
ਪੁਛਿਆ, ਸਿੱਖਾਂ ਦੀਆਂ ਕੁਰਬਾਨੀਆਂ ਦੀ ਬਹੁਤਾਤ ਦੇ ਬਾਵਜੂਦ ਵਿਤਕਰਾ ਕਿਉਂ?
ਕੋਟਕਪੂਰਾ, 10 ਜੂਨ (ਗੁਰਮੀਤ ਸਿੰਘ ਮੀਤਾ) : ਨੇੜਲੇ ਪਿੰਡ ਕੋਟਸੁਖੀਆ ਵਿਖੇ ਧਰਮੀ ਫ਼ੌਜ਼ੀ ਸ਼ਹੀਦ ਭਾਈ ਬੇਅੰਤ ਸਿੰਘ ਦੀ 36ਵੀਂ ਬਰਸੀ ਮੌਕੇ ਪ੍ਰਸ਼ਾਸਨ ਦੀਆਂ ਹਦਾਇਤਾਂ ਕਰ ਕੇ ਸ਼ਰਧਾਂਜਲੀ ਸਮਾਗਮ ਸੰਖੇਪ ਤੇ ਸੰਕੋਚਵਾਂ ਰਖਿਆ ਗਿਆ। ਫ਼ੈਡਰੇਸ਼ਨ ਆਗੂ ਦਲੇਰ ਸਿੰਘ ਡੋਡ, ਪੱਤਰਕਾਰ ਗੁਰਿੰਦਰ ਸਿੰਘ ਕੋਟਕਪੂਰਾ, ਧਰਮੀ ਫ਼ੌਜੀ ਜਸਵੀਰ ਸਿੰਘ ਖ਼ਾਲਸਾ ਅਤੇ ਬਲਦੇਵ ਸਿੰਘ ਸਮੇਤ ਵੱਖ-ਵੱਖ ਪੰਥਕ ਆਗੂਆਂ ਨੇ ਦਾਅਵਾ ਕੀਤਾ ਕਿ ਧਰਮੀ ਫ਼ੌਜੀਆਂ ਨੇ ਜਾਗਦੀ ਜ਼ਮੀਰ ਕਰ ਕੇ ਅਪਣੇ ਜਾਨਾਂ ਤੋਂ ਪਿਆਰੇ ਗੁਰਦਵਾਰਿਆਂ ਦੀ ਬੇਅਦਬੀ ਨਾ ਸਹਾਰਦਿਆਂ ਐਨੀ ਵੱਡੀ ਕੁਰਬਾਨੀ ਕੀਤੀ।
ਉਨ੍ਹਾਂ ਹੈਰਾਨੀ ਪ੍ਰਗਟਾਈ ਕਿ ਜਿਨ੍ਹਾਂ ਫ਼ੌਜੀ ਅਫ਼ਸਰਾਂ ਨੇ ਸਾਡੇ ਗੁਰਧਾਮਾਂ 'ਤੇ ਹਮਲਾ ਕਰ ਕੇ ਪਵਿੱਤਰ ਗੁਰਦਵਾਰੇ ਤਹਿਸ-ਨਹਿਸ ਕਰ ਦਿਤੇ, ਉਨ੍ਹਾਂ ਨੂੰ ਦੇਸ਼ ਦੇ ਰਾਸ਼ਟਰਪਤੀ ਵਲੋਂ ਵਿਸ਼ੇਸ਼ ਤੌਰ 'ਤੇ ਸਨਮਾਨਤ ਕੀਤਾ ਗਿਆ ਪਰ ਧਰਮੀਆਂ ਫ਼ੌਜੀਆਂ ਦੀ ਹਕੂਮਤ ਨੇ ਸਾਰ ਤਾਂ ਕੀ ਲੈਣੀ ਸੀ, ਬਲਕਿ ਪੰਥ ਦੇ ਅਖੌਤੀ ਠੇਕੇਦਾਰਾਂ ਨੇ ਵੀ ਸਾਰ ਲੈਣ ਦੀ ਜ਼ਰੂਰਤ ਨਾ ਸਮਝੀ। ਉਨ੍ਹਾਂ ਦਾਅਵਾ ਕੀਤਾ ਕਿ ਧਰਮੀ ਫ਼ੌਜੀਆਂ ਨੇ ਅਪਣੀਆਂ ਨੌਕਰੀਆਂ ਅਤੇ ਸੁੱਖ-ਸਹੂਲਤਾਂ ਦੀ ਪ੍ਰਵਾਹ ਕੀਤੇ ਬਿਨਾਂ ਬੈਰਕਾਂ ਛੱਡੀਆਂ ਅਰਥਾਤ ਬਗ਼ਾਵਤ ਕਰ ਦਿਤੀ, ਨਹੀਂ ਤਾਂ ਉਹ ਧਰਮੀ ਫ਼ੌਜੀ ਅੱਜ ਉੱਚ ਅਹੁਦਿਆਂ ਤੋਂ ਸੇਵਾ ਮੁਕਤ ਹੁੰਦੇ, ਪੈਨਸ਼ਨਾਂ ਲੈਂਦੇ ਤੇ ਹਰ ਤਰ੍ਹਾਂ ਦੀ ਸੁੱਖ-ਸਹੂਲਤ ਦਾ ਆਨੰਦ ਮਾਣਦੇ ਪਰ ਉਨ੍ਹਾਂ ਦੀ ਕੁਰਬਾਨੀ ਨੂੰ ਨਜ਼ਰ-ਅੰਦਾਜ਼ ਕਰਨਾ ਸਾਡੀ ਬਦਕਿਸਮਤੀ ਹੀ ਨਹੀਂ, ਬਲਕਿ ਅਕ੍ਰਿਤਘਣਤਾ ਵੀ ਹੈ।
ਇਸ ਮੌਕੇ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਸ਼ੇਰ ਸਿੰਘ ਮੰਡ ਅਤੇ ਸਰਪੰਚ ਕੁਲਦੀਪ ਸਿੰਘ ਢਿੱਲੋਂ ਨੇ ਦਸਿਆ ਕਿ ਸ਼੍ਰੋਮਣੀ ਕਮੇਟੀ ਵਲੋਂ ਸ਼ਹੀਦ ਬੇਅੰਤ ਸਿੰਘ ਦੀ ਯਾਦ 'ਚ ਯਾਦਗਾਰੀ ਗੇਟ ਬਣਾਉਣ ਸਬੰਧੀ ਸਾਢੇ 4 ਲੱਖ ਰੁਪਿਆ ਮਨਜ਼ੂਰ ਹੋ ਚੁਕਾ ਹੈ। ਸ਼ਹੀਦ ਪਰਵਾਰ ਵਲੋਂ 'ਉੱਚਾ ਦਰ ਬਾਬੇ ਨਾਨਕ ਦਾ' ਪ੍ਰਾਜੈਕਟ ਦੀ ਉਸਾਰੀ ਲਈ ਬੇਅੰਤ ਸਿੰਘ ਦੀ ਯਾਦ 'ਚ 2500 ਰੁਪਿਆ ਭੇਟ ਕੀਤਾ ਗਿਆ। ਧਰਮੀ ਫ਼ੌਜੀਆਂ ਨੇ ਸ਼ਹੀਦ ਬੇਅੰਤ ਸਿੰਘ ਦੀ ਯਾਦਗਾਰ ਨੂੰ ਸਲਾਮੀ ਵੀ ਦਿਤੀ। ਅੰਤ ਵਿਚ ਬੁਲਾਰਿਆਂ ਸਮੇਤ ਸ਼ਹੀਦ ਦੀ ਮਾਤਾ ਜਸਮੇਲ ਕੌਰ, ਭਰਾਵਾਂ ਲਖਵੀਰ ਸਿੰਘ ਤੇ ਬਲਕਾਰ ਸਿੰਘ ਤੋਂ ਇਲਾਵਾ ਹੋਰ ਵੀ ਸ਼ਖ਼ਸੀਅਤਾਂ ਨੂੰ ਸਿਰੋਪਾਉ ਅਤੇ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ।