
ਸ਼੍ਰੋਮਣੀ ਕਮੇਟੀ, ਅਕਾਲੀ ਦਲ, ਅਕਾਲ ਤਖ਼ਤ ਬਾਦਲਾਂ ਤੋ ਆਜ਼ਾਦ ਕਰਾਵਾਂਗੇ : ਢੀਂਡਸਾ
ਅੰਮ੍ਰਿਤਸਰ 9 ਜੁਲਾਈ ( ਸੁਖਵਿੰਦਰਜੀਤ ਸਿੰਘ ਬਹੋੜੂ) : ਸ਼੍ਰੋਮਣੀ ਅਕਾਲੀ ਦਲ (ਡੈਮੋਕ੍ਰੇਟਿਕ) ਦਾ ਪ੍ਰਧਾਨ ਬਣਨ 'ਤੇ ਸੁਖਦੇਵ ਸਿੰਘ ਢੀਂਡਸਾ ਨੇ ਅਪਣੇ ਹਮਾਇਤੀਆਂ ਨਾਲ ਸੱਚਖੰਡ ਹਰਿਮੰਦਰ ਸਾਹਿਬ ਸ਼ੁਕਰਾਨੇ ਵਜੋਂ ਨਤਮਸਤਕ ਹੋਣ ਉਪਰੰਤ ਸ੍ਰੀ ਅਕਾਲ ਤਖ਼ਤ ਸਾਹਿਬ ਮੱਥਾ ਟੇਕਿਆ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ. ਢੀਂਡਸਾ ਨੇ ਕਿਹਾ ਕਿ ਉਹ ਗੁਰੂ ਘਰ ਰਾਜਸੀ ਸਫ਼ਲਤਾ ਲਈ ਅਸ਼ੀਰਵਾਦ ਲੈਣ ਆਏ ਹਨ।
ਉਨ੍ਹਾਂ ਮੁਤਾਬਕ ਪਾਰਟੀ ਦਾ ਪਹਿਲਾ ਨਿਸ਼ਾਨਾ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ, ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਬਾਦਲਾਂ ਤੋਂ ਅਜ਼ਾਦ ਕਰਵਾਉਣਾ ਹੈ। ਉਨ੍ਹਾਂ ਰਣਜੀਤ ਸਿੰਘ ਬ੍ਰਹਮਪੁਰਾ ਵਲੋਂ ਲਗਾਏ ਦੋਸ਼ ਰੱਦ ਕੀਤੇ ਕਿ ਉਹ ਅਪਣੇ ਬੇਟੇ ਪ੍ਰਮਿੰਦਰ ਸਿੰਘ ਢੀਂਡਸਾ ਨੂੰ ਮੁੱਖ ਮੰਤਰੀ ਬਣਾਉਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਅਸੀ ਸ. ਬ੍ਰਹਮਪੁਰਾ ਨੂੰ ਪਾਰਟੀ ਦਾ ਸ੍ਰਪ੍ਰਸਤ ਬਣਾਉਣਾ ਚਾਹੁੰਦੇ ਸੀ
ਪਰ ਇਹ ਪੇਸ਼ਕਸ਼ ਰੱਦ ਕਰ ਦਿਤੀ। ਸ. ਢੀਂਡਸਾ ਨੇ ਪ੍ਰਕਾਸ਼ ਸਿੰਘ ਬਾਦਲ ਦੀ ਤੁਲਨਾ ਇੰਦਰਾ ਗਾਂਧੀ ਨਾਲ ਕੀਤੀ ਜਿਸ ਨੇ 25 ਜੂਨ 1975 ਨੂੰ ਐਮਰਜੈਂਸੀ ਲਾ ਕੇ ਲੋਕਤੰਤਰ ਖ਼ਤਮ ਕਰਨ ਦਾ ਯਤਨ ਕੀਤਾ ਸੀ। ਐਮਰਜੈਂਸੀ ਵਿਰੁਧ ਅੱਜ ਦੇ ਦਿਨ 9 ਜੁਲਾਈ 1975 ਨੂੰ ਅਕਾਲ ਤਖ਼ਤ ਸਾਹਿਬ ਤੋਂ ਮੋਰਚਾ ਲਾਇਆ ਸੀ। ਉਨ੍ਹਾਂ ਕਿਹਾ ਕਿ ਅੱਜ ਅਸੀ ਵੀ 9 ਜੁਲਾਈ ਨੂੰ ਬਾਦਲਾਂ ਤੋਂ ਸ਼੍ਰੋਮਣੀ ਕਮੇਟੀ, ਅਕਾਲ਼ੀ ਦਲ ਤੇ ਅਕਾਲ ਤਖ਼ਤ ਸਾਹਿਬ ਨੂੰ ਅਜ਼ਾਦ ਕਰਾਉਣ ਲਈ ਅਰਦਾਸ ਕੀਤੀ ਤਾਂ ਜੋ ਇਨ੍ਹਾਂ ਮੁਕੱਦਸ ਅਸਥਾਨਾਂ 'ਚ ਲੋਕਤੰਤਰ, ਮਰਯਾਦਾ ਬਹਾਲ ਹੋ ਸਕੇ।
ਸ. ਢੀਂਡਸਾ ਨੇ ਕਿਹਾ ਕਿ ਬਾਦਲਾਂ ਦਾ ਅਕਾਲੀ ਦਲ ਇਕ ਕੰਪਨੀ ਬਣ ਕੇ ਰਹਿ ਗਿਆ ਹੈ। ਸ਼੍ਰੋਮਣੀ ਕਮੇਟੀ ਚ ਅਥਾਹ ਭਰਿਸ਼ਟਾਚਾਰ ਫੈਲਿਆ ਹੈ। ਗੁਰੂ ਕੀ ਗੋਲਕ ਦੀ ਲੁੱਟ ਤੇ ਅਥਾਹ ਘੁਟਾਲੇ ਹੋ ਰਹੇ ਹਨ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 267 ਸਰੂਪ ਇਕ ਸਾਜਿਸ਼ ਹੇਠ ਲਾਪਤਾ ਹੋ ਗਏ। ਪਰ ਪਛਚਾਤਾਪ ਲਈ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਵੀ ਨਹੀਂ ਕਰਵਾਏ ਗਏ।
File Photo
ਇਸ ਮੌਕੇ ਸਵਾ: ਜਥੇਦਾਰ ਜਗਦੇਵ ਸਿੰਘ ਤਲਵੰਡੀ ਦੀ ਬੇਟੀ ਬੀਬੀ ਹਰਜੀਤ ਕੌਰ ਤਲਵੰਡੀ ਨੇ ਕਿਹਾ ਕਿ ਪਾਰਟੀ ਬਣ ਗਈ ਹੈ, ਹੁਣ ਉਹ ਦਿਨ-ਰਾਤ ਕੰਮ ਕਰਨਗੇ। ਸੇਵਾ ਸਿੰਘ ਸੇਖਵਾਂ ਮੁਤਾਬਕ ਬ੍ਰਹਮਪੁਰਾ ਸਾਹਿਬ ਦੀ ਸਿਹਤ ਪਾਰਟੀ ਦੇ ਕੰਮ ਜੋਗੀ ਨਹੀਂ ਰਹੀ ਦੂਸਰਾ ਉਹ ਪ੍ਰਧਾਨ ਵਜੋਂ ਪੰਜਾਬ ਪੱਧਰ 'ਤੇ ਕੰਮ ਵੀ ਨਹੀਂ ਕਰ ਸਕੇ। ਇਸ ਮੌਕੇ ਰਘਬੀਰ ਸਿੰਘ ਰਾਜਾ ਸਾਂਸੀ ,ਭਰਭੂਰ ਸਿੰਘ ਧਨੌਲਾ, ਬਲਬੀਰ ਸਿੰਘ ਪੰਜਵੜ ਨੇ ਲੋਈ ਤੇ ਸਿਰੋਪੇ ਭੇਟ ਕਰਕੇ ਸੁਖਦੇਵ ਸਿੰਘ ਢੀਂਡਸਾ ਦਾ ਸਨਮਾਨ ਕੀਤਾ।
ਉਨਾ ਨਾਲ ਨਿੱਧੜਕ ਸਿੰਘ ਬਰਾੜ,ਮਨਜੀਤ ਸਿੰਘ ਭੋਮਾ, ਪ੍ਰਦੀਪ ਸਿੰਘ ਵਾਲੀਆ, ਬੀਬੀ ਪ੍ਰਮਜੀਤ ਕੌਰ ਗੁਲਸ਼ਨ, ਹਰਜੀਤ ਕੌਰ ਤਲਵੰਡੀ,ਜਸਬੀਰ ਸਿੰਘ ਘੁੰਮਣ, ਤਜਿੰਦਰ ਪਾਲ ਸਿੰਘ ਸੰਧੂ, ਸਬਰਜੀਤ ਸਿੰਘ ਜੰਮੂ, ਗੁਰਚਰਨ ਸਿੰਘ ਚੰਨੀ, ਮਾਨ ਸਿੰਘ ਗਰਚਾ, ਜਗਦੀਪ ਸਿੰਘ ਗਰਚਾ, ਰਘਬੀਰ ਸਿੰਘ ਰਾਜਾ ਸਾਂਸੀ, ਸੰਪੂਰਨ ਸਿੰਘ ਡੀ ਐਸ ਪੀ ਆਦਿ ਮੌਜੂਦ ਸਨ ।