
ਘਰੇਲੂ ਝਗੜੇ ਤੋਂ ਦੁਖੀ ਇਕ ਵਿਅਕਤੀ ਨੇ ਸੋਮਵਾਰ ਨੂੰ ਅਪਣੀ ਪਤਨੀ, ਸਾਲੀ ਅਤੇ ਲੜਕੇ ‘ਤੇ ਪਹਿਲਾਂ ਗੱਡੀ ਚੜ੍ਹਾ ਦਿੱਤੀ ਅਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ।
ਲੁਧਿਆਣਾ: ਘਰੇਲੂ ਝਗੜੇ ਤੋਂ ਦੁਖੀ ਇਕ ਵਿਅਕਤੀ ਨੇ ਸੋਮਵਾਰ ਨੂੰ ਅਪਣੀ ਪਤਨੀ, ਸਾਲੀ ਅਤੇ ਲੜਕੇ ‘ਤੇ ਪਹਿਲਾਂ ਗੱਡੀ ਚੜ੍ਹਾ ਦਿੱਤੀ ਅਤੇ ਫਿਰ ਤੇਜ਼ਧਾਰ ਹਥਿਆਰਾਂ ਨਾਲ ਉਹਨਾਂ ‘ਤੇ ਹਮਲਾ ਕਰ ਦਿੱਤਾ। ਇਸ ਹਮਲੇ ਵਿਚ ਉਸ ਦੀ ਪਤਨੀ ਦੀ ਮੌਤ ਹੋ ਗਈ ਹੈ। ਇਸ ਘਟਨਾ ਤੋਂ ਬਾਅਦ ਪੁਲਿਸ ਨੇ ਔਰਤ ਦੇ ਪਤੀ ਗੁਰਚਰਨ ਸਿੰਘ ਵਿਰੁੱਧ ਮਾਮਲਾ ਦਰਜ ਕਰ ਲਿਆ ਹੈ। ਮਿਲੀ ਜਾਣਕਾਰੀ ਮੁਤਾਬਕ ਇਹ ਘਟਨਾ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਬੂਥਗੜ੍ਹ ਦੀ ਹੈ। ਮ੍ਰਿਤਕ ਔਰਤ ਸੁਰਿੰਦਰ ਕੌਰ ਦੇ 2 ਵਿਆਹ ਹੋਏ ਸਨ। ਉਸ ਦੇ ਪਹਿਲੇ ਪਤੀ ਤੋਂ ਉਸ ਦੇ 2 ਬੱਚੇ ਹਨ। ਉਸ ਦੀ ਇਕ ਲੜਕੀ ਦਾ ਵਿਆਹ ਹੋ ਚੁੱਕਾ ਹੈ।
Ludhiana
ਉਸ ਦਾ ਦੂਜਾ ਵਿਆਹ 6 ਸਾਲ ਪਹਿਲਾਂ ਗੁਰਚਰਨ ਸਿੰਘ ਨਾਲ ਹੋਇਆ ਸੀ। ਹੁਣ ਉਸ ਦਾ 5 ਸਾਲ ਦਾ ਲੜਕਾ ਵੀ ਹੈ। ਦੂਜੇ ਵਿਆਹ ਤੋਂ ਬਾਅਦ ਸੁਰਿੰਦਰ ਕੌਰ ਅਪਣੇ ਪਹਿਲੇ ਪਤੀ ਦੀ ਲੜਕੀ ਨਾਲ ਫੋਨ ‘ਤੇ ਗੱਲ ਕਰਦੀ ਸੀ, ਜਿਸ ਨੂੰ ਲੈ ਕੇ ਉਹਨਾਂ ਦੇ ਘਰ ਵਿਚ ਹਮੇਸ਼ਾਂ ਝਗੜਾ ਚੱਲਦਾ ਰਹਿੰਦਾ ਸੀ। ਕੁਝ ਦਿਨ ਪਹਿਲਾਂ ਸੁਰਿੰਦਰ ਕੌਰ ਨੇ ਪੁਲਿਸ ਕੋਲ ਗੁਰਚਰਨ ਸਿੰਘ ਵਿਰੁੱਧ ਸ਼ਿਕਾਇਤ ਦਰਜ ਕੀਤੀ ਸੀ ਅਤੇ ਉਸ ਤੋਂ ਬਾਅਦ ਉਹ ਅਪਣੇ ਪੇਕੇ ਚਲੀ ਗਈ। 8 ਜੁਲਾਈ ਨੂੰ ਪੁਲਿਸ ਨੇ ਦੋਵਾਂ ਨੂੰ ਥਾਣੇ ਵਿਚ ਬੁਲਾਇਆ ਸੀ। ਸੁਰਿੰਦਰ ਕੌਰ ਅਪਣੇ ਲੜਕੇ ਅਤੇ ਅਪਣੀ ਭੈਣ ਨਾਲ ਆਈ ਸੀ। ਮਾਮਲਾ ਹੱਲ ਨਾ ਹੋਣ ‘ਤੇ ਪੁਲਿਸ ਨੇ 15 ਜੁਲਾਈ ਦਾ ਸਮਾਂ ਦਿੱਤਾ ਸੀ।
Murder Case
ਜਦੋਂ ਸੁਰਿੰਦਰ ਕੌਰ ਅਪਣੀ ਭੈਣ ਅਤੇ ਲੜਕੇ ਨਾਲ ਥਾਣੇ ਤੋਂ ਵਾਪਿਸ ਆ ਕੇ ਬੱਸ ਅੱਡੇ ‘ਤੇ ਆਟੋ ਦਾ ਇੰਤਜ਼ਾਰ ਕਰ ਰਹੀ ਸੀ ਤਾਂ ਗੁਰਚਰਨ ਸਿੰਘ ਕਾਰ ਵਿਚ ਆਇਆ ਅਤੇ ਉਸ ਨੇ ਕਾਰ ਤਿੰਨਾਂ ‘ਤੇ ਚੜ੍ਹਾ ਦਿੱਤੀ। ਇਸ ਤੋਂ ਬਾਅਦ ਉਸ ਨੇ ਉਹਨਾਂ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕੀਤਾ। ਇਸ ਵਿਚ ਸੁਰਿੰਦਰ ਕੌਰ ਦੀ ਮੌਤ ਹੋ ਗਈ ਅਤੇ ਸੁਰਿੰਦਰ ਕੌਰ ਦੀ ਭੈਣ ਅਤੇ ਲੜਕਾ ਜ਼ਖਮੀ ਹਨ, ਜਿਨ੍ਹਾਂ ਨੂੰ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ। ਹਮਲਾ ਕਰਨ ਤੋਂ ਬਾਅਦ ਗੁਰਚਰਨ ਸਿੰਘ ਉੱਥੋਂ ਭੱਜ ਗਿਆ। ਫਿਲਹਾਲ ਮਾਮਲੇ ਦੀ ਜਾਂਚ ਜਾਰੀ ਹੈ। ਪੁਲਿਸ ਦਾ ਕਹਿਣਾ ਹੈ ਕਿ ਜਲਦ ਦੀ ਗੁਰਚਰਨ ਸਿੰਘ ਪੁਲਿਸ ਹਿਰਾਸਤ ਵਿਚ ਹੋਵੇਗਾ।