੂੰ ਮੈਰੀਟੋਰੀਅਸ ਸਕੂਲ ਵਿਚ ਰਖਿਆ ਗਿਆ ਸੀ। ਇਹ ਸਾਰੇ ਸ਼ਰਧਾਲੂ ਸ੍ਰੀ ਹਜ਼ੂਰ ਸਾਹਿਬ ਤੋਂ ਵਾਪਸ ਆਏ ਸਨ।
ਇਕ 30 ਸਾਲ ਦਾ ਵਿਅਕਤੀ ਬਸੰਤ ਨਗਰ, ਜਲੰਧਰ, ਇਕ 50 ਸਾਲ ਦੀ ਔਰਤ ਨਿਊ ਗੋਬਿੰਦ ਨਗਰ, ਟਰਾਂਸਪੋਰਟ ਨਗਰ, 60 ਸਾਲਾਂ ਦੀ ਇਕ ਔਰਤ ਗੁਰੂ ਰਵੀਦਾਸ ਨਗਰ, ਬਸਤੀ ਦਾਨਸ਼ਮੰਦਾਂ ਦੀ ਰਹਿਣ ਵਾਲੀ ਹੈ ਅਤੇ ਇਕ 49 ਸਾਲ ਦਾ ਵਿਅਕਤੀ ਨਿਊ ਰਸੀਲਾ ਨਗਰ, ਬਸਤੀ ਦਾਨਸ਼ਮੰਦਾਂ ਦਾ ਹੈ। ਜਲੰਧਰ ਵਿਚ ਸ਼ਹਿਰ ਵਿਚ ਸ਼ਨੀਵਾਰ ਨੂੰ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਲਗਾਤਾਰ ਵਧੀ ਹੈ। ਇਕ ਮਰੀਜ਼ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਹੈ। ਹੁਣ ਸ਼ਹਿਰ ਵਿਚ ਮਰੀਜ਼ਾਂ ਦੀ ਗਿਣਤੀ 167 ਹੋ ਗਈ ਹੈ।
ਪਟਿਆਲਾ : ਦੋ ਪੀੜਤ ਹੋਰ ਮਿਲੇ
ਪਟਿਆਲਾ, 9 ਮਈ (ਪਪ) : ਪਟਿਆਲਾ ਜ਼ਿਲ੍ਹੇ ਵਿਚ ਕਲ 2 ਹੋਰ ਕੇਸ 'ਕੋਰੋਨਾ ਪਾਜ਼ੇਟਿਵ' ਦੇ ਆਉਣ ਮਗਰੋਂ ਜ਼ਿਲ੍ਹੇ ਵਿਚ ਕੇਸਾਂ ਦੀ ਗਿਣਤੀ 101 ਹੋ ਗਈ ਹੈ। ਇਸ ਗੱਲ ਦੀ ਪੁਸ਼ਟੀ ਕਰਦਿਆਂ ਸਿਵਲ ਸਰਜਨ ਡਾ. ਹਰੀਸ਼ ਮਲਹੋਤਰਾ ਨੇ ਦਸਿਆ ਕਿ ਅਸੀਂ ਕਲ 148 ਸੈਂਪ ਲਏ ਸੀ, ਜਿਨ੍ਹਾਂ ਵਿਚੋਂ 2 ਪਾਜ਼ੇਟਿਵ ਆਏ ਹਨ ਜਦਕਿ 146 ਨੈਗੇਟਿਵ ਹਨ। ਉਨ੍ਹਾਂ ਦਸਿਆ ਕਿ ਪਾਜ਼ੇਟਿਵ ਕੇਸਾਂ ਵਿਚ ਇਕ ਬਜ਼ੁਰਗ ਵਿਅਕਤੀ ਸ੍ਰੀ ਹਜ਼ੂਰ ਸਾਹਿਬ ਤੋਂ ਪਰਤਿਆ ਹੈ, ਜਿਸ ਨੂੰ ਸਮਾਣਾ ਵਿਖੇ ਉਸ ਦੇ ਘਰ ਵਿਚ ਹੀ 'ਇਕਾਂਤਵਾਸ' ਵਿਚ ਰਖਿਆ ਗਿਆ ਹੈ। ਦੂਜਾ ਕੇਸ ਰਾਜਪੁਰਾ ਦੀ ਲੜਕੀ ਹੈ, ਜੋ ਕਿ ਪਰਸੋਂ ਪਾਜ਼ੇਟਿਵ ਆਈ ਔਰਤ ਦੇ ਸੰਪਰਕ ਵਿਚ ਆਈ ਸੀ। ਡਾ. ਮਲਹੋਤਰਾ ਨੇ ਦਸਿਆ ਕਿ ਕਲ 5 ਸੈਂਪਲ ਰਿਪੀਟ ਕੀਤੇ ਜਾਣਗੇ। ਅੱਜ ਪਾਜ਼ੇਟਿਵ ਆਏ ਕੇਸਾਂ ਨੂੰ ਸਰਕਾਰੀ ਰਾਜਿੰਦਰਾ ਹਸਪਤਾਲ ਦੇ ਆਈਸੋਲੇਸ਼ਨ ਵਾਰਡ ਵਿਚ ਸ਼ਿਫ਼ਟ ਕੀਤਾ ਜਾ ਰਿਹਾ ਹੈ।
ਮਾਨਸਾ : ਇਕ ਹੋਰ ਪਾਜ਼ੇਟਿਵ ਮਾਮਲਾ
ਮਾਨਸਾ, 9 ਮਈ (ਪਪ) : ਮਾਨਸਾ ਜ਼ਿਲ੍ਹੇ 'ਚ ਇਕ ਲੜਕੀ ਦੀ ਰੀਪੋਰਟ ਕੋਰੋਨਾ ਪਾਜ਼ੇਟਿਵ ਆਈ ਹੈ, ਜਿਸ ਨਾਲ ਹੁਣ ਪਾਜ਼ੇਟਿਵ ਮਰੀਜ਼ਾਂ ਦੀ ਗਿਣਤੀ 21 ਹੋ ਗਈ ਹੈ। ਇਸੇ ਦੌਰਾਨ ਇਕ ਔਰਤ ਨੇ ਕੋਰੋਨਾ 'ਤੇ ਜਿੱਤ ਵੀ ਪ੍ਰਾਪਤ ਕੀਤੀ ਹੈ। ਔਰਤ ਸਮੇਤ ਜ਼ਿਲ੍ਹੇ ਕੁੱਲ 6 ਮਰੀਜ਼ ਠੀਕ ਹੋ ਚੁੱਕੇ ਹਨ ਅਤੇ 15 ਦਾ ਸਿਵਲ ਹਸਪਤਾਲ ਮਾਨਸਾ ਵਿਖੇ ਇਲਾਜ ਚਲ ਰਿਹਾ ਹੈ।
ਫ਼ਤਿਹਗੜ੍ਹ ਸਾਹਿਬ : 5 ਨਵੇਂ ਕੇਸ ਆਏ
ਫ਼ਤਿਹਗੜ੍ਹ ਸਾਹਿਬ, 9 ਮਈ (ਪਪ): ਪੰਜਾਬ 'ਚ ਕੋਰੋਨਾ ਵਾਇਰਸ ਦੇ ਕੇਸਾਂ 'ਚ ਲਗਾਤਾਰ ਵਾਧਾ ਹੋ ਰਿਹਾ ਹੈ। ਫ਼ਤਿਹਗੜ੍ਹ ਸਾਹਿਬ 'ਚ ਅੱਜ 5 ਕੇਸ ਕੋਰੋਨਾ ਦੇ ਪਾਜ਼ੇਟਿਵ ਪਾਏ ਗਏ ਹਨ, ਜਿਸ ਨਾਲ ਹੁਣ ਜ਼ਿਲ੍ਹੇ 'ਚ ਪਾਜ਼ੇਟਿਵ ਕੇਸਾਂ ਦੀ ਗਿਣਤੀ 28 ਤਕ ਪਹੁੰਚ ਗਈ ਹੈ। ਇਸ ਦੀ ਪੁਸ਼ਟੀ ਸਿਵਲ ਸਰਜਵ ਡਾ. ਐਨ. ਕੇ. ਅਗਰਵਾਲ ਨੇ ਕੀਤੀ ਹੈ। ਸਿਵਲ ਸਰਜਨ ਫਤਿਹਗੜ੍ਹ ਸਾਹਿਬ ਡਾਕਟਰ ਐਨ. ਕੇ. ਅਗਰਵਾਲ ਨੇ ਦਸਿਆ ਕਿ ਇਹ ਕੇਸ ਖਮਾਣੋਂ ਅਤੇ ਖਮਾਣੋਂ ਦੇ ਪਿੰਡ ਲੱਖਣਪੁਰ, ਅਲੀਪੁਰ ਸੌਢੀਆਂ, ਗੁਣੀਆ ਮਾਜਰਾ, ਲੁਹਾਰ ਮਾਜਰਾ 'ਚੋਂ ਸਾਹਮਣੇ ਆਏ ਹਨ।
ਪਠਾਨਕੋਟ : 2 ਸ਼ਰਧਾਲੂ ਕੋਰੋਨਾ ਪਾਜ਼ੇਟਿਵ
ਪਠਾਨਕੋਟ, 9 ਮਈ (ਪਪ): ਕੋਰੋਨਾ ਵਾਇਰਸ ਦੇ ਕਹਿਰ ਨੇ ਪੂਰੇ ਪੰਜਾਬ ਨੂੰ ਅਪਣੀ ਲਪੇਟ 'ਚ ਲੈ ਲਿਆ ਹੈ। ਨਵੇਂ ਮਾਮਲੇ 'ਚ ਪਠਾਨਕੋਟ 'ਚੋਂ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 2 ਸ਼ਰਧਾਲੂ ਪਾਜ਼ੇਟਿਵ ਆਏ ਹਨ। ਜ਼ਿਕਰਯੋਗ ਹੈ ਕਿ ਜ਼ਿਲ੍ਹਾ ਪਠਾਨਕੋਟ ਵਿਖੇ ਪਿਛਲੇ ਦਿਨੀਂ ਦੌਰਾਨ ਸ੍ਰੀ ਹਜ਼ੂਰ ਸਾਹਿਬ ਤੋਂ ਪਰਤੇ 21 ਸ਼ਰਧਾਲੂਆਂ ਦੀ ਮੈਡੀਕਲ ਰਿਪੋਰਟ ਅੱਜ ਆਈ ਹੈ, ਜਿਸ 'ਚੋਂ 2 ਸ਼ਰਧਾਲੂ ਕੋਰੋਨਾ ਪਾਜ਼ੇਟਿਵ ਆਏ ਹਨ ਅਤੇ 19 ਲੋਕਾਂ ਦੀ ਰਿਪੋਰਟ ਨੈਗੇਟਿਵ ਆਈ ਹੈ।