
ਪਿਛਲੇ ਦਿਨੀਂ ਹੋਏ ਧਮਾਕਿਆਂ ਤੋਂ ਬਾਅਦ ਵਰਤੀ ਜਾ ਰਹੀ ਹੈ ਪੂਰੀ ਚੌਕਸੀ
ਅੰਮ੍ਰਿਤਸਰ : ਅੰਮ੍ਰਿਤਸਰ ਵਿਚ ਪਿਛਲੇ ਦਿਨੀਂ ਹੋਏ ਧਮਾਕਿਆਂ ਤੋਂ ਬਾਅਦ ਹੁਣ ਇੱਥੇ ਪੂਰੀ ਚੌਕਸੀ ਵਰਤੀ ਜਾ ਰਹੀ ਹੈ। ਹੁਣ ਚੌਕਸੀ ਵਧਾਉਂਦੇ ਹੋਏ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਆਉਣ ਵਾਲੇ ਸ਼ਰਧਾਲੂਆਂ ਦੇ ਸਾਮਾਨ ਦੀ ਚੈਕਿੰਗ ਲਈ ਸਕੈਨਰ ਮਸ਼ੀਨਾਂ ਲਗਾਈਆਂ ਗਈਆਂ ਹਨ। ਜਾਣਕਾਰੀ ਅਨੁਸਾਰ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਦਰਸ਼ਨ ਕਰਨ ਦੀ ਆੜ ਵਿਚ ਸ਼ਰਾਰਤੀ ਅਨਸਰ ਕਈ ਵਾਰ ਅਪਣੇ ਸਮਾਨ ਵਿਚ ਕੁੱਝ ਗਲਤ ਚੀਜ਼ਾਂ ਪਾ ਕੇ ਲੈ ਆਉਂਦੇ ਹਨ ਜਿਸ ਨੂੰ ਰੋਕਣ ਲਈ ਹੁਣ ਸਕੈਨਰ ਲਗਾਉਣ ਦਾ ਕੰਮ ਸ਼ੁਰੂ ਹੋ ਗਿਆ ਹੈ ਅਤੇ ਸ੍ਰੀ ਦਰਬਾਰ ਸਾਹਿਬ ਦੀ ਘੰਟਾਘਰ ਬਾਹੀ ’ਤੇ ਦੋ ਸਕੈਨਰ ਮਸ਼ੀਨਾਂ ਲਗਾਈਆਂ ਗਈਆਂ ਹਨ।
ਸ਼੍ਰੋਮਣੀ ਕਮੇਟੀ ਦੇ ਤਾਇਨਾਤ ਸੇਵਾਦਾਰਾਂ ਵੱਲੋਂ ਇਨ੍ਹਾਂ ਬੈਗ ਸਕੈਨਰ ਦੀਆਂ ਦੋ ਮਸ਼ੀਨਾਂ ਦੇ ਟਰਾਇਲ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ ਹੈ । ਇਸ ਸਬੰਧੀ ਸ੍ਰੀ ਦਰਬਾਰ ਸਾਹਿਬ ਦੇ ਮੈਨੇਜਰ ਨਿਸ਼ਾਨ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਤੇ ਜਨਰਲ ਸਕੱਤਰ ਭਾਈ ਗੁਰਚਰਨ ਸਿੰਘ ਗਰੇਵਾਲ ਦੇ ਵਿਸ਼ੇਸ਼ ਯਤਨਾਂ ਸਦਕਾ ਸੰਗਤਾਂ ਦੀ ਸਹੂਲਤ ਲਈ ਹਰੇਕ ਕੰਮ ਜੰਗੀ ਪੱਧਰ ’ਤੇ ਕੀਤਾ ਜਾ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਪਿਛਲੇ ਸਮੇਂ ’ਚ ਅੰਤ੍ਰਿੰਗ ਕਮੇਟੀ ਦੀ ਇਕੱਤਰਤਾ ਦੌਰਾਨ ਸੱਚਖੰਡ ਸ੍ਰੀ ਦਰਬਾਰ ਸਾਹਿਬ ਦੇ ਮੁੱਖ ਦਰਵਾਜ਼ਿਆਂ ’ਤੇ ਸਕੈਨਰ ਮਸ਼ੀਨਾਂ ਲਗਾਉਣ ਦਾ ਫ਼ੈਸਲਾ ਕੀਤਾ ਗਿਆ ਸੀ। ਜਿਸ ਤੋਂ ਬਾਅਦ 11 ਮਈ ਨੂੰ ਮੁੜ ਹਰਜਿੰਦਰ ਧਾਮੀ ਨੇ ਇਸ ਕੰਮ ਨੂੰ ਜਲਦ ਮੁਕੰਮਲ ਕਰਨ ਲਈ ਡਿਊਟੀਆਂ ਲਗਾਈਆਂ ਸਨ। ਉਨ੍ਹਾਂ ਦੱਸਿਆ ਕਿ ਸ੍ਰੀ ਦਰਬਾਰ ਸਾਹਿਬ ਅੰਦਰ ਜਾਣ ਵਾਲੇ 6 ਰਸਤਿਆਂ ਘੰਟਾਘਰ ਬਾਹੀ, ਸਕੱਤਰੇਤ ਬਾਹੀ, ਪਾਪੜਾਂ ਵਾਲਾ ਬਾਜ਼ਾਰ ਬਾਹੀ, ਆਟਾ ਮੰਡੀ ਬਾਹੀ, ਸਰਾਂ ਬਾਹੀ ਅਤੇ ਖਜਨਾ ਡਿਊੜੀ ਬਾਹੀ ’ਤੇ ਇਹ ਸਕੈਨਿੰਗ ਮਸ਼ੀਨਾਂ ਲਗਾਈਆਂ ਜਾਣਗੀਆਂ।
ਇਸ ਬਾਰੇ ਦੋ ਕੰਪਨੀਆਂ ਦੀਆਂ ਸਕੈਨਰ ਮਸ਼ੀਨਾਂ ਟਰਾਇਲ ਦੇ ਤੌਰ ’ਤੇ ਸ਼ੁਰੂ ਕੀਤੀਆਂ ਗਈਆਂ ਹਨ। ਜਿਹੜੀ ਮਸ਼ੀਨ ਸਹੀ ਕੰਮ ਕਰੇਗੀ, ਉਸ ਕੰਪਨੀ ਦੀਆਂ ਮਸ਼ੀਨਾਂ ਲੋੜ ਵਾਲੇ ਸਥਾਨਾਂ 'ਤੇ 24 ਘੰਟੇ ਕੰਮ ਕਰਨ ਲਈ ਲਗਾਈਆਂ ਜਾਣਗੀਆਂ। ਉਨ੍ਹਾਂ ਦੱਸਿਆ ਕਿ ਸੰਗਤਾਂ ਦੀ ਸਹੂਲਤ ਲਈ ਕਈ ਨਵੇਂ ਪ੍ਰਬੰਧ ਕੀਤੇ ਜਾ ਰਹੇ ਹਨ। ਜ਼ਿਕਰਯੋਗ ਹੈ ਕਿ ਇਸ ਤੋਂ ਇਲਾਵਾ ਪਰਿਕਰਮਾ ਦੇ ਸੇਵਾਦਾਰਾਂ ਨੂੰ ਆਪਸੀ ਤਾਲਮੇਲ ਲਈ 50 ਵਾਕੀ-ਟਾਕੀ ਵੀ ਮੁਹੱਈਆ ਕਰਵਾਏ ਗਏ ਹਨ। 5 ਗਾਈਡ ਵੀ ਸੰਗਤ ਦੀ ਸਹੂਲਤ ਲਈ ਪਰਿਕਰਮਾ ’ਚ ਲਗਾਏ ਗਏ ਹਨ।