
6 ਜੁਲਾਈ 2020 ਨੂੰ ਮੋਹਾਲੀ ਵਿਚ ਇਕ ਸੜਕ ਹਾਦਸੇ ਵਿਚ ਦਲਜੀਤ ਦੀ ਜਾਨ ਚਲੀ ਗਈ ਸੀ।
ਚੰਡੀਗੜ੍ਹ - ਮੋਟਰ ਐਕਸੀਡੈਂਟ ਕਲੇਮ ਟ੍ਰਿਬਿਊਨਲ, ਚੰਡੀਗੜ੍ਹ ਜ਼ਿਲ੍ਹਾ ਅਦਾਲਤ ਨੇ ਤਿੰਨ ਸਾਲ ਪਹਿਲਾਂ ਸੜਕ ਹਾਦਸੇ ਵਿਚ ਜਾਨ ਗੁਆਉਣ ਵਾਲੇ ਮੁਹਾਲੀ ਵਾਸੀ ਦਲਜੀਤ ਸਿੰਘ ਦੇ ਪਰਿਵਾਰ ਨੂੰ 58.59 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਹੁਕਮ ਦਿੱਤਾ ਹੈ। 6 ਜੁਲਾਈ 2020 ਨੂੰ ਮੋਹਾਲੀ ਵਿਚ ਇਕ ਸੜਕ ਹਾਦਸੇ ਵਿਚ ਦਲਜੀਤ ਦੀ ਜਾਨ ਚਲੀ ਗਈ ਸੀ।
ਉਸ ਦੇ ਸਾਈਕਲ ਨੂੰ ਜੀਪ ਨੇ ਟੱਕਰ ਮਾਰ ਦਿੱਤੀ ਸੀ। ਇਹ ਜੀਪ ਹਰਿਆਣਾ ਦੇ ਪੁਲਿਸ ਡਾਇਰੈਕਟਰ ਜਨਰਲ ਦੀ ਸੀ, ਜਿਸ ਨੂੰ ਉਸ ਦਾ ਡਰਾਈਵਰ ਹਨੂਮੰਤ ਚਲਾ ਰਿਹਾ ਸੀ। ਦਲਜੀਤ ਦੇ ਪਰਿਵਾਰ ਨੇ ਹਨੂਮੰਤ, ਡੀਜੀਪੀ ਹਰਿਆਣਾ ਅਤੇ ਬੀਮਾ ਕੰਪਨੀ ਖ਼ਿਲਾਫ਼ ਕੇਸ ਦਰਜ ਕਰਵਾਇਆ ਸੀ। ਟ੍ਰਿਬਿਊਨਲ ਨੇ ਬੀਮਾ ਕੰਪਨੀ ਨੂੰ ਮੁਆਵਜ਼ੇ ਦੀ ਰਕਮ ਅਦਾ ਕਰਨ ਦੇ ਨਿਰਦੇਸ਼ ਦਿੱਤੇ ਹਨ। ਪੀੜਤ ਪਰਿਵਾਰ ਵੱਲੋਂ ਵਕੀਲ ਅਸ਼ਵਨੀ ਅਰੋੜਾ ਨੇ ਕੇਸ ਦਰਜ ਕੀਤਾ। ਉਨ੍ਹਾਂ ਬਹਿਸ ਦੌਰਾਨ ਕਿਹਾ ਕਿ ਹਾਦਸੇ ਸਮੇਂ ਦਲਜੀਤ ਦੀ ਉਮਰ ਸਿਰਫ਼ 40 ਸਾਲ ਸੀ ਅਤੇ ਉਸ 'ਤੇ ਪੂਰੇ ਪਰਿਵਾਰ ਦੀ ਜ਼ਿੰਮੇਵਾਰੀ ਸੀ।
ਉਸ ਨੇ ਮਾਸ ਕੰਮਿਊਨੀਕੇਸ਼ਨ ਵਿਚ ਪੀਜੀ ਡਿਪਲੋਮਾ ਕੀਤਾ ਹੋਇਆ ਸੀ ਅਤੇ ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਫ਼ਤਹਿਗੜ੍ਹ ਸਾਹਿਬ ਵਿਚ ਡਾਟਾ ਐਂਟਰੀ ਆਪਰੇਟਰ ਦੀ ਨੌਕਰੀ ਕਰ ਰਿਹਾ ਸੀ ਉਸ ਦੀ ਮਹੀਨੇ ਦੀ ਸੈਲਰੀ 40 ਹਜ਼ਾਰ ਰੁਪਏ ਸੀ। ਇਸ ਲਈ ਪਰਿਵਾਰ ਨੇ ਟ੍ਰਬਿਊਨਲ ਤੋਂ 70 ਲੱਖ ਰੁਪਏ ਦੇ ਮੁਆਵਜ਼ੇ ਦੀ ਮੰਗ ਕੀਤੀ।
ਦਰਖ਼ਾਸਤ ਅਨੁਸਾਰ 6 ਜੁਲਾਈ 2020 ਨੂੰ ਸਵੇਰੇ 8.30 ਵਜੇ ਦੇ ਕਰੀਬ ਦਲਜੀਤ ਸਾਈਕਲ 'ਤੇ ਫੇਜ਼-7 ਦੀ ਮਾਰਕੀਟ ਜਾ ਰਿਹਾ ਸੀ। ਫੇਜ਼-3/4 ਦੇ ਲਾਈਟ ਪੁਆਇੰਟ ਨੇੜੇ ਇੱਕ ਬੋਲੈਰਾ ਜੀਪ ਨੇ ਉਸ ਦੀ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ। ਪੁਲਿਸ ਮੁਤਾਬਕ ਜੀਪ ਚਾਲਕ ਤੇਜ਼ ਰਫ਼ਤਾਰ ਨਾਲ ਗੱਡੀ ਚਲਾ ਰਿਹਾ ਸੀ। ਇਸ ਹਾਦਸੇ ਵਿਚ ਦਲਜੀਤ ਬੁਰੀ ਤਰ੍ਹਾਂ ਜ਼ਖਮੀ ਹੋ ਗਿਆ। ਉਸ ਨੂੰ ਫੇਜ਼-7 ਦੇ ਚਾਵਲਾ ਹਸਪਤਾਲ ਲਿਜਾਇਆ ਗਿਆ, ਜਿੱਥੋਂ ਉਸ ਨੂੰ ਪੀ.ਜੀ.ਆਈ. ਰੈਫਰ ਕੀਤਾ ਗਿਆ ਤੇ ਉਸ ਦੀ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।