
ਵੋਟਰਾਂ ਦੀ ਕੁੱਲ ਗਿਣਤੀ 16,21,759 ਹੈ
ਜਲੰਧਰ : ਜਲੰਧਰ ਲੋਕ ਸਭਾ ਉਪ ਚੋਣ ਲਈ ਵੋਟਿੰਗ ਖ਼ਤਮ ਹੋ ਗਈ। ਸ਼ਾਮ 6 ਵਜੇ ਤਕ 53.04 ਫ਼ੀ ਸਦੀ ਵੋਟਿੰਗ ਹੋਈ ਹੈ। ਸ਼ਾਹਕੋਟ ਵਿਚ 53.4 % ਵੋਟਿੰਗ ਹੋਈ। ਇਸ ਤੋਂ ਬਾਅਦ ਕਰਤਾਰਪੁਰ53.6 %, ਜਲੰਧਰ ਪੱਛਮੀ 53.1 %,ਫਿਲੌਰ 52.4 %, ਨਕੋਦਰ 51.7%, ਜਲੰਧਰ ਉੱਤਰੀ 51.1%, ਆਦਮਪੁਰ 50.7%, ਜਲੰਧਰ ਕੈਂਟ 45.9 % ਅਤੇ ਜਲੰਧਰ ਕੇਂਦਰੀ ਵਿਚ ਸਭ ਤੋਂ ਘੱਟ 45.3% ਰਿਹਾ।
ਜਲੰਧਰ ਜ਼ਿਮਨੀ ਚੋਣ ਦਾ ਦੰਗਲ
ਵੋਟਰਾਂ ਦੀ ਕੁੱਲ ਗਿਣਤੀ 16,21,759 ਹੈ
8,44,904 ਪੁਰਸ਼, 7,76,855 ਔਰਤਾਂ ਤੇ 10,286 ਦਿਵਿਆਂਗ ਵੋਟਰ
1850 ਸਰਵਿਸ ਵੋਟਰ, 73 ਵਿਦੇਸ਼ੀ/ਪ੍ਰਵਾਸੀ ਅਤੇ 41 ਟਰਾਂਸਜੈਂਡਰ ਵੋਟਰ
19 ਉਮੀਦਵਾਰ ਚੋਣ ਮੈਦਾਨ 'ਚ, ਜਿਨ੍ਹਾਂ ਵਿੱਚ 15 ਪੁਰਸ਼ ਅਤੇ 4 ਔਰਤਾਂ ਹਨ
'ਆਪ' ਦੇ ਬਾਹਰਲੇ ਜ਼ਿਲ੍ਹਿਆਂ ਤੋਂ ਵਿਧਾਇਕਾਂ ਦੇ ਵੋਟਿੰਗ ਦੌਰਾਨ ਜਲੰਧਰ ਵਿਚ ਹੋਣ ਨੂੰ ਲੈ ਕੇ ਸਿਆਸੀ ਹੰਗਾਮਾ ਹੋ ਗਿਆ ਹੈ। ਭਾਜਪਾ ਦੇ ਪੰਜਾਬ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਚੋਣ ਕਮਿਸ਼ਨ ਅਤੇ ਡੀਜੀਪੀ ਨੂੰ ਸ਼ਿਕਾਇਤ ਕਰ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਕੇ ਗ੍ਰਿਫ਼ਤਾਰ ਕਰਨ ਦੀ ਮੰਗ ਕੀਤੀ ਹੈ। ਇਸ ਤੋਂ ਪਹਿਲਾਂ ਕਾਂਗਰਸੀ ਉਮੀਦਵਾਰ ਕਰਮਜੀਤ ਕੌਰ ਚੌਧਰੀ ਵੀ ਸ਼ਿਕਾਇਤ ਕਰ ਕੇ ਕਾਰਵਾਈ ਦੀ ਮੰਗ ਕਰ ਚੁੱਕੇ ਹਨ।
ਜਲੰਧਰ ਤੋਂ ਸੰਸਦ ਮੈਂਬਰ ਸੰਤੋਖ ਸਿੰਘ ਚੌਧਰੀ ਦੀ ਇਸ ਸਾਲ ਜਨਵਰੀ 'ਚ ਰਾਹੁਲ ਗਾਂਧੀ ਦੇ ਭਾਰਤ ਜੋੜੋ ਦੌਰੇ ਦੌਰਾਨ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਇਥੇ ਉਪ ਚੋਣ ਹੋ ਰਹੀ ਹੈ। ਵੋਟਾਂ ਦੀ ਗਿਣਤੀ 13 ਮਈ ਨੂੰ ਹੋਵੇਗੀ। ਵਿਧਾਨ ਸਭਾ ਹਲਕਿਆਂ ਵਾਲੀ ਇਸ ਲੋਕ ਸਭਾ ਸੀਟ ’ਤੇ 1972 ਪੋਲਿੰਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ’ਤੇ ਜ਼ਿਲ੍ਹੇ ਦੇ 16 ਲੱਖ 21 ਹਜ਼ਾਰ ਵੋਟਰ ਨਵੇਂ ਸੰਸਦ ਮੈਂਬਰ ਦੀ ਚੋਣ ਕਰਨਗੇ।
ਵੋਟਰਾਂ 'ਚ 8,44,904 ਪੁਰਸ਼ ਅਤੇ 7,76,855 ਔਰਤ ਵੋਟਰ ਹਨ ਅਤੇ 41 ਥਰਡ ਜੈਂਡਰ ਵੋਟਰ ਹਨ। 13 ਮਈ ਨੂੰ ਵੋਟਾਂ ਦੀ ਗਿਣਤੀ ਤੋਂ ਬਾਅਦ ਚੋਣ ਨਤੀਜੇ ਸਾਹਮਣੇ ਆਉਣਗੇ। ਚੋਣ ਪ੍ਰਚਾਰ ਦੌਰਾਨ ਸੱਤਾਧਾਰੀ ਆਮ ਆਦਮੀ ਪਾਰਟੀ, ਕਾਂਗਰਸ, ਭਾਜਪਾ, ਅਕਾਲੀ ਦਲ-ਬਸਪਾ ਗੱਠਜੋੜ ਸਮੇਤ ਹਰੇਕ ਪਾਰਟੀ ਅਤੇ ਆਜ਼ਾਦ ਉਮੀਦਵਾਰਾਂ ਨੇ ਚੋਣ ਪ੍ਰਚਾਰ ਵਿਚ ਆਪਣੀ ਪੂਰੀ ਤਾਕਤ ਝੋਕ ਦਿਤੀ ਸੀ।
ਮੁੱਖ ਚੋਣ ਅਧਿਕਾਰੀ ਸਿਬਿਨ ਸੀ ਮੁਤਾਬਕ 19 ਉਮੀਦਵਾਰਾਂ ਵਿਚੋਂ ਤਿੰਨ ਕੌਮੀ ਪਾਰਟੀਆਂ ਦੇ ਇੱਕ ਸੂਬਾਈ ਪਾਰਟੀ ਤੋਂ 7 ਗੈਰ-ਮਾਨਤਾ ਪ੍ਰਾਪਤ ਪਾਰਟੀਆਂ ਤੋਂ ਜਦਕਿ 8 ਆਜ਼ਾਦ ਉਮੀਦਵਾਰ ਹਨ। ਉਨ੍ਹਾਂ ਕਿਹਾ ਕਿ ਚੋਣ ਲੜ ਰਹੇ ਪੰਜ ਉਮੀਦਵਾਰ ਅਪਰਾਧਿਕ ਪਿਛੋਕੜ ਵਾਲੇ ਹਨ।
ਸਿਬਿਨ ਸੀ ਨੇ ਦਸਿਆ ਕਿ 1972 ਪੋਲਿੰਗ ਸਟੇਸ਼ਨ ਸਥਾਪਿਤ ਕੀਤੇ ਗਏ ਹਨ ਅਤੇ ਸਾਰੇ ਪੋਲਿੰਗ ਸਟੇਸ਼ਨਾਂ ਦੀ ਵੈਬਕਾਸਟਿੰਗ ਕੀਤੀ ਜਾ ਰਹੀ ਹੈ। ਉਨ੍ਹਾਂ ਇਹ ਵੀ ਦੱਸਿਆ ਕਿ ਤਿੰਨ ਤੋਂ ਵੱਧ ਪੋਲਿੰਗ ਸਟੇਸ਼ਟ ਵਾਲੀਆਂ ਥਾਵਾਂ ਜੋ ਕਿ ਜਲੰਧਰ ਸੰਸਦੀ ਹਲਕੇ ਵਿੱਚ ਕੁੱਲ 166 ਹਨ, ਦੇ ਪੋਲਿੰਗ ਸਟੇਸ਼ਨਾਂ ਦੇ ਬਾਹਰ ਵਾਧੂ ਕੈਮਰੇ ਲਗਾਏ ਜਾਣਗੇ। ਉਨ੍ਹਾਂ ਕਿਹਾ ਕਿ 542 ਸੰਵੇਦਨਸ਼ੀਲ ਪੋਲਿੰਗ ਸਟੇਸ਼ਨਾਂ ਦੀ ਪਛਾਣ ਕੀਤੀ ਗਈ ਹੈ ਜਿਨ੍ਹਾਂ ਵਿੱਚੋਂ 16 ਨੂੰ ਅਤਿ ਸੰਵੇਦਨਸ਼ੀਲ ਅਤੇ 30 ਨੂੰ ਐਕਸਪੈਂਡੀਚਰ ਸੈਂਸਟਿਵ ਪਾਕਿਟਸ ਵਜੋਂ ਦਰਸਾਇਆ ਗਿਆ ਹੈ।