ਫ਼ਤਿਹਵੀਰ ਦੀਆਂ ਕਿਲਕਾਰੀਆਂ ਸੁਣਨ ਲਈ ਤਰਸ ਰਹੀ ਹੈ ਮਾਂ
ਜਲੰਧਰ: ਬੋਰਵੈੱਲ ‘ਚ ਪਿਛਲੇ ਦਿਨਾਂ ਤੋਂ ਫਸੇ ਫ਼ਤਿਹਵੀਰ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਲਗਾਤਾਰ ਜਾਰੀ ਹੈ ਪਰ ਅਜੇ ਤੱਕ ਐੱਨ.ਡੀ.ਆਰ.ਐੱਫ. ਤੇ ਸਮਾਜਿਕ ਸੰਸਥਾਵਾਂ ਵਲੋਂ ਕੀਤੇ ਜਾ ਰਹੇ ਯਤਨ ਸਫਲ ਨਹੀਂ ਹੋ ਸਕੇ ਹਾਲਾਂਕਿ ਇਸ ਪਰਿਵਾਰ ਨੂੰ ਹੌਸਲਾ ਦੇਣ ਲਈ ਤੇ ਮੌਕੇ ਦਾ ਜਾਇਜ਼ਾ ਲੈਣ ਲਈ ਸਿਆਸਤਦਾਨ ਵੀ ਇੱਥੇ ਪਹੁੰਚ ਰਹੇ ਹਨ। ਇਸੇ ਚਲਦੇ ਹੁਣ ਨੀਟੂ ਸ਼ਟਰਾਂਵਾਲਾ ਵੀ ਸੰਗਰੂਰ ਜਾ ਰਿਹਾ ਹੈ।
ਨੀਟੂ ਸ਼ਟਰਾਂਵਾਲੇ ਨੇ ਪ੍ਰਸ਼ਾਸਨ ਅਤੇ ਸਰਕਾਰ ਤੇ ਹਮਲਾ ਕਰਦਿਆਂ ਕਿਹਾ ਕਿ ਫ਼ਤਿਹ ਨੂੰ ਬਾਹਰ ਕੱਢਣ ‘ਚ ਪ੍ਰਸ਼ਾਸਨ ਅਣਗਹਿਲੀ ਕਰ ਰਿਹਾ ਹੈ। ਉਨ੍ਹਾਂ ਕਿਹਾ ਕਿ ਘਟਨਾ ਵਾਲੀ ਥਾਂ ‘ਤੇ ਲੀਡਰ ਨੂੰ ਘੱਟੋ-ਘੱਟ ਇਕ ਵਾਰ ਤਾਂ ਗੇੜਾ ਮਾਰਨਾ ਚਾਹੀਦਾ ਸੀ। ਇਸ ਦੌਰਾਨ ਉਨ੍ਹਾਂ ਨੇ ਸਿਸਟਮ ‘ਤੇ ਵੀ ਰੱਜ ਕੇ ਭੜਾਸ ਕੱਢੀ। ਜਿਕਰਯੋਗ ਹੈ ਕਿ ਖੁਦ ਸੂਬੇ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਮੌਕੇ ‘ਤੇ ਨਹੀਂ ਪਹੁੰਚੇ ਤੇ ਨਾ ਹੀ ਉਨ੍ਹਾਂ ਵਲੋਂ ਕੋਈ ਹੁਕਮ ਦਿੱਤੇ ਗਏ ਹਨ।
ਹਾਲਾਂਕਿ ਇਨਾਂ ਸਾਰੇ ਕਾਰਨਾਂ ਕਰ ਕੇ ਹੁਣ ਲੋਕਾਂ ਦੇ ਸਬਰ ਵੀ ਜਵਾਬ ਦੇ ਰਹੇ ਹਨ ਤੇ ਉਨ੍ਹਾਂ ਦਾ ਗੁੱਸਾ ਵੀ ਸਰਕਾਰ ਖਿਲਾਫ ਭੜਕਣਾ ਸ਼ੁਰੂ ਹੋ ਗਿਆ ਹੈ। 90 ਘੰਟਿਆਂ ਤੋਂ 150 ਫੁੱਟ ਡੂੰਘੇ ਬੋਰ ਵਿਚ ਫਸੇ ਦੋ ਸਾਲ ਦੇ ਫ਼ਤਹਿਵੀਰ ਨੂੰ ਬਾਹਰ ਕੱਢਣ ਲਈ ਪ੍ਰਸ਼ਾਸਨ ਖ਼ਿਲਾਫ਼ ਲੋਕਾਂ ਨੇ ਨਾਅਰੇਬਾਜ਼ੀ ਸ਼ੁਰੂ ਕਰ ਦਿੱਤੀ ਹੈ। ਡਾਕਟਰਾਂ ਦੀ ਟੀਮ ਬੱਚੇ ਦੀ ਜ਼ਿੰਦਗੀ ਪ੍ਰਤੀ ਪੂਰੀ ਆਸ ਲਗਾਈ ਬੈਠੀ ਹੈ। ਬੱਚੇ ਨੂੰ ਲਗਾਤਾਰ ਆਕਸੀਜਨ ਪਹੁੰਚਾਉਣ ਦਾ ਪ੍ਰਬੰਧ ਇਕ ਪਾਈਪ ਲਾਈਨ ਰਾਹੀਂ ਕੀਤਾ ਗਿਆ ਹੈ।
ਫ਼ਤਿਹਵੀਰ ਦੇ ਨਿਕਲਦੇ ਹੀ ਉਸ ਦੇ ਇਲਾਜ ਲਈ ਸੰਗਰੂਰ, ਪਟਿਆਲਾ ਅਤੇ ਚੰਡੀਗੜ੍ਹ ‘ਚ ਇਲਾਜ ਦੇ ਪ੍ਰਬੰਧ ਕਰ ਦਿੱਤੇ ਗਏ ਹਨ। ਦੱਸ ਦਈਏ ਕਿ ਫ਼ਤਿਹਵੀਰ ਪਰਿਵਾਰ ਦਾ ਇਕਲੌਤਾ ਬੇਟਾ ਹੈ ਅਤੇ 10 ਜੂਨ ਭਾਵ ਕਿ ਅੱਜ ਉਸ ਦਾ ਜਨਮਦਿਨ ਹੈ। ਉਮੀਦਾਂ ਟੁੱਟ ਰਹੀਆਂ ਹਨ ਪਰ ਹਰ ਕਿਸੇ ਨੂੰ ਚਮਤਕਾਰ ਦਾ ਇੰਤਜ਼ਾਰ ਹੈ। ਮਾਂ ਉਸ ਦੀਆਂ ਕਿਲਕਾਰੀਆਂ ਸੁਣਨ ਨੂੰ ਬੇਹਾਲ ਹੈ। ਆਮ ਲੋਕਾਂ ਦੇ ਵੀ ਹੰਝੂ ਨਿਕਲ ਰਹੇ ਹਨ। ਪੂਰਾ ਦੇਸ਼ ਫਤਿਹ ਲਈ ਅਰਦਾਸ ਕਰ ਰਿਹਾ ਹੈ।