
ਸਾਲ 2012 ਦਿਲ ਚਰਚਿਤ ਐਨਆਰਆਈ ਨਵਨੀਤ ਸਿੰਘ ਚੱਠਾ ਅਗ਼ਵਾ ਅਤੇ ਫਿਰੌਤੀ ਮੰਗਣ ਵਾਲੇ ਕੇਸ ਵਿਚ ਉਮਰ ਕੈਦ ਦੀ ਸਜ਼ਾ....
ਚੰਡੀਗੜ੍ਹ, 9 ਜੂਨ (ਨੀਲ ਭਲਿੰਦਰ ਸਿੰਘ): ਸਾਲ 2012 ਦਿਲ ਚਰਚਿਤ ਐਨਆਰਆਈ ਨਵਨੀਤ ਸਿੰਘ ਚੱਠਾ ਅਗ਼ਵਾ ਅਤੇ ਫਿਰੌਤੀ ਮੰਗਣ ਵਾਲੇ ਕੇਸ ਵਿਚ ਉਮਰ ਕੈਦ ਦੀ ਸਜ਼ਾ ਯਾਫਤਾ ਦੋਸ਼ੀਆਂ ਦੀ ਸਜ਼ਾ ਹਾਈਕੋਰਟ ਨੇ ਘੱਟ ਕਰ ਕੇ ਦਸ ਸਾਲ ਕਰ ਦਿਤੀ ਹੈ। ਹੇਠਲੀ ਅਦਾਲਤ ਵਲੋਂ ਦੋਸ਼ੀਆਂ ਨੂੰ ਸੁਣਾਈ ਗਈ ਉਮਰ ਕੈਦ ਦੀ ਸਜ਼ਾ ਦਾ ਮੁੱਖ ਆਧਾਰ ਅਗਵਾ ਦੇ ਨਾਲ ਨਾਲ ਸਰੋਤ ਮੰਗੇ ਜਾਣਾ ਸੀ। ਤੈਅ ਕਾਨੂੰਨ ਮੁਤਾਬਕ ਅਗਵਾ ਕੇਸ ਵਿਚ ਫਿਰੌਤੀ ਮੰਗੇ ਜਾਣ ਦੀ ਸੂਰਤ ਵਿਚ ਉਮਰ ਕੈਦ ਜਾਂ ਸਿਖਰਲੀ ਸਜ਼ਾ ਦੀ ਵਿਵਸਥਾ ਹੈ। ਜਦਕਿ ਜੇਕਰ ਫਿਰੌਤੀ ਨਾ ਮੰਗੀ ਗਈ ਹੋਵੇ ਤਾਂ ਵੱਧ ਤੋਂ ਵੱਧ ਦਸ ਸਾਲਾ ਸਜ਼ਾ ਦੀ ਵਿਵਸਥਾ ਹੈ। ਹਾਈਕੋਰਟ ਨੇ ਇਸੇ ਨੁਕਤੇ ਦੇ ਮੱਦੇਨਜ਼ਰ ਇਸ ਕੇਸ ਵਿਚ ਫਿਰੌਤੀ ਮੰਗੇ ਜਾਣ ਦੇ ਸਬੂਤ ਸਾਬਤ ਨਾ ਹੋਏ ਹੋਣ ਵਜੋਂ ਸਜ਼ਾ ਘਟਾਈ ਗਈ ਹੈ
ਇਸ ਕੇਸ ਵਿਚ ਚੱਠਾ ਨੂੰ ਚੰਡੀਗੜ੍ਹ ਤੋਂ ਅਗ਼ਵਾ ਕਰ ਕੇ ਕੁਰੂਕਸ਼ੇਤਰ ਲਿਜਾਇਆ ਗਿਆ ਸੀ। ਜਿੱਥੋਂ ਉਸ ਉਸ ਦੇ ਵਿਦੇਸ਼ ਰਹਿੰਦੇ ਭਰਾ ਨੂੰ ਫਿਰੌਤੀ ਦਾ ਫ਼ੋਨ ਕੀਤੇ ਗਿਆ ਹੋਣ ਦਾ ਦੋਸ਼ ਲਗਾਇਆ ਗਿਆ ਸੀ। ਪਰ ਬਾਅਦ ਵਿਚ ਚੰਡੀਗੜ੍ਹ ਪੁਲਿਸ ਨੇ ਦੁਵੱਲੀ ਫ਼ਾਇਰਿੰਗ ਤੋਂ ਬਾਅਦ ਚੱਠਾ ਨੂੰ ਅਗ਼ਵਾਕਾਰਾਂ ਦੇ ਚੁੰਗਲ ਵਿਚੋਂ ਛੁਡਾ ਲਿਆ ਗਿਆ ਸੀ ਇਸ ਮਾਮਲੇ ਦਾ ਇਕ ਪਹਿਲੂ ਇਹ ਸੀ ਕਿ ਚੱਠਾ ਅਤੇ ਅਗ਼ਵਾਕਾਰਾਂ ਵਿਚਕਾਰ ਕੋਈ ਜ਼ਮੀਨੀ ਵਿਵਾਦ ਵੀ ਚੱਲ ਰਿਹਾ ਸੀ । ਹੇਠਲੀ ਅਦਾਲਤ ਵਲੋਂ ਇਸ ਮਾਮਲੇ ਵਿਚ ਦੋਸ਼ੀਆਂ ਪ੍ਰਦੀਪ ਮਲਿਕ, ਸੰਜੀਵ ਕੁਮਾਰ , ਅਨਿਲ ਕੁਮਾਰ, ਅਜੀਤ ਸਿੰਘ, ਨਿਤਿਨ ਅਤੇ ਸੁਖਦੇਵ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਗਈ ਸੀ ਜਿਸ ਨੂੰ ਕਿ ਉਨ੍ਹਾਂ ਨੇ ਹਾਈਕੋਰਟ ਵਿਚ ਚੁਣੌਤੀ ਦਿਤੀ ਸੀ ।