
ਕਈ ਅਹਿਮ ਪਾਠਕ੍ਰਮ ਜਾਂ ਤਾਂ ਕੱਢ ਦਿਤੇ ਜਾਂ ਨਿਚੋੜ ਦਿਤੇ
ਚੰਡੀਗੜ੍ਹ, 9 ਜੁਲਾਈ (ਨੀਲ ਭਲਿੰਦਰ ਸਿੰਘ) : ਕੋਰੋਨਾ ਮਾਹਾਂਮਾਰੀ ਦੌਰਾਨ ਸਕੂਲੀ ਪੜ੍ਹਾਈ ਦਾ ਬੋਝ ਹਲਕਾ ਕਰਨ ਦੇ ਹਵਾਲੇ ਨਾਲ ਨੌਵੀਂ ਤੋਂ ਬਾਰ੍ਹਵੀਂ ਸ਼੍ਰੇਣੀ ਤਕ ਪਾਠਕ੍ਰਮ ਵਿਚ 30 ਫ਼ੀ ਸਦੀ ਕਟੌਤੀ ਦਾ ਐਲਾਨ ਮੌਜੂਦਾ ਨਿਜ਼ਾਮ ਵਲੋਂ ਭਾਰਤ ਦੇ ਲੋਕਤੰਤਰੀ ਮੁਹਾਂਦਰੇ ਲਈ ਘਾਤਕ ਭਵਿੱਖ ਦਾ ਸੂਤਕ ਮੰਨਿਆ ਜਾ ਰਿਹਾ ਹੈ ਜਿਸ ਦਾ ਸੱਭ ਤੋਂ ਪਹਿਲਾ ਪ੍ਰਭਾਵ ਇਸ ਨੂੰ ਕੋਰੋਨਾ ਬਹਾਨੇ ਪਾਠਕ੍ਰਮ 'ਚ ਕਟੌਤੀ ਕਰ ਕੇ ਸਿਖਿਆ ਤੰਤਰ ਦੇ ਤਾਲਿਬਾਨੀਕਰਨ ਦੀ ਸ਼ੁਰੂਆਤ ਵਜੋਂ ਕਬੂਲਿਆ ਜਾ ਰਿਹਾ ਹੈ। ਕਿਉਂਕਿ ਇਸ ਕਦਮ ਦੇ ਸਿਆਸੀ ਪੋਸਟਮਾਰਟਮ ਉੱਤੇ ਸੀਬੀਐਸਈ (ਸੈਕੰਡਰੀ ਸਿਖਿਆ ਬਾਰੇ ਕੇਂਦਰੀ ਬੋਰਡ) ਨੇ ਹੀ ਸਫ਼ਾਈ ਦੇਣੀ ਸ਼ੁਰੂ ਕਰ ਦਿਤੀ ਹੈ।
ਬੋਰਡ ਦੇ ਸਕੱਤਰ ਅਨੁਰਾਗ ਤਿਵਾਰੀ ਨੇ ਕਿਹਾ ਕਿ ਹਟਾਏ ਗਏ ਮਜ਼ਮੂਨਾਂ ਨੂੰ ਤਰਕਸੰਗਤ ਕੋਰਸ ਜਾਂ ਐਨਸੀਈਆਰਟੀ ਦੇ ਵਿਕਲਪਿਕ ਵਿਦਿਅਕ ਕੈਲੇਂਡਰ ਦੁਆਰਾ ਕਵਰ ਕੀਤਾ ਜਾ ਰਿਹਾ ਹੈ, ਪਰ ਦਿਲਚਸਪ ਗੱਲ ਇਹ ਹੈ ਕਿ ਕਟੌਤੀ ਲਈ ਚੁਣੇ ਗਏ ਮਜ਼ਮੂਨ ਵਿਦਿਆਰਥੀਆਂ ਨੂੰ ਤਰਕਪੂਰਨ, ਵਿਗਿਆਨਕ ਸੋਚ ਅਤੇ ਸਮੇਂ ਦੇ ਰਾਜਸੀ-ਭੌਤਿਕ ਹਾਲਤ ਦਾ ਧਾਰਨੀ ਬਣਨ ਵਿਚ ਅੜਿੱਕਾ ਡਾਹੁਣ ਵਾਲੇ ਹੀ ਕਿਉਂ ਹਨ। ਬਾਬਾ ਫ਼ਰੀਦ ਵਰਸਿਟੀ ਦੇ ਰਜਿਸਟਰਾਰ ਰਹੇ ਅਤੇ ਉਘੇ ਸਿਖਿਆ ਮਾਹਰ ਅਤੇ ਪੇਸ਼ੇਵਰ ਡਾਕਟਰ ਪਿਆਰੇ ਲਾਲ ਗਰਗ ਨੇ ਇਸ ਤਾਜ਼ਾ ਘਟਨਾਕ੍ਰਮ ਨੂੰ ਕੋਰੋਨਾ ਦੇ ਬਹਾਨੇ ਗਿਆਨ-ਵਿਗਿਆਨ ਨੂੰ ਨਿਸ਼ਾਨਾ ਬਣਾਇਆ ਗਿਆ ਹੋਣ ਦੀ ਸੰਗਿਆ ਦਿਤੀ ਹੈ।
ਇਸ ਪੱਤਰਕਾਰ ਨਾਲ ਗੱਲ ਕਰਦਿਆਂ ਡਾਕਟਰ ਗਰਗ ਨੇ ਕਟੌਤੀ ਦੀ ਕੈਂਚੀ ਹੇਠ ਆਏ ਵਿਸ਼ਿਆਂ ਬਾਰੇ ਵਿਸਥਾਰ ਵਿਚ ਜਾਣਕਾਰੀ ਦਿੰਦੇ ਹੋਏ ਹੈਰਾਨੀ ਜ਼ਾਹਿਰ ਕੀਤੀ ਕਿ ਨਿਜ਼ਾਮ ਸਕੂਲਾਂ 'ਚ ਬੱਚਿਆਂ ਨੂੰ ਪੱਤਰਕਾਰੀ ਦੀ ਚੇਟਕ ਲੱਗਣ ਤੋਂ ਵੀ ਘਬਰਾਇਆ ਹੋਇਆ ਜਾਪ ਰਿਹਾ ਹੈ, ਕਿਉਂਕਿ ਭਾਸ਼ਾ ਵਿਗਿਆਨ ਤਹਿਤ ਕਟੌਤੀ ਅਧੀਨ ਅੰਗਰੇਜ਼ੀ ਵਿਚ ਰਿਪੋਰਟਾਂ ਲਿਖਣੀਆਂ, ਸੰਪਾਦਕ ਨੂੰ ਸੁਝਾਅ ਅਤੇ ਸੋਧ ਵਾਸਤੇ ਪੱਤਰ ਲਿਖਣੇ, ਅਰਟੀਕਲ ਲਿਖਣੇ, ਰਿਫ਼ਿਊਜੀਆਂ ਦੇ ਕਸ਼ਟ, ਨੌਕਰੀ ਵਾਸਤੇ ਚਿੱਠੀ ਪੱਤਰ, ਅਪਣਾ ਸਵੈ-ਬਿਉਰਾ ਦੇਣ, ਨਵੀਂਆਂ ਮੁਹਿੰਮਾਂ 'ਤੇ ਜਾ ਕੇ ਕੋਈ ਨਵਾਂ ਕਰ ਗੁਜ਼ਰਨ ਦਾ ਪਾਠ ਤੇ ਹੋਰ ਬਹੁਤ ਕੁੱਝ ਨੂੰ ਕੱਢ ਦਿਤਾ ਗਿਆ ਹੈ।
ਇਸੇ ਤਰ੍ਹਾਂ ਹਿੰਦੀ 'ਚ ਗਾਂਧੀ, ਨਹਿਰੂ, ਯਾਸਰ ਅਰਾਫ਼ਾਤ ਬਾਬਤ ਭੀਸ਼ਮ ਸਾਹਨੀ ਦਾ ਲਿਖਿਆ ਲੇਖ, (ਯਥਾਸਮੈ ਰੋਚਤੇ ਵਿਸ਼ਵਮ) ਨਵਾਂ ਸੰਸਾਰ ਕਵਿਤਾ ਦੀ ਸੋਚ
ਅਨੁਸਾਰ ਸੋਹਣਾ ਸਮਾਜ ਸਿਰਜਨ ਦਾ ਵਿਚਾਰ ਦੇਣ ਵਾਲਾ ਲੇਖ, ਪੁਰਾਤਨ ਸ਼ਿਲਾਲੇਖ ਮੂਰਤੀਆਂ ਆਦਿ ਰਾਹੀਂ ਸੱਚ ਬੁਲਵਾਉਣ ਦੀ ਖੋਜ ਅਤੇ ਸੀਨੀਅਰ ਅਫ਼ਸਰਾਂ ਦੀਆਂ ਬੇਤੁਕੀਆਂ ਗ਼ੈਰ ਕਾਨੂੰਨੀ ਊਜਾਂ ਦਾ ਡਟ ਕੇ ਜਵਾਬ ਦੇਣਾ, ਬਨਾਰਸ ਦੀ ਹਕੀਕਤ ਬਿਆਨ ਕਰਦੀ ਕਵਿਤਾ ਤਕ ਕਟੌਤੀ ਦੀ ਮਾਰ ਹੇਠ ਹਨ।
ਇਸੇ ਤਰ੍ਹਾਂ ਸਮਾਜ ਵਿਗਿਆਨਾਂ 'ਚ ਕਟੌਤੀ ਤਹਿਤ ਪੋਲੀਟੀਕਲ ਸਾਇੰਸ ਵਿਸ਼ੇ 'ਚੋਂ ਸੰਘਵਾਦੀ ਢਾਂਚਾ (ਫੈਡਰੇਲਿਜ਼ਮ), ਨਾਗਰਿਕਤਾ, ਰਾਸ਼ਟਰਵਾਦ, ਧਰਮ ਨਿਰਪੱਖਤਾ ਦੇ ਪਾਠ 13,14,15, ਸਮਾਜਕ ਤੇ ਨਵ ਸਮਾਜਕ ਲਹਿਰਾਂ, ਖੇਤਰੀ ਖਾਹਸ਼ਾਂ, ਸਥਾਨਕ ਸਰਕਾਰਾਂ ਦੀ ਲੋੜ ਅਤੇ ਇਨ੍ਹਾਂ ਦਾ ਵਿਕਾਸ, ਪਰਿਆਵਰਣ ਤੇ ਕੁਦਰਤੀ ਸ੍ਰੋਤ, ਭਾਰਤ ਦੇ ਆਰਥਿਕ ਵਿਕਾਸ 'ਚ ਬਦਲਾਅ, ਭਾਰਤ ਦੇ ਪਾਕਿਸਤਾਨ, ਬੰਗਲਾਦੇਸ਼, ਸ੍ਰੀ ਲੰਕਾ, ਨੇਪਾਲ ਤੇ ਮਿਆਂਨਮਾਰ (ਬਰਮਾ) ਨਾਲ ਸਬੰਧ, ਮੌਜੂਦਾ ਸੰਸਾਰ 'ਚ ਸੁਰੱਖਿਆ ਵਰਗੇ ਵਿਸ਼ੇ ਮੁਕੰਮਲ ਕੱਢ ਦਿਤੇ ਗਏ ਹਨ।
ਅਰਥ ਵਿਗਿਆਨ ਵਿਸ਼ੇ 'ਚੋਂ ਸਿਖਿਆ, ਬਦਲਵੀਂ ਖੇਤੀਬਾੜੀ, ਖੁਲ੍ਹੀ ਮੰਡੀ 'ਚ ਤਬਾਦਲਾ ਦਰ, ਭੁਗਤਾਨ ਸੰਤੁਲਨ, ਬੈਂਕਾਂ ਦਾ ਵਿਤੀ ਪ੍ਰਬੰਧ, ਉਤਪਾਦਕਾਂ ਦਾ ਵਤੀਰਾ ਤੇ ਸੰਤੁਲਨ, ਬਾਜ਼ਾਰ ਵਿਚ ਏਕਾਅਧਿਕਾਰਵਾਦ ਦਾ ਖਾਸਾ ਆਦਿ ਖ਼ਤਮ ਕਰ ਦਿਤੇ ਗਏ ਹਨ। ਇਤਿਹਾਸ ਵਿਸ਼ੇ 'ਚੋਂ ਮੁਢਲੇ ਸਮਾਜ, ਕਬੀਲੀਆਈ ਰਾਜ, ਸਭਿਆਚਾਰਾਂ ਦੇ ਝਗੜੇ, ਯਾਤਰੀਆਂ ਦੇ ਸਫ਼ਰਨਾਮੇ, ਕਿਸਾਨ, ਜ਼ਿਮੀਦਾਰ ਤੇ ਰਾਜ ਸਤ੍ਹਾ, ਬਸਤੀਵਾਦ ਅਤੇ ਦਿਹਾਤ, ਦੇਸ਼ ਦੇ ਬਟਵਾਰੇ ਨੂੰ ਸਮਝਣ ਦੇ ਸਾਰੇ ਪਾਠ ਕੱਟ ਦਿਤੇ।
ਭੂਗੋਲ ਵਿਸ਼ੇ ਵਿਚੋਂ ਧਰਤੀ ਦੀ ਉਤਪਤੀ, ਸਮੁੰਦਰ, ਪਾਣੀ, ਜਲਵਾਯੂ ਤੇ ਕੁਦਰਤੀ ਆਫ਼ਤਾਂ, ਕੌਮਾਂਤਰੀ ਵਪਾਰ, ਭਾਰਤੀ ਲੋਕ ਤੇ ਅਰਥਚਾਰਾ, ਜ਼ਮੀਨੀ ਸ੍ਰੋਤ ਤੇ ਖੇਤੀਬਾੜੀ, ਸੰਚਾਰ ਅਤੇ ਉਦਯੋਗ ਤੇ ਉਤਪਾਦਨ ਆਦਿ ਵਿਸ਼ਿਆਂ ਨੂੰ ਤਿਲਾਂਜਲੀ ਦੇ ਦਿਤੀ। ਸਮਾਜ ਵਿਗਿਆਨ ਸਮਾਜ ਵਿਗਿਆਨ ਸਮਾਜ ਵਿਗਿਆਨ ਵਿਚ ਖੋਜ, ਸਮਾਜ ਦੀਆਂ ਪਰਤਾਂ, ਸਮਾਜਕ ਬਣਤਰ , ਸਮਾਜ ਤੇ ਪਰਿਆਵਰਣ, ਬਾਜ਼ਾਰ ਇਕ ਸਮਾਜਕ ਸੰਸਥਾ, ਭਾਰਤੀ ਜਮਹੂਰੀਅਤ ਦੀ ਕਹਾਣੀ , ਵਿਸ਼ਵੀਕਰਨ ਅਤੇ ਸਮਾਜਕ ਬਦਲਾਅ , ਮੀਡੀਆ ਤੇ ਵਾਰਤਾਲਾਪ ਵਰਗੇ ਅਹਿਮ ਵਿਸ਼ੇ ਬੋਲੋੜੇ ਸਮਝ ਲਏ ਗਏ ਹਨ।
ਗ੍ਰਹਿ ਵਿਗਿਆਨ ਵਿਸ਼ੇ ਵਿਚੋਂ ਗਭਰੇਟਾਂ ਵਿਚ ਵਾਰਤਾਲਾਪ ਦੀ ਮੁਹਾਰਤ, ਬੱਚਿਆਂ ਦਾ ਪਾਲਣ ਪੋਸ਼ਣ, ਬਾਲਗ਼ਾਂ ਦੀਆਂ ਜ਼ਿੰਵਾਰੀਆਂ ਤੇ ਹੱਕ, ਭੋਜਨ ਸੇਵਾਵਾਂ ਦਾ ਪ੍ਰਬੰਧਨ, ਕਪੜਾ ਉਦਯੋਗ ਵਿਚ ਗੁਣਵਤਾ ਦਾ ਨਿਯੰਤਰਣ, ਮਨੁੱਖੀ ਸ੍ਰੋਤ ਪ੍ਰਬੰਧਨ ਆਦਿ ਖ਼ਤਮ ਕਰ ਦਿਤੇ ਗਏ ਹਨ। ਮਨੋ ਵਿਗਿਆਨ ਵਿਸ਼ੇ ਵਿਚੋਂ ਸੰਕਲਪਾਂ ਰਾਹੀਂ ਸਿਖਣਾ, ਸੋਚਣ ਪ੍ਰਕਿਰਿਆ, ਪ੍ਰੋਤਸਾਹਣ ਅਤੇ ਸੰਵੇਦਨਾਵਾਂ, ਸਮਾਜਕ ਪਛਾਣ, ਸਹਿਯੋਗ ਤੇ ਮੁਕਾਬਲਾ, ਸਮੂਹ ਪ੍ਰਕਿਰਿਆਵਾਂ, ਸਮੂਹਾਂ ਦੇ ਆਪਸੀ ਝਗੜੇ, ਮਨੋਵਿਗਿਆਨ ਤੇ ਜੀਵਣ ਆਦਿ ਵਿਸ਼ਿਆਂ ਦੀ ਵੀ ਅਹਿਮੀਅਤ ਖ਼ਤਮ ਕਰ ਦਿਤੀ ਗਈ ਹੈ।
File Photo
ਕਾਨੂੰਨ ਵਿਗਿਆਨ ਵਿਸ਼ੇ ਤਹਿਤ ਮਨੁੱਖੀ ਅਧਿਕਾਰ, ਬੱਚਿਆਂ ਦੇ ਅਧਿਕਾਰ, ਗਿਆਨ ਵਿਸ਼ੇ 'ਚੋਂ ਗਭਰੇਟਾਂ ਦੇ ਅਧਿਕਾਰ, ਜਾਇਦਾਦ ਉਪਰ ਅਧਿਕਾਰ, ਪਰਵਾਰਕ ਨਿਆ, ਕਾਨੂੰਨੀ ਸਹਾਇਤਾ ਅਥਾਰਟੀ, ਬਰਤਾਨਵੀ ਸ਼ਾਸਨ 'ਚ ਨਿਆ ਪ੍ਰਣਾਲੀ, ਕਾਨੂੰਨ ਦਾ ਖਾਸਾ ਤੇ ਭਾਵ, ਅਮਰੀਕਾ, ਇੰਗਲੈਂਡ, ਫ਼ਰਾਂਸ, ਜਰਮਨੀ ਸਿੰਘਾਪੁਰ ਤੇ ਚੀਨ ਵਰਗੇ ਦੇਸ਼ਾਂ ਵਿਚ ਕਾਨੂੰਨੀ ਪੜ੍ਹਾਈ ਤੇ ਨਿਆ ਪ੍ਰਣਾਲੀ ਵੀ ਕੋਰੋਨਾ ਦੇ ਨਾਮ ਤੇ ਕਢ ਦਿਤੀ।
ਇਸੇ ਤਰ੍ਹਾਂ ਭੌਤਿਕੀ ਵਿਗਿਆਨਾਂ ਤਹਿਤ ਰਸਾਇਣ ਵਿਗਿਆਨ 'ਚੋਂ ਤੱਤ, ਅਣੂ, ਪ੍ਰਮਾਣੂ, ਡਾਲਟਨ ਦਾ ਪ੍ਰਮਾਣੂ ਸਿਧਾਂਤ, ਪ੍ਰਮਾਣੂ ਦੀ ਸਰੰਚਣਾ, ਗੈਸਾਂ ਦਾ ਵਤੀਰਾ, ਪੀਰੀਓਡਿਕ ਟੇਬਲ (ਤੱਤ ਸਾਰਣੀ) ਪਰਿਆਵਰਣੀ ਰਸਾਇਣ ਵਿਗਿਆਨ, ਕਲੋਰੋਮੀਥੇਨਜ਼, ਆਇਡੋਫਾਰਮ ਅਤੇ ਡੀਡੀਟੀ ਦੇ ਪਰਿਆਵਰਣ ਉੱਪਰ ਪ੍ਰਭਾਵ, ਸੋਡੀਅਮ ਅਤੇ ਕੈਲਸ਼ੀਅਮ ਦੇ ਸਾਲਟ, ਕਾਰਬਨ ਤੇ ਸਿਲੀਕਾਨ ਪਦਾਰਥ, ਸੋਡੀਅਮ ਪੁਟਾਸ਼ੀਅਮ ਕੈਲਸ਼ੀਅਮ ਤੇ ਮੈਗਨੀਸ਼ੀਅਮ ਦੀ ਜੈਵ ਵਿਗਿਆਨ ਵਿਚ ਮਹੱਤਤਾ, ਕਾਰਬਨੀ ਪਦਾਰਥਾਂ ਦੀ ਸ਼ੁਧਤਾ ਅਤੇ ਉਨ੍ਹਾਂ ਦਾ ਗੁਣਆਤਮਕ ਤੇ ਗਿਣਆਤਮਕ ਵਿਸ਼ਲੇਸ਼ਣ, ਰੋਜ਼ਾਨਾ ਜੀਵਣ ਵਿਚ ਰਸਾਇਣ ਵਿਗਿਆਨ ਦੀ ਮਹੱਤਤਾ ਆਦਿ ਅਹਿਮ ਪਾਠ ਦੇ ਪਾਠ ਹੀ ਕੱਢ ਦਿਤੇ ਜਾਂ ਨਚੋੜ ਦਿਤੇ।
ਇਸ ਮੁਦੇ ਉਤੇ ਕਾਂਗਰਸ ਨੇਤਾ ਸ਼ਸ਼ੀ ਥਰੂਰ ਨੇ ਸਟੀਕ ਟਿਪਣੀ ਕਰਦਿਆਂ ਕਿਹਾ ਹੈ ਕਿ ਹੁਣ ਦਸਵੀਂ ਜਮਾਤ ਦੇ ਬੱਚੇ ਲੋਕਤੰਤਰ, ਲੋਕਤੰਤਰ ਨੂੰ ਚੁਣੌਤੀ, ਧਰਮ, ਜਾਤੀ ਜਿਹੇ ਵਿਸ਼ੇ ਨਹੀਂ ਪੜ੍ਹ ਸਕਣਗੇ। ਇਸਤੋਂ ਇਲਾਵਾ 11ਵੀਂ -12ਵੀਂ ਦੇ ਬੱਚੇ ਜੋ ਵੋਟਰ ਬਣਨ ਦੀ ਕਗਾਰ ਉੱਤੇ ਹਨ, ਉਨ੍ਹਾਂ ਨੂੰ ਰਾਸ਼ਟਰਵਾਦ-ਸੈਕਲਰਿਜਮ,ਬਟਵਾਰੇ ਅਤੇ ਗੁਆਂਢੀਆਂ ਨਾਲ ਸਬੰਧ ਦਾ ਪਾਠ ਨਹੀਂ ਪੜ੍ਹਾਇਆ ਜਾਵੇਗਾ। ਜਿਨ੍ਹਾਂ ਨੇ ਇਹ ਬਦਲਾਅ ਕੀਤੇ ਹਨ ਉਨ੍ਹਾਂ ਦੀ ਇੱਛਾ ਉੱਤੇ ਸਵਾਲ ਖੜੇ ਹੁੰਦੇ ਹਨ, ਕੀ ਉਨ੍ਹਾਂ ਨੇ ਇਹ ਤੈਅ ਕਰ ਲਿਆ ਹੈ ਕਿ ਲੋਕਤੰਤਰ, ਸੈਕਲਰਿਜਮ ਜਿਹੇ ਮੁੱਦੇ ਭਵਿੱਖ ਦੇ ਨਾਗਰਿਕਾਂ ਲਈ ਜ਼ਰੂਰੀ ਨਹੀਂ ਹਨ ?