
ਲੈਫ਼ਟੀਨੈਂਟ ਜਨਰਲ ਅਮਰਦੀਪ ਸਿੰਘ ਔਜਲਾ ਨੇ ਕਾਰਜਭਾਰ ਸੰਭਾਲਿਆ
ਸ਼੍ਰੀਨਗਰ, 9 ਮਈ : ਲੈਫ਼ਟੀਨੈਂਟ ਜਨਰਲ ਅਮਰਦੀਪ ਸਿੰਘ ਔਜਲਾ ਨੇ ਸੋਮਵਾਰ ਨੂੰ ਲੈਫ਼ਟੀਨੈਂਟ ਜਨਰਲ ਡੀ. ਪੀ. ਪਾਂਡੇ ਦੀ ਥਾਂ ਭਾਰਤੀ ਫ਼ੌਜ ਦੀ ਰਣਨੀਤਕ ਕਸ਼ਮੀਰ ਸਥਿਤ 15ਵੀਂ ਚਿਨਾਰ ਕੋਰ ਦੇ ਜਨਰਲ ਅਫ਼ਸਰ ਕਮਾਂਡਿੰਗ (ਜੀਓਸੀ) ਦਾ ਅਹੁਦਾ ਸੰਭਾਲਿਆ। ਇਕ ਰਖਿਆ ਬੁਲਾਰੇ ਨੇ ਇਹ ਜਾਣਕਾਰੀ ਦਿਤੀ। ਲੈਫ਼ਟੀਨੈਂਟ ਜਨਰਲ ਪਾਂਡੇ ਨੇ 2021 ਦੇ ਮਹੱਤਵਪੂਰਨ ਪੜਾਅ ’ਚ ਕੋਰ ਦੀ ਕਮਾਨ ਸੰਭਾਲੀ ਸੀ, ਜਦੋਂ ਕਸ਼ਮੀਰ ਅਤਿਵਾਦ ਦੀ ਚੁਣੌਤੀ ਅਤੇ ਕੋਵਿਡ-19 ਮਹਾਂਮਾਰੀ ਦੀ ਦੂਜੀ ਲਹਿਰ ਦਾ ਸਾਹਮਣਾ ਕਰ ਰਿਹਾ ਸੀ। ਬੁਲਾਰੇ ਨੇ ਕਿਹਾ ਕਿ ਪਾਂਡੇ ਦੇ ਕਾਰਜਕਾਲ ਕੰਟਰੋਲ ਰੇਖਾ ਦੇ ਨਾਲ-ਨਾਲ ਅੰਦਰੂਨੀ ਇਲਾਕਿਆਂ ’ਚ ਸੁਰੱਖਿਆ ਦਾ ਬਿਹਤਰ ਮਾਹੌਲ ਬਣਿਆ। ਨਾਗਰਿਕ ਪ੍ਰਸ਼ਾਸਨ ਅਤੇ ਸੁਰੱਖਿਆ ਫੋਰਸ ਦੇ ਤਾਲਮੇਲ ਨਾਲ ਕਮਸ਼ੀਰ ’ਚ ਆਮ ਹਾਲਾਤ ਲਿਆਉਣ ਦੇ ਉਨ੍ਹਾਂ ਦੀਆਂ ਕੋਸ਼ਿਸ਼ਾਂ ਨਾਲ ਅਤਿਵਾਦ ਦੀਆਂ ਘਟਨਾਵਾਂ ’ਚ ਗਿਰਾਵਟ ਆਈ। ਬੁਲਾਰੇ ਮੁਤਾਬਕ ਅਤਿਵਾਦੀਆਂ ਨੂੰ ਮਾਰ ਡਿਗਾਉਣ ਲਈ ਲਗਾਤਾਰ ਮੁਹਿੰਮ ਚਲਾਈ ਗਈ, ਜਿਸ ’ਚ ਘੱਟੋ-ਘੱਟ ਨੁਕਸਾਨ ਹੋਇਆ ਅਤੇ ਇਕ ਵੀ ਨਾਗਰਿਕ ਮਾਰਿਆ ਨਹੀਂ ਗਿਆ। ਅਪਣੇ ਵਿਦਾਈ ਸੰਦੇਸ਼ ’ਚ ਲੈਫ਼ਟੀਨੈਂਟ ਜਨਰਲ ਪਾਂਡੇ ਨੇ ਚਿਨਾਰ ਕੋਰ ਦੇ ਸਾਰੇ ਰੈਂਕ ਦੇ ਅਧਿਕਾਰੀਆਂ ਅਤੇ ਜਵਾਨਾਂ ਦੀ ਉਨ੍ਹਾਂ ਦੇ ਸਮਰਪਣ ਅਤੇ ਸਖ਼ਤ ਮਿਹਨਤ ਲਈ ਪ੍ਰਸ਼ੰਸਾ ਕੀਤੀ। (ਏਜੰਸੀ)