
ਪੰਜਾਬ ਦੇ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਨੇ 432 ਤੋਂ ਵੱਧ ਵਿਅਕਤੀਆਂ ਨੂੰ ਦਿਤੇ ਹੋਏ ਨੇ ਜੰਗਲੀ ਸੂਰਾਂ ਨੂੰ ਮਾਰਨ ਦੇ ਲਾਈਸੈਂਸ
ਦਿਤੇ ਹੋਏ ਨੇ ਜੰਗਲੀ ਸੂਰਾਂ ਨੂੰ ਮਾਰਨ ਦੇ ਲਾਈਸੈਂਸ
ਸੰਗਰੂਰ, 9 ਜੁਲਾਈ (ਬਲਵਿੰਦਰ ਸਿੰਘ ਭੁੱਲਰ) : ਪੰਜਾਬ ਦੇ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵਲੋਂ ਕੀਤਾ ਗਿਆ ਇਕ ਵਖਰਾ ਕਾਰਨਾਮਾ ਸਾਹਮਣੇ ਆਇਆ ਹੈ | ਇਸ ਕਾਰਨਾਮੇ ਦੌਰਾਨ ਵਿਭਾਗ ਨੇ ਪੰਜਾਬ ਦੇ ਜੰਗਲਾਂ ਵਿਚੋਂ ਸੂਰਾਂ ਨੂੰ ਮਾਰਨ ਲਈ 432 ਤੋਂ ਵੱਧ ਵਿਅਕਤੀਆਂ ਨੂੰ ਲਾਈਸੈਂਸ ਧਾਰਕ ਐਲਾਨਿਆ ਹੋਇਆ ਹੈ | ਜਿਹੜੇ ਜੰਗਲੀ ਸੂਰਾਂ ਨੂੰ ਮਾਰਨ/ਸ਼ਿਕਾਰ ਕਰਨ/ਅਪਣੀਆਂ ਫ਼ਸਲਾਂ ਦੀ ਰਾਖੀ ਆਦਿ ਕਰਨ ਦਾ ਕੰਮ ਕਰਦੇ ਹਨ |
ਸੱਭ ਤੋਂ ਵੱਧ 237 ਸੂਰ ਮਾਰਨ ਦੇ ਲਾਈਸੈਂਸ ਇਕੱਲੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਲੋਕਾਂ ਕੋਲ ਹਨ ਜਿਨ੍ਹਾਂ ਵਿਚੋਂ ਪਰਵਾਰ ਦੇ ਦੋ-ਦੋ ਮੈਂਬਰਾਂ ਵਲੋਂ ਵੀ ਲਾਈਸੈਂਸ ਲਏ ਹੋਏ ਹਨ | ਇਸੇ ਤਰ੍ਹਾਂ ਹੀ ਪਠਾਨਕੋਟ ਦੇ ਵਣ ਅਫ਼ਸਰ ਵਲੋਂ ਇਕ ਪਰਵਾਰ ਦੇ 6 ਮੈਂਬਰਾਂ ਨੂੰ ਉਕਤ ਲਾਈਸੈਂਸ ਜਾਰੀ ਕੀਤੇ ਗਏ ਹਨ | ਚੰਡੀਗੜ੍ਹ ਦੇ ਚਾਰ ਪਟਿਆਲੇ ਦੇ 8 ਦਿੱਲੀ ਦੇ ਇਕ ਰਾਜਸਥਾਨ ਦੇ 2 ਅਤੇ ਹਰਿਆਣੇ ਦੇ 4 ਪਰਵਾਰਾਂ ਨੂੰ ਜੰਗਲੀ ਸੂਰ ਮਾਰਨ ਲਈ ਪਠਾਨਕੋਟ, ਜਲੰਧਰ, ਕਪੂਰਥਲਾ ਆਦਿ ਜਾਣਾ ਪੈਂਦਾ ਹੈ |
ਇਸ ਤੋਂ ਇਲਾਵਾ ਗੱਲ ਇਥੇ ਹੀ ਖ਼ਤਮ ਨਹੀਂ ਹੋ ਜਾਂਦੀ, ਪੰਜਾਬ ਦੇ ਜ਼ਿਲ੍ਹਾ ਰੂਪਨਗਰ ਅਤੇ ਮੋਹਾਲੀ 'ਚ ਜੰਗਲੀ ਸੂਰਾਂ ਨੂੰ ਮਾਰਨ ਦੇ ਨਾਲ ਹੀ ਨੀਲ ਗਾਵਾਂ ਨੂੰ ਵੀ ਮਾਰਨ ਦੀ ਮਨਜ਼ੂਰੀ ਦਿਤੀ ਗਈ ਹੈ | ਜਦਕਿ ਪੰਜਾਬ ਅੰਦਰ ਜੰਗਲਾਤ ਹੇਠ ਰਕਬਾ ਘੱਟ ਹੋਣ ਦੇ ਨਾਲ ਹੀ ਕੁਦਰਤੀ ਬਦਲਾਅ ਕਾਰਨ ਬਹੁਤ ਸਾਰੇ ਜੰਗਲੀ ਜੀਵਾਂ ਦੀ ਹੋਂਦ ਵੀ ਖ਼ਤਰੇ 'ਚ ਹੈ | ਇਹੋ ਜਿਹੇ ਹਲਾਤਾਂ ਦੇ ਚਲਦਿਆਂ ਵਣ ਜੀਵ ਵਿਭਾਗ ਨੇ ਜੰਗਲੀ ਸੂਰਾਂ ਨੂੰ ਮਾਰਨ ਦੇ ਲਾਈਸੈਂਸ ਦਿਤੇ ਹੋਏ ਹਨ |
ਅਜਿਹਾ ਖੁਲਾਸਾ ਮੰਗੀ ਗਈ ਇਕ ਆਰ.ਟੀ.ਆਈ. 'ਚ ਹੋਇਆ ਹੈ | ਇਸ ਨਿਵੇਕਲੇ ਅਤੇ ਗੰਭੀਰ ਕਿਸਮ ਦੇ ਮਾਮਲੇ ਬਾਰੇ ਪੰਜਾਬ ਦੇ ਰਹਿਣ ਵਾਲੇ ਆਰ.ਟੀ.ਆਈ.ਕਾਰਕੁਨ ਬਿ੍ਸ ਭਾਨ ਬੁਜਰਕ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਸੂਚਨਾ ਦੇ ਅਧਿਕਾਰ ਐਕਟ 2005 ਤਹਿਤ ਪੰਜਾਬ ਦੇ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਕੋਲੋਂ 29-3-2021 ਨੂੰ ਜੰਗਲੀ ਸੂਰਾਂ ਨੂੰ ਮਾਰਨ ਦੇ ਲਾਈਸੈਂਸ ਲੈਣ ਵਾਲੇ ਵਿਅਕਤੀਆਂ ਦੀ ਸੂਚੀ ਮੰਗੀ ਗਈ ਸੀ | ਜਿਸ ਦੇ ਜਵਾਬ ਵਿਚ ਵਿਭਾਗ ਨੇ ਲਿਖਿਆ ਹੈ ਕਿ ਜ਼ਿਲ੍ਹਾ ਹੁਸ਼ਿਆਰਪੁਰ ਅੰਦਰ 237 ਵਿਅਕਤੀਆਂ ਕੋਲ ਜੰਗਲੀ ਸੂਰਾਂ ਨੂੰ ਮਾਰਨ ਦੇ ਲਾਈਸੈਂਸ ਹਨ | ਇਸੇ ਤਰ੍ਹਾਂ ਹੀ ਰੂਪਨਗਰ ਵਿਚ 73, ਮੋਹਾਲੀ ਵਿਚ 4, ਲੁਧਿਆਣਾ 'ਚ 12, ਜਲੰਧਰ ਅਤੇ ਕਪੂਰਥਲਾ 'ਚ 51, ਪਠਾਨਕੋਟ 'ਚ 11 ਅਤੇ ਪਟਿਆਲੇ ਅੰਦਰ 44 ਲੋਕਾਂ ਨੂੰ ਇਹ ਲਾਈਸੈਂਸ ਦਿਤੇ ਗਏ ਹਨ ਜਦਕਿ ਫ਼ਿਰੋਜ਼ਪੁਰ ਜ਼ਿਲ੍ਹੇ ਅੰਦਰ ਅਜਿਹਾ ਕੋਈ ਵੀ ਲਾਈਸੈਂਸ ਜਾਰੀ ਨਹੀਂ ਕੀਤਾ ਗਿਆ | ਜੰਗਲੀ ਸੂਰਾਂ ਨੂੰ ਮਾਰਨ ਵਾਲੇ ਇਨਾਂ ਲਾਈਸੈਸਾਂ ਦੀ ਗਿਣਤੀ 432 ਦੇ ਕਰੀਬ ਬਣਦੀ ਹੈ | ਇਨ੍ਹਾਂ ਵਿਚੋਂ ਵਣ ਮੰਡਲ ਅਫ਼ਸਰ ਪਠਾਨਕੋਟ ਵਲੋਂ ਇਕ ਹੀ ਪਰਵਾਰ ਦੇ 6 ਮੈਂਬਰਾਂ ਨੂੰ ਲਾਈਸੈਂਸ ਜਾਰੀ ਕੀਤੇ ਗਏ ਹਨ ਅਤੇ ਇਸੇ ਮੰਡਲ ਨਾਲ ਸਬੰਧਤ ਦੋ ਪਰਵਾਰ ਚੰਡੀਗੜ੍ਹ ਵਿਖੇ ਰਹਿ ਰਹੇ ਹਨ ਪਰ ਉਨ੍ਹਾਂ ਨੂੰ ਜੰਗਲੀ ਸੂਰ ਮਾਰਨ ਵਾਸਤੇ ਅਪਣੇ ਪਿੰਡ ਸਾਰਟੀ ਅਤੇ ਪਿੰਡ ਕਰੋਲੀ ਜਾਣਾ ਪੈਂਦਾ ਹੈ |
ਵਣ ਮੰਡਲ ਅਫ਼ਸਰ ਹੁਸ਼ਿਆਰਪੁਰ ਵਲੋਂ ਵੀ ਇਕੋ ਪਰਵਾਰ ਦੇ ਕਈ-ਕਈ ਮੈਂਬਰਾਂ ਨੂੰ ਲਾਈਸੈਂਸ ਜਾਰੀ ਕੀਤੇ ਗਏ ਹਨ | ਪਟਿਆਲਾ, ਰੂਪਨਗਰ, ਮੋਹਾਲੀ ਦੇ ਵਣ ਅਫ਼ਸਰਾਂ ਵਲੋਂ ਸਿਰਫ਼ ਲਾਈਸੈਂਸਾਂ ਦੀ ਗਿਣਤੀ ਹੀ ਮੁਹੱਈਆ ਕਰਵਾਈ ਗਈ | ਲਾਈਸੈਂਸ ਲੈਣ ਵਾਲੇ ਪਰਵਾਰਾਂ ਦੇ ਨਾਵਾਂ ਦੀ ਸੂਚੀ ਆਉਣੀ ਬਾਕੀ ਹੈ | ਜਦਕਿ ਵਣ ਅਫ਼ਸਰ ਫਿਲੌਰ ਵਲੋਂ ਦਿੱਲੀ 'ਚ ਇਕ, ਰਾਜਸਥਾਨ 'ਚ ਜੈਪੁਰ ਅਤੇ ਹਨੂਮਾਨਗੜ, ਹਰਿਆਣਾ ਰਾਜ ਦੇ ਪੰਚਕੂਲਾ, ਗੁੜਗਾਉਂ, ਹਿਸਾਰ, ਕਰਨਾਲ ਅਤੇ ਪਟਿਆਲਾ ਸ਼ਹਿਰ ਦੇ ਰਹਿਣ ਵਾਲੇ 8 ਪਰਵਾਰਾਂ ਨੂੰ ਸੂਰ ਮਾਰਨ ਦੇ ਲਾਈਸੈਂਸ ਦਿਤੇ ਹੋਏ ਹਨ | ਜਿਹੜੇ ਜਲੰਧਰ ਅਤੇ ਕਪੂਰਥਲਾ ਦੇ ਜੰਗਲਾਂ ਵਿਚ ਸੂਰ ਮਾਰਨ ਲਈ ਜਾਂਦੇ ਹਨ |
ਬਿ੍ਸ ਭਾਨ ਬੁਜਰਕ ਨੇ ਪੰਜਾਬ ਦੇ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵਲੋਂ ਜੰਗਲੀ ਸੂਰਾਂ ਅਤੇ ਨੀਲ ਗਾਵਾਂ ਨੂੰ ਮਾਰਨ ਦੇ ਲਾਈਸੈਂਸ ਜਾਰੀ ਕਰਨ ਦੀ ਸਖ਼ਤ ਸਬਦਾਂ 'ਚ ਨਿਖੇਧੀ ਕਰਦਿਆਂ ਕਿਹਾ ਕਿ ਪੰਜਾਬ ਵਿਚ ਜੰਗਲ ਅਤੇ ਜੰਗਲੀ ਜੀਵਾਂ ਦਾ ਭਵਿੱਖ ਪਹਿਲਾਂ ਹੀ ਖ਼ਤਰੇ 'ਚ ਚੱਲ ਰਿਹਾ ਹੈ | ਉਪਰੋਂ ਵਣ ਵਿਭਾਗ ਜੰਗਲੀ ਜੀਵਾਂ ਦੀ ਸੁਰੱਖਿਆ ਕਰਨ ਦੀ ਬਜਾਏ ਸੂਰਾਂ ਅਤੇ ਨੀਲ ਗਾਵਾਂ ਨੂੰ ਮਾਰਨ ਦੇ ਲਾਈਸੈਂਸ ਜਾਰੀ ਕਰ ਰਿਹਾ ਹੈ | ਜਦਕਿ ਜੰਗਲਾਂ ਵਿਚ ਰਹਿਣ ਵਾਲੇ ਜੀਵਾਂ ਲਈ ਖਾਣ-ਪੀਣ, ਰਹਿਣ ਅਤੇ ਅਪਣਾ ਪਰਵਾਰਕ ਵਾਧਾ ਕਰਨ ਦੀਆਂ ਹਾਲਤਾਂ ਪਹਿਲਾਂ ਹੀ ਮੌਜੂਦ ਨਹੀਂ ਹਨ | ਫਿਰ ਪੰਜਾਬ ਦੇ ਜੰਗਲਾਂ ਵਿਚ ਸੂਰਾਂ ਦੀ ਆਬਾਦੀ ਕਿੰਨੀ ਕੁ ਹੋ ਸਕਦੀ ਹੈ | ਜਿਨ੍ਹਾਂ ਨੂੰ ਮਾਰਨ ਲਈ ਲਾਈਸੈਂਸ ਦੇਣ ਦੀ ਜ਼ਰੂਰਤ ਪੈ ਗਈ ਅਤੇ ਚੰਡੀਗੜ੍ਹ 'ਚ ਰਹਿ ਰਹੇ ਪਰਵਾਰਾਂ ਨੂੰ ਪਿੰਡ ਜਾ ਕੇ ਜੰਗਲੀ ਸੂਰ ਮਾਰਨੇ ਪੈ ਰਹੇ ਹਨ | ਉਨ੍ਹਾਂ ਕਿਹਾ ਕਿ ਪੰਜਾਬ ਦੇ ਵਣ ਅਤੇ ਜੰਗਲੀ ਜੀਵ ਸੁਰੱਖਿਆ ਵਿਭਾਗ ਵਲੋਂ ਜੰਗਲੀ ਸੂਰਾਂ ਅਤੇ ਨੀਲ ਗਾਵਾਂ ਨੂੰ ਮਾਰਨ ਦੇ ਦਿਤੇ ਲਾਈਸੈਂਸਾਂ ਦੀ ਉਚ ਪੱਧਰੀ ਜਾਂਚ ਕਰਵਾ ਕੇ ਬਣਦੀ ਕਾਰਵਾਈ ਕੀਤੀ ਜਾਵੇ |