
ਕਿਹਾ, ਕੇਂਦਰ ਸਰਕਾਰ ਨਸ਼ਾਗ੍ਰਸਤ 272 ਜ਼ਿਲ੍ਹਿਆਂ 'ਚੋਂ ਨਸ਼ਾ ਹਟਾਏਗੀ
ਚੰਡੀਗੜ੍ਹ, 9 ਜੁਲਾਈ (ਜੀ.ਸੀ. ਭਾਰਦਵਾਜ) : ਕੇਂਦਰੀ ਨਾਰਕੋਟਿਕ ਬਿਊਰੋ ਦੀ ਰੀਪੋਰਟ ਮੁਤਾਬਕ ਸਾਰੇ ਮੁਲਕ 'ਚ 272 ਜ਼ਿਲ੍ਹੇ ਨਸ਼ਿਆਂ ਦੀ ਚਪੇਟ 'ਚ ਹਨ ਅਤੇ ਕੇਂਦਰ ਸਰਕਾਰ ਵਲੋਂ ਚਲਾਏ ਨਸ਼ਾ ਮੁਕਤੀ ਮਿਸ਼ਨ ਤਹਿਤ 260 ਕਰੋੜ ਰੁਪਏ ਖਰਚ ਕਰ ਕੇ ਨਸ਼ਾ ਮੁਕਤੀ ਕੇਂਦਰ ਚਲਾਏ ਜਾਣਗੇ ਜਿਸ ਵਿਚ ਰਾਜ ਸਰਕਾਰਾਂ ਦੀ ਅਹਿਮ ਭੂਮਿਕਾ ਹੋਵੇਗੀ।
ਅੱਜ ਇਥੇ ਪ੍ਰੈੱਸ ਕਲੱਬ 'ਚ ਮੀਡੀਆ ਸਾਹਮਣੇ ਨਾਰਕੋਟਿਕ ਕੰਟਰੋਲ ਬਿਊਰੋ ਦੀ ਰੀਪੋਰਟ 'ਤੇ ਹੋਰ ਦਸਤਾਵੇਜ ਵਿਖਾਉਂਦੇ ਹੋਏ, ਸਾਬਕਾ ਕੇਂਦਰੀ ਮੰਤਰੀ ਤੇ ਸਾਬਕਾ ਬੀ.ਜੇ.ਪੀ. ਪ੍ਰਧਾਨ ਵਿਜੈ ਸਾਂਪਲਾ ਨੇ ਸਪਸ਼ਟ ਤੌਰ 'ਤੇ ਕਿਹਾ ਕਿ ਪਿਛਲੇ ਸਾਢੇ ਤਿੰਨ ਸਾਲਾਂ 'ਚ ਪੰਜਾਬ 'ਚ ਨਸ਼ਿਆਂ ਦੀ ਤਸਕਰੀ, ਵਿਕਰੀ ਅਤੇ ਵਰਤੋਂ ਇੰਨੀ ਵਧ ਗਈ ਹੈ ਕਿ ਪੰਜਾਬ ਦੇ ਕੁਲ 22 ਜ਼ਿਲ੍ਹਿਆਂ 'ਚੋਂ 18 ਜ਼ਿਲ੍ਹਿਆਂ 'ਚ 82 ਪ੍ਰਤੀਸ਼ਤ ਇਲਾਕੇ, ਨਸ਼ਿਆਂ 'ਚ ਗਲਤਾਨ ਹੋ ਚੁੱਕੇ ਹਨ।
ਕਾਂਗਰਸ ਦੇ 2017 ਚੋਣ ਮੈਨੀਫ਼ੈਸਟੋ 'ਚ ਦਰਜ ਨਸ਼ਿਆਂ ਨੂੰ ਖ਼ਤਮ ਕਰਨ ਦੇ ਵਾਇਦੇ ਵਿਖਾਉਂਦਿਆਂ ਵਿਜੈ ਸਾਂਪਲਾ ਨੇ ਦੋਸ਼ ਲਾਇਆ ਕਿ ਪਿਛਲੇ ਤਿੰਨ ਬਜਟਾਂ ਵਿਚ ਪੰਜਾਬ ਸਰਕਾਰ ਨੇ ਨਸ਼ਾ ਮੁਕਤੀ ਵਾਸਤੇ ਕੋਈ ਰਕਮ ਨਹੀਂ ਰੱਖੀ ਅਤੇ ਦਰਜ ਹੋਏ ਅੰਕੜਿਆਂ ਮੁਤਾਬਕ ਪੰਜਾਬ 'ਚ ਨਸ਼ੇੜੀਆਂ ਦੀ ਗਿਣਤੀ 5,44, 125 ਹੀ ਵਿਖਾਈ ਗਈ ਹੈ। ਉੁਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਇਸ ਨਸ਼ਾਖੋਰੀ ਨੂੰ ਕੰਟਰੋਲ ਕਰਨ 'ਚ ਫੇਲ੍ਹ ਸਾਬਤ ਹੋਈ ਹੈ ਅਤੇ ਪੁਰਾਣੇ ਚਲਦੇ ਸਰਕਾਰੀ 28 ਨਸ਼ਾਮੁਕਤੀ ਕੇਂਦਰ ਵੀ ਬੰਦ ਹੋ ਗਏ ਹਨ।
File Photo
ਵਿਜੈ ਸਾਂਪਲਾ ਨੇ ਦੋਸ਼ ਲਾਇਆ ਕਿ ਚੋਣਾਂ ਵੇਲੇ ਕੈਪਟਨ ਅਮਰਿੰਦਰ ਸਿੰਘ ਨੇ ਬਠਿੰਡਾ 'ਚ ਗੁਟਕਾ ਹੱਥ 'ਚ ਫੜ ਕੇ ਸਹੁੰ ਖਾਧੀ ਕਿ ਪੰਜਾਬ 'ਚੋਂ ਨਸ਼ਾ ਚਾਰ ਹਫ਼ਤੇ 'ਚ ਖ਼ਤਮ ਕੀਤਾ ਜਾਵੇਗਾ ਪਰ ਮੌਜੂਦਾ ਹਾਲਤ ਇਹ ਹੈ ਕਿ ਪਾਰਟੀ ਤੇ ਸਰਕਾਰ ਦੀਆਂ ਸਟੇਜਾਂ ਤੋਂ ਹੀ ਵਿਧਾਇਕ ਮੰਤਰੀ ਨੇਤਾ ਤੇ ਪੁਲਿਸ ਅਧਿਕਾਰੀ ਸ਼ਰੇਆਮ ਕਹਿ ਰਹੇ ਹਨ ਕਿ ਇਸ ਸਰਕਾਰ ਦੇ ਆਉਣ ਉਪਰੰਤ ਨਸ਼ੇ ਦੀ ਵਰਤੋਂ ਤੇ ਵਿਕਰੀ ਪੰਜਾਬ 'ਚ ਵਧੀ ਹੈ,
ਜਿਨ੍ਹਾਂ 18 ਜ਼ਿਲ੍ਹਿਆਂ 'ਚ ਨਸ਼ੇ ਵਧੇ ਹਨ ਉਨ੍ਹਾਂ 'ਚ ਮਾਲਵੇ ਦੇ ਫ਼ਰੀਦਕੋਟ, ਬਠਿੰਡਾ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਸੰਗਰੂਰ, ਪਟਿਆਲਾ, ਮਾਨਸਾ, ਮੋਗਾ ਤੇ ਮੁਕਤਸਰ ਆਉਂਦੇ ਹਨ ਜਦਕਿ ਮਾਝਾ ਦੇ ਅੰਮ੍ਰਿਤਸਰ, ਗੁਰਦਾਸਪੁਰ,, ਪਠਾਨਕੋਟ ਤੇ ਤਰਨ ਤਾਰਨ ਅਤੇ ਦੋਆਬਾ ਵਿਚ ਹੁਸ਼ਿਆਰਪੁਰ, ਜਲੰਧਰ, ਕਪੂਰਥਲਾ ਤੇ ਨਵਾਂਸ਼ਹਿਰ ਹਨ