
2 ਜੂਨ 2015, 25 ਸਤੰਬਰ ਅਤੇ 12 ਅਕਤੂਬਰ 2015 ਨੂੰ ਥਾਣਾ ਬਾਜਾਖ਼ਾਨਾ ਵਿਖੇ ਬੇਅਦਬੀ ਕਾਂਡ ਨਾਲ ਸਬੰਧਤ
ਕੋਟਕਪੂਰਾ, 9 ਜੁਲਾਈ (ਗੁਰਿੰਦਰ ਸਿੰਘ) : 2 ਜੂਨ 2015, 25 ਸਤੰਬਰ ਅਤੇ 12 ਅਕਤੂਬਰ 2015 ਨੂੰ ਥਾਣਾ ਬਾਜਾਖ਼ਾਨਾ ਵਿਖੇ ਬੇਅਦਬੀ ਕਾਂਡ ਨਾਲ ਸਬੰਧਤ ਦਰਜ ਤਿੰਨ ਮਾਮਲਿਆਂ ਦੀ ਜਾਂਚ ਕਰ ਰਹੀ ਡੀਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ ਐਸਆਈਟੀ, ਬੇਅਦਬੀ ਕਾਂਡ ਤੋਂ ਬਾਅਦ ਕੋਟਕਪੂਰਾ ਅਤੇ ਬਹਿਬਲ ਵਿਖੇ ਵਾਪਰੇ ਪੁਲਿਸੀਆ ਗੋਲੀਕਾਂਡਾਂ ਦੀ ਜਾਂਚ ਕਰ ਰਹੀ ਆਈ.ਜੀ. ਕੁੰਵਰਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਵਾਲੀ ਵਿਸ਼ੇਸ਼ ਜਾਂਚ ਟੀਮ ਵਲੋਂ ਅਦਾਲਤ 'ਚ ਪੇਸ਼ ਕੀਤੀਆਂ ਚਲਾਨ ਰਿਪੋਰਟਾਂ ਰਾਹੀਂ ਕੀਤੇ ਖੁਲਾਸਿਆਂ ਨੇ ਜਿਥੇ ਡੇਰਾ ਪ੍ਰੇਮੀਆਂ ਨੂੰ ਭਾਜੜਾਂ ਹੀ ਨਹੀਂ ਪਾਈਆਂ ਬਲਕਿ ਕਈ ਡੇਰਾ ਪ੍ਰੇਮੀਆਂ ਨੂੰ ਰੂਪੋਸ਼ ਹੋਣ ਲਈ ਮਜਬੂਰ ਕਰ ਦਿਤਾ ਹੈ,
ਉਥੇ ਅਕਾਲੀ ਦਲ ਬਾਦਲ ਦੇ ਪ੍ਰਧਾਨ, ਸਰਪ੍ਰਸਤ ਸਮੇਤ ਸਮੂਹ ਅਹੁਦੇਦਾਰਾਂ ਤੇ ਮੈਂਬਰਾਂ ਦੀ ਡੇਰਾ ਪ੍ਰੇਮੀਆਂ ਦੀ ਕਰਤੂਤ ਵਿਰੁਧ ਜ਼ੁਬਾਨ ਬੰਦ ਰੱਖਣ ਦੀ ਘਟਨਾ ਨੂੰ ਵੀ ਪੰਥਕ ਹਲਕੇ ਹੈਰਾਨੀ ਨਾਲ ਦੇਖ ਤੇ ਵਾਚ ਰਹੇ ਹਨ। ਪੰਥਕ ਹਲਕਿਆਂ ਦਾ ਮੰਨਣਾ ਹੈ ਕਿ ਬਾਦਲਾਂ ਦੀ ਅਣਗਹਿਲੀ ਜਾਂ ਲਾਪ੍ਰਵਾਹੀ ਨਾਲ ਹੀ ਉਕਤ ਘਟਨਾਵਾਂ ਨਹੀਂ ਵਾਪਰੀਆਂ ਬਲਕਿ ਬਾਦਲਾਂ ਦੀ ਸਰਪ੍ਰਸਤੀ ਨਾਲ ਡੇਰਾ ਪ੍ਰੇਮੀਆਂ ਵਲੋਂ ਕੀਤੀ ਗਈ ਗੁੰਡਾਗਰਦੀ ਅਤੇ ਸ਼ਰਮਨਾਕ ਹਰਕਤ ਨੂੰ ਦੇਸ਼ ਵਿਦੇਸ਼ ਦੀਆਂ ਸੰਗਤਾਂ ਕਈ ਪੀੜ੍ਹੀਆਂ ਤਕ ਭੁਲਾ ਨਹੀਂ ਸਕਣਗੀਆਂ।
ਇਕ ਪਾਸੇ ਦੋਵੇਂ ਵਿਸ਼ੇਸ਼ ਜਾਂਚ ਟੀਮਾਂ ਬੇਅਦਬੀ ਅਤੇ ਗੋਲੀਕਾਂਡਾਂ ਦੀ ਅਸਲੀਅਤ ਲੋਕਾਂ ਸਾਹਮਣੇ ਰੱਖਣ ਲਈ ਯਤਨਸ਼ੀਲ ਹਨ ਅਤੇ ਦੂਜੇ ਪਾਸੇ ਸੀਬੀਆਈ ਨੇ ਪੰਜਾਬ ਪੁਲਿਸ ਦੀ ਵਿਸ਼ੇਸ਼ ਜਾਂਚ ਟੀਮ (ਸਿੱਟ) ਵਲੋਂ ਬੇਅਦਬੀ ਕਾਂਡ ਦੇ ਮਾਮਲੇ 'ਚ ਫ਼ਰੀਦਕੋਟ ਦੀ ਅਦਾਲਤ 'ਚ ਪੇਸ਼ ਕੀਤੀ ਗਈ ਚਲਾਨ ਰਿਪੋਰਟ ਨੂੰ ਚੁਣੌਤੀ ਦੇ ਦਿਤੀ ਹੈ। ਸੀਬੀਆਈ ਦੀ ਵਿਸ਼ੇਸ਼ ਅਦਾਲਤ ਮੋਹਾਲੀ 'ਚ ਅਰਜ਼ੀ ਦੇ ਕੇ ਜਾਂਚ ਟੀਮ ਨੇ ਇਸ ਗੱਲ 'ਤੇ ਸਖ਼ਤ ਇਤਰਾਜ ਕੀਤਾ ਹੈ ਕਿ ਪੰਜਾਬ ਪੁਲਿਸ ਵਲੋਂ ਬਣਾਈ ਗਈ ਵਿਸ਼ੇਸ਼ ਜਾਂਚ ਟੀਮ ਕਾਨੂੰਨੀ ਤੌਰ 'ਤੇ ਚਲਾਨ ਪੇਸ਼ ਹੀ ਨਹੀਂ ਕਰ ਸਕਦੀ।
ਹਾਲ ਹੀ ਵਿਚ ਡੀਆਈਜੀ ਰਣਬੀਰ ਸਿੰਘ ਖਟੜਾ ਦੀ ਅਗਵਾਈ ਵਾਲੀ 'ਸਿੱਟ' ਵਲੋਂ ਫ਼ਰੀਦਕੋਟ ਅਦਾਲਤ 'ਚ ਪੇਸ਼ ਕੀਤੀ ਚਲਾਨ ਰਿਪੋਰਟ 'ਚ ਸੋਦਾ ਸਾਧ ਸਮੇਤ 12 ਡੇਰਾ ਪ੍ਰੇਮੀਆਂ ਨੂੰ ਦੋਸ਼ੀ ਸਾਬਿਤ ਕਰਨ ਵਾਲੇ ਪੁਖਤਾ ਸਬੂਤ ਦਿੰਦਿਆਂ ਦਸਤਾਵੇਜ ਪੇਸ਼ ਕੀਤੇ ਹਨ। ਉਕਤ 12 ਡੇਰਾ ਪ੍ਰੇਮੀਆਂ 'ਚ ਨਾਭਾ ਜੇਲ 'ਚ ਮਾਰੇ ਜਾ ਚੁੱਕੇ ਮਹਿੰਦਰਪਾਲ ਬਿੱਟੂ ਮਨਚੰਦਾ ਦਾ ਨਾਮ ਵੀ ਸ਼ਾਮਲ ਹੈ।
ਇਨ੍ਹਾਂ ਵਿਚੋਂ 5 ਡੇਰਾ ਪ੍ਰੇਮੀ ਜੁਡੀਸ਼ੀਅਲ ਹਿਰਾਸਤ 'ਚ ਹਨ, 2 ਦੀ ਜ਼ਮਾਨਤ ਹੋ ਚੁੱਕੀ ਹੈ, 3 ਡੇਰਾ ਪ੍ਰੇਮੀਆਂ ਦੇ ਅਦਾਲਤ ਨੇ ਗ੍ਰਿਫ਼ਤਾਰੀ ਵਰੰਟ ਜਾਰੀ ਕੀਤੇ ਹਨ, ਜਦਕਿ ਡੇਰਾ ਮੁਖੀ ਹਿਸਾਰ ਦੀ ਸੁਨਾਰੀਆ ਜੇਲ 'ਚ ਜਬਰ ਜਿਨਾਹ (ਬਲਾਤਕਾਰ) ਦੇ ਦੋਸ਼ਾਂ ਤਹਿਤ ਦੋਹਰੀ ਉਮਰ ਕੈਦ ਦੀ ਸਜਾ ਭੁਗਤ ਰਿਹਾ ਹੈ। ਹੁਣ ਪੰਥਕ ਹਲਕਿਆਂ ਦੇ ਨਾਲ-ਨਾਲ ਪੀੜਤ ਪਰਵਾਰਾਂ ਨੂੰ ਵੀ ਇਨਸਾਫ਼ ਮਿਲਣ ਦੀ ਆਸ ਦੀ ਕਿਰਨ ਦਿਖਾਈ ਦਿਤੀ ਹੈ। ਉਨਾਂ ਦਾ ਮੰਨਣਾ ਹੈ ਕਿ ਜੇਕਰ ਦੋਨੋਂ ਐਸਆਈਟੀਆਂ ਦੀ ਜਾਂਚ 'ਚ ਕੋਈ ਅੜਿੱਕਾ ਨਾ ਪਿਆ ਤਾਂ ਬਹੁਤ ਜਲਦ ਅਸਲੀਅਤ ਦੁਨੀਆਂ ਸਾਹਮਣੇ ਸਪੱਸ਼ਟ ਹੋ ਜਾਵੇਗੀ।