
‘ਆਪ’ ਆਗੂਆਂ ਨੇ ਦੋਸ਼ ਲਾਇਆ ਕਿ ਕਾਂਗਰਸੀ ਵਰਕਰਾਂ ਨੇ ਹੀ ਧੱਕੇਸ਼ਾਹੀ ਕੀਤੀ
ਜਲੰਧਰ - ਜਲੰਧਰ ਲੋਕ ਸਭਾ ਜ਼ਿਮਨੀ ਚੋਣ ਲਈ ਵੋਟਿੰਗ ਜਾਰੀ ਹੈ। ਵੋਟਿੰਗ ਦੀ ਰਫ਼ਤਾਰ ਬਹੁਤ ਮੱਠੀ ਦਿਖ ਰਹੀ ਹੈ। ਸਵੇਰੇ 11 ਵਜੇ ਤੱਕ ਸਿਰਫ਼ 17.46% ਵੋਟਿੰਗ ਹੋਈ ਹੈ। ਵੋਟਿੰਗ ਸ਼ਾਮ 6 ਵਜੇ ਤੱਕ ਜਾਰੀ ਰਹੇਗੀ। ਇਸੇ ਦੌਰਾਨ ਸ਼ਾਹਕੋਟ ਦੇ ਪਿੰਡ ਰੂਪੇਵਾਲਾ ਵਿਚ ਆਮ ਆਦਮੀ ਪਾਰਟੀ (ਆਪ) ਅਤੇ ਕਾਂਗਰਸੀ ਵਰਕਰਾਂ ਵਿਚ ਝੜਪ ਹੋ ਗਈ। ਸ਼ਾਹਕੋਟ ਤੋਂ ਕਾਂਗਰਸੀ ਵਿਧਾਇਕ ਹਰਦੇਵ ਸਿੰਘ ਲਾਡੀ ਸ਼ੇਰੋਵਾਲੀਆ ਨੇ ਇਲਜ਼ਾਮ ਲਾਇਆ ਕਿ ਬਾਬਾ ਬਕਾਲਾ ਤੋਂ ‘ਆਪ’ ਵਿਧਾਇਕ ਦਲਵੀਰ ਸਿੰਘ ਟੋਂਗ ਜਲੰਧਰ ਵਿਚ ਘੁੰਮ ਰਹੇ ਹਨ। ਚੋਣ ਕਮਿਸ਼ਨ ਦੇ ਨਿਯਮਾਂ ਅਨੁਸਾਰ ਵੋਟਿੰਗ ਵਾਲੇ ਦਿਨ ਬਾਹਰੀ ਵਿਅਕਤੀ ਜਲੰਧਰ ਨਹੀਂ ਆ ਸਕਦੇ। ਇਸ ਦੇ ਬਾਵਜੂਦ ਵਿਧਾਇਕ ਇੱਥੋਂ ਦੇ ਵੋਟਰਾਂ ਨੂੰ ਪ੍ਰਭਾਵਿਤ ਕਰ ਰਹੇ ਹਨ।
ਦੂਜੇ ਪਾਸੇ ‘ਆਪ’ ਆਗੂਆਂ ਨੇ ਦੋਸ਼ ਲਾਇਆ ਕਿ ਕਾਂਗਰਸੀ ਵਰਕਰਾਂ ਨੇ ਹੀ ਧੱਕੇਸ਼ਾਹੀ ਕੀਤੀ। ਜਿਸ ਤੋਂ ਬਾਅਦ ਵਿਧਾਇਕ ਟੋਂਗ ਨੂੰ ਉੱਥੇ ਕਮਰੇ ਵਿਚ ਬੰਦ ਕਰ ਦਿੱਤਾ ਗਿਆ। ਮੌਕੇ 'ਤੇ ਪੁਲਿਸ ਨੇ ਪਹੁੰਚ ਕੇ ਵਿਧਾਇਕ ਨੂੰ ਬਾਹਰ ਕੱਢਿਆ ਅਤੇ ਥਾਣੇ ਲੈ ਗਈ ਹੈ। ਇਸ ਦੇ ਨਾਲ ਹੀ ਜਲੰਧਰ ਉੱਤਰੀ ਵਿਚ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰਾਂ ਵਿਚ ਝੜਪ ਹੋ ਗਈ। ਇੱਥੇ ਕਾਂਗਰਸੀ ਵਰਕਰਾਂ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਦੇ ਕੁਝ ਲੋਕਾਂ ਨੇ ਆ ਕੇ ਉਥੇ ਵਿਰੋਧੀ ਪਾਰਟੀਆਂ ਦੇ ਬੂਥ ਤੋੜ ਦਿੱਤੇ। ਲੋਕਾਂ ਦਾ ਕਹਿਣਾ ਹੈ ਕਿ ਬੂਥਾਂ 'ਤੇ ਹਮਲਾ ਕਰਨ ਵਾਲੇ ਸਾਰੇ ਸ਼ਰਾਬੀ ਸਨ।
ਮਹਿਲਾ ਮਨਦੀਪ ਕੌਰ ਨੇ ਦੱਸਿਆ ਕਿ ਉਹ ਆਪਣੇ ਬੂਥ 'ਤੇ ਬੈਠੀ ਸੀ ਜਦੋਂ ਉਸ ਦਾ ਭਰਾ ਬੌਬੀ ਆਪਣੇ ਸਾਥੀਆਂ ਨਾਲ ਆਇਆ ਅਤੇ ਉਸ 'ਤੇ ਸਿੱਧਾ ਹਮਲਾ ਕਰ ਦਿੱਤਾ। ਕਿਸੇ ਨਾਲ ਕੋਈ ਝਗੜਾ ਹੋਇਆ ਤੇ ਨਾ ਹੀ ਕਿਸੇ ਨੇ ਉਸ ਨੂੰ ਮਾੜਾ ਕਿਹਾ ਸੀ। ਮਨਦੀਪ ਕੌਰ ਨੇ ਦੱਸਿਆ ਕਿ ਉਸ ਦੇ ਕੱਪੜੇ ਫਟੇ ਹੋਏ ਸਨ। ਉਨ੍ਹਾਂ ਉਸ ਦੇ ਗਲੇ 'ਚੋਂ ਸੋਨੇ ਦੀ ਚੇਨ ਵੀ ਖੋਹ ਲਈ।
ਔਰਤ ਨੇ ਦੱਸਿਆ ਕਿ ਗੰਜੀ ਅਤੇ ਉਸ ਦੇ ਭਰਾ ਬੌਬੀ ਨੇ ਸ਼ਾਮ ਤੱਕ ਉਸ ਨੂੰ ਅਤੇ ਉਸ ਦੇ ਬੇਟੇ ਨੂੰ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਔਰਤ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਹੈ ਕਿ ਜੇਕਰ ਉਸ ਨੂੰ ਅਤੇ ਉਸ ਦੇ ਬੇਟੇ ਨੂੰ ਕੁਝ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਗੰਜੀ ਅਤੇ ਬੌਬੀ ਦੀ ਹੋਵੇਗੀ। ਇਸ ਦੌਰਾਨ ਇਕ ਵਿਅਕਤੀ ਨੇ ਦੱਸਿਆ ਕਿ ਬੂਥ 'ਤੇ ਬੈਠੇ ਭਾਜਪਾ ਵਰਕਰ ਦਾ ਸਿਰ ਜਖ਼ਮੀ ਕਰ ਦਿੱਤਾ ਗਿਆ। ਦੂਜੇ ਪਾਸੇ ਆਮ ਆਦਮੀ ਪਾਰਟੀ ਦੇ ਆਗੂ ਦਿਨੇਸ਼ ਢੱਲ ਨੇ ਕਿਹਾ ਕਿ ਇਹ ਮਾਮੂਲੀ ਤਕਰਾਰ ਸੀ।