
ਸੂਬੇ ਦੇ ਕੁਦਰਤੀ ਆਫ਼ਤ ਫ਼ੰਡ ਦੇ 6000 ਕਰੋੜ ਅਕਾਲੀ ਦਲ ਨੂੰ ਸਾਬਤ ਕਰਨ ਲਈ ਕਿਹਾ
ਚੰਡੀਗੜ੍ਹ, 8 ਮਈ (ਗੁਰਉਪਦੇਸ਼ ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਸਿਆਸੀ ਸਕੱਤਰ ਕੈਪਟਨ ਸੰਦੀਪ ਸੰਧੂ ਨੇ ਕਿਹਾ ਹੈ ਕਿ 3 ਸਾਲਾਂ ਦੇ ਸਮੇਂ 'ਚ ਬੜੇ ਹੀ ਮਾੜੇ ਵਿੱਤੀ ਹਾਲਾਤ 'ਚੋਂ ਲੰਘਦਿਆਂ ਸਹੀ ਯੋਜਨਾਬੰਦੀ ਨਾਲ ਪੰਜਾਬ ਦੀ ਆਰਥਕ ਹਾਲਤ ਪਟੜੀ 'ਤੇ ਆਉਣ ਲੱਗੀ ਸੀ। ਪਰ ਕੋਰੋਨਾ ਮਹਾਂਮਾਰੀ ਨੇ ਇਕਦਮ ਹੀ ਸੱਭ ਕੁੱਝ ਰੋੜ੍ਹ ਕੇ ਇਸ 'ਤੇ ਪਾਣੀ ਫੇਰ ਦਿਤਾ ਹੈ।
ਸਪੋਕਸਮੈਨ ਟੀ.ਵੀ. ਨਾਲ ਵਿਸ਼ੇਸ਼ ਮੁਲਾਕਾਤ ਦੌਰਾਨ ਉਨ੍ਹਾਂ ਕਿਹਾ ਕਿ ਸਰਕਾਰ ਨੇ ਸੱਭ ਪਾਰਟੀਆਂ ਨੂੰ ਸ਼ੁਰੂ ਤੋਂ ਹੀ ਨਾਲ ਲੈ ਕੇ ਚੱਲਣ ਦੇ ਯਤਨ ਕੀਤੇ ਪਰ ਕੁੱਝ ਪਾਰਟੀਆਂ ਦੇ ਬੁਲਾਰਿਆਂ ਨੇ ਬੇਲੋੜੀ ਬਿਆਨਬਾਜ਼ੀ ਨਾਲ ਗ਼ਲਤ ਦਿਸ਼ਾ ਵਲ ਮੋੜਾ ਕਟਿਆ ਹੈ। ਉਨ੍ਹਾਂ ਕਿਹਾ ਕਿ ਹਾਲੇ ਵੀ ਅਸੀਂ ਸੱਭ ਪਾਰਟੀਆਂ ਨੂੰ ਨਾਲ ਲੈ ਕੇ ਸਾਂਝੀ ਲੜਾਈ ਲਈ ਯਤਨਸ਼ੀਲ ਹਾਂ। ਸੰਧੂ ਨੇ ਕਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਸਾਰੀਆਂ ਪਾਰਟੀਆਂ ਨੂੰ ਸਰਬ ਪਾਰਟੀ ਮੀਟਿੰਗ 'ਚ ਕੀਤੀ ਗਈ ਜਿਸ 'ਚ ਸ਼੍ਰੋਮਣੀ ਅਕਾਲੀ ਦਲ ਤੋਂ ਇਲਾਵਾ ਸਾਰੇ ਮੁੱਖ ਧਾਰਾ ਦੇ ਆਗੂ ਭਾਵੇਂ ਟਕਸਾਲੀ ਹੋਣ, ਸੀ.ਪੀ.ਆਈ., ਸੀ.ਪੀ.ਐਮ., ਬਸਪਾ ਅਤੇ ਵਿਰੋਧੀ ਪਾਰਟੀ 'ਆਪ' ਹੋਵੇ, ਸੱਭ ਨੇ ਸਹਿਯੋਗ ਦਾ ਵਾਅਦਾ ਕੀਤਾ ਸੀ।
File photo
ਸ਼੍ਰੋਮਣੀ ਅਕਾਲੀ ਦਲ ਵਲੋਂ ਕੁਦਰਤੀ ਆਫ਼ਤ ਫ਼ੰਡ ਦੇ 6000 ਕਰੋੜ ਰੁਪਏ ਰਾਜ ਸਰਕਾਰ ਕੋਲ ਹੋਣ ਅਤੇ ਇਸ ਨੂੰ ਖ਼ਰਚਣ ਦੀ ਕੇਂਦਰ ਸਰਕਾਰ ਵਲੋਂ ਆਗਿਆ ਦੇਣ ਬਾਰੇ ਉਨ੍ਹਾਂ ਕਿਹਾ ਕਿ ਸਿਰਫ਼ 250 ਕਰੋੜ ਰੁਪਏ ਸਰਕਾਰ ਕੋਲ ਸਨ ਅਤੇ ਬਾਕੀ ਰਕਮ ਹੜ੍ਹਾਂ, ਗੜੇਮਾਰੀ ਅਤੇ ਹੋਰ ਕੁਦਰਤੀ ਆਫ਼ਤਾਂ ਸਮੇਂ ਖ਼ਰਚੀ ਜਾ ਰਹੀ ਹੈ। ਸਾਰਾ ਹਿਸਾਬ-ਕਿਤਾਬ ਕੇਂਦਰੀ ਵਿੱਤ ਕਮਿਸ਼ਨ ਨੂੰ ਦਸਿਆ ਜਾਂਦਾ ਹੈ। ਉਨ੍ਹਾਂ ਅਕਾਲੀ ਦਲ ਨੂੰ ਕਿਹਾ ਕਿ ਉਹ ਅਪਣੇ ਆਖ਼ਰੀ ਬਜਟ 'ਚ ਹੀ ਦਸ ਦੇਣ ਇਸ ਰਕਮ ਦਾ ਜੇ ਕੋਈ ਹਵਾਲਾ ਹੋਵੇ। ਰਾਸ਼ਨ ਦੀ ਵੰਡ ਬਾਰੇ ਦੋਸ਼ਾਂ ਨੂੰ ਨਕਾਰਦਿਆਂ ਉਨ੍ਹਾਂ ਕਿਹਾ ਕਿ 3 ਕਰੋੜ ਵਸੋਂ 'ਚੋਂ 1 ਕਰੋੜ 31 ਲੱਖ ਕਾਰਡ ਧਾਰਕਾਂ ਅਤੇ 10 ਲੱਖ ਤੋਂ ਵੱਧ ਹੋਰ ਗ਼ੈਰਕਾਰਡ ਧਾਰਕਾਂ ਨੂੰ ਰਾਸ਼ਨ ਵੰਡਿਆ ਗਿਆ ਹੈ। ਕਣਕ-ਦਾਲ ਵੰਡਣ 'ਚ ਦੇਰੀ ਵੀ ਕੇਂਦਰ ਵਲੋਂ ਦਾਲ ਦੀ ਬਹੁਤ ਘੱਟ ਸਪਲਾਈ ਹੋਣ ਕਾਰਨ ਹੋਈ ਹੈ।
ਉਨ੍ਹਾਂ ਇਕ ਹੋਰ ਸਵਾਲ ਦੇ ਜਵਾਬ ਵਿਚ ਕਿਹਾ ਕਿ ਸਾਨੂੰ ਆਖ਼ਰ ਤਾਲਾਬੰਦੀ 'ਚੋਂ ਤਾਂ ਹੌਲੀ ਹੌਲੀ ਨਿਕਲਣਾ ਹੀ ਪੈਣਾ ਹੈ ਅਤੇ ਲੋੜ ਮੁਤਾਬਕ ਫ਼ੈਸਲਿਆਂ ਦਾ ਰੀਵੀਊ ਵੀ ਹੋ ਸਕਦਾ ਹੈ। ਇਸ ਤੋਂ ਇਲਾਵਾ ਰਾਜ ਨੂੰ ਪੈ ਰਹੇ ਮਾਲੀ ਘਾਟੇ ਤੋਂ ਨਹੀਂ ਬਚਿਆ ਜਾ ਸਕਦ। ਸ੍ਰੀ ਹਜ਼ੂਰ ਸਾਹਿਬ ਦੇ ਸ਼ਰਧਾਲੂਆਂ ਦੇ ਮਾਮਲੇ ਬਾਰੇ ਉਨ੍ਹਾਂ ਕਿਹਾ ਕਿ ਸਰਕਾਰ ਦੀ ਜ਼ਿੰਮੇਵਾਰੀ ਸੀ ਬਾਹਰ ਫਸੇ ਸ਼ਰਧਾਲੂਆਂ ਅਤੇ ਹੋਰ ਯਾਤਰੀਆਂ ਨੂੰ ਲਿਆਉਣਾ ਪਰ ਸ਼ੁਰੂ 'ਚ ਕੁੱਝ ਥਾਵਾਂ 'ਤੇ ਏਕਾਂਤਵਾਸ ਆਦਿ ਦੇ ਪ੍ਰਬੰਧਾਂ 'ਚ ਰਹੀਆਂ ਖ਼ਾਮੀਆਂ ਦੀ ਗੱਲ ਸਹੀ ਹੈ ਪਰ ਇਕ-ਦੋ ਦਿਨ ਬਾਅਦ ਸ਼ਿਕਾਇਤਾਂ ਦੂਰ ਵੀ ਕੀਤੀਆਂ ਗਈਆਂ।
ਉਨ੍ਹਾਂ ਸਪੋਕਸਮੈਨ ਵਲੋਂ ਉਠਾਏ ਛੇਹਰਟਾ ਦੀ ਬੱਚੀ ਨੂੰ ਸ਼ਰਧਾਲੂ ਮਾਂ-ਪਿਉ ਨਾਲੋਂ ਵਖਰਾ ਕਰਨ ਸਮੇਂ ਸਹੀ ਪ੍ਰਬੰਧ ਨਾ ਹੋਣ ਦੀ ਜਾਂਚ ਦੀ ਗੱਲ ਆਖੀ। ਉਨ੍ਹਾਂ ਜਲਾਲਾਬਾਦ 'ਚ ਸ਼ਰਧਾਲੂਆਂ ਨੂੰ ਸਿੱਧੇ ਹੀ ਸੁਖਬੀਰ ਸਿੰਘ ਬਾਦਲ ਵਲੋਂ ਉਤਾਰਨ ਦੇ ਮਾਮਲੇ ਬਾਰੇ ਕਿਹਾ ਕਿ ਇਸ ਦੀ ਜਾਂਚ ਦੇ ਹੁਕਮ ਦਿਤੇ ਗਏ ਹਨ। ਉਨ੍ਹਾਂ ਰਾਸ਼ਨ ਅਤੇ ਰਾਹਤ ਸਮੱਗਰੀ ਦੀ ਵੰਡ 'ਚ ਸਿਆਸੀ ਆਧਾਰ 'ਤੇ ਪੱਖਪਾਤ ਦੇ ਦੋਸ਼ਾਂ ਨੂੰ ਵੀ ਗ਼ਲਤ ਦਸਿਆ। ਉਨ੍ਹਾਂ ਕਿਹਾ ਕਿ ਕੋਰੋਨਾ ਤੋਂ ਘਬਰਾਉਣ ਦੀ ਨਹੀਂ ਸਾਵਧਾਨੀ ਦੀ ਵਧੇਰੇ ਲੋੜ ਹੈ। ਹੋਰਨਾਂ ਰਾਜਾਂ ਦੇ ਮੁਕਾਬਲੇ ਪੰਜਾਬ 'ਚ ਸਥਿਤੀ ਕਾਫ਼ੀ ਕਾਬੂ ਹੇਠ ਹੈ ਅਤੇ ਭਵਿੱਖ ਲਈ ਵੀ ਸਰਕਾਰ ਦੀ ਪੂਰੀ ਤਿਆਰੀ ਹੈ।