
ਕੈਪਟਨ ਨੇ ਹਫ਼ਤਾਵਾਰੀ ਤੇ ਰਾਤ ਦਾ ਕਰਫ਼ਿਊ ਹਟਾਇਆ
ਸੋਮਵਾਰ ਤੋਂ ਅੰਦਰੂਨੀ ਇਕੱਠਾਂ 'ਚ 100 ਅਤੇ ਖੁਲ੍ਹੇ 'ਚ 200 ਵਿਅਕਤੀਆਂ ਦੇ ਇਕੱਠ ਦੀ ਆਗਿਆ ਦਿਤੀ
ਚੰਡੀਗੜ੍ਹ, 9 ਜੁਲਾਈ (ਭੁੱਲਰ): ਸੂਬੇ ਵਿਚ ਕੋਵਿਡ ਦੀ ਪਾਜ਼ੇਟਿਵਟੀ ਦਰ ਘੱਟ ਕੇ 0.4 ਫ਼ੀ ਸਦੀ ਆਉਣ 'ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਹਫ਼ਤੇ ਦੇ ਅੰਤਲੇ ਦਿਨਾਂ (ਵੀਕੈਂਡ) ਅਤੇ ਰਾਤ ਦੇ ਕਰਫ਼ਿਊ ਨੂੰ ਹਟਾਉਣ ਦੇ ਹੁਕਮ ਦਿਤੇ ਹਨ | ਇਸ ਨਾਲ ਹੀ ਸੋਮਵਾਰ ਤੋਂ ਅੰਦਰੂਨੀ ਇਕੱਠਾਂ (ਇੰਡੋਰ) ਵਿਚ 100 ਵਿਅਕਤੀਆਂ ਅਤੇ ਖੁਲ੍ਹੇ ਵਿਚ (ਆਊਟਡੋਰ) 200 ਵਿਅਕਤੀਆਂ ਦੇ ਇਕੱਠ ਕਰਨ ਦੀ ਵੀ ਇਜਾਜ਼ਤ ਦਿਤੀ ਹੈ | ਡੀ.ਜੀ.ਪੀ. ਨੂੰ ਕੋਵਿਡ ਨਿਯਮਾਂ ਦੀ ਉਲੰਘਣਾ ਕਰ ਕੇ ਰੈਲੀਆਂ ਤੇ ਰੋਸ ਮੀਟਿੰਗਾਂ ਕਰਨ ਵਾਲੀਆਂ ਸਾਰੀਆਂ ਰਾਜਸੀ ਪਾਰਟੀਆਂ ਦੇ ਚਲਾਨ ਕਰਨ ਦੇ ਨਿਰਦੇਸ਼ ਵੀ ਦਿਤੇ ਹਨ |
ਮੁੱਖ ਮੰਤਰੀ ਨੇ ਭਾਵੇਂ ਆਸ ਪ੍ਰਗਟਾਈ ਹੈ ਕਿ ਰਾਜਸੀ ਪਾਰਟੀਆਂ ਅਤੇ ਆਗੂਆਂ ਵਲੋਂ ਚੰਗਾ ਵਰਤਾਰਾ ਦਿਖਾਇਆ ਜਾਵੇਗ ਪਰ ਉਨ੍ਹਾਂ ਡੀ.ਜੀ.ਪੀ. ਦਿਨਕਰ ਗੁਪਤਾ ਨੂੰ ਨਿਰਦੇਸ਼ ਦਿਤੇ ਕਿ ਕੋਵਿਡ ਪ੍ਰੋਟੋਕੋਲ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਜਾਰੀ ਕੀਤੇ ਜਾਣ | ਮੁੱਖ ਮੰਤਰੀ ਨੇ ਬਾਰ, ਸਿਨੇਮਾ ਹਾਲ, ਰੈਸਟੋਰੈਂਟ, ਸਪਾਅ, ਤੈਰਾਕੀ ਪੂਲ, ਜਿੰਮ, ਮਾਲ, ਖੇਡ ਕੰਪਲੈਕਸ, ਮਿਊਜ਼ੀਅਮ, ਚਿੜੀਆ ਘਰ ਆਦਿ ਖੋਲ੍ਹਣ ਦੇ ਵੀ ਹੁਕਮ ਕੀਤੇ ਬਸ਼ਰਤੇ ਸਾਰੇ ਯੋਗ ਸਟਾਫ਼ ਮੈਂਬਰ ਅਤੇ ਵਿਜ਼ਟਰਜ਼ ਦੇ ਟੀਕੇ ਦੀ ਘੱਟੋ-ਘੱਟ ਇਕ ਖ਼ੁਰਾਕ ਜ਼ਰੂਰ ਲੱਗੀ ਹੋਵੇ | ਸਕੂਲ ਭਾਵੇਂ ਨਿਰੰਤਰ ਬੰਦ ਰਹਿਣਗੇ ਪਰ ਕਾਲਜਾਂ, ਕੋਚਿੰਗ ਸੈਂਟਰਾਂ ਤੇ ਸਾਰੇ ਹੋਰ ਉਚੇਰੀ ਸਿਖਿਆ ਵਾਲੀਆਂ ਸੰਸਥਾਵਾਂ ਨੂੰ ਸਬੰਧਤ
ਡਿਪਟੀ ਕਮਿਸ਼ਨਰਾਂ ਵਲੋਂ ਖੋਲ੍ਹਣ ਦੀ ਆਗਿਆ ਹੋਵੇਗੀ ਬਸ਼ਰਤੇ ਉਨ੍ਹਾਂ ਨੂੰ ਸਰਟੀਫ਼ੀਕੇਟ ਦੇਣਾ ਪਵੇਗਾ ਕਿ ਸਾਰੇ ਟੀਚਿੰਗ, ਨਾਨ-ਟੀਚਿੰਗ ਸਟਾਫ਼ ਅਤੇ ਵਿਦਿਆਰਥੀਆਂ ਦੇ ਦੋ ਹਫ਼ਤੇ ਪਹਿਲਾਂ ਟੀਕਾਕਰਨ ਦੀ ਘੱਟੋ-ਘੱਟ ਇਕ ਖ਼ੁਰਾਕ ਜ਼ਰੂਰ ਲੱਗੀ ਹੋਵੇ |
ਕੋਵਿਡ ਦੀ ਸਥਿਤੀ ਦੀ ਵਰਚੁਅਲ ਸਮੀਖਿਆ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 20 ਜੁਲਾਈ ਨੂੰ ਕੋਵਿਡ ਦੇ ਹਾਲਾਤ ਦੀ ਦੁਬਾਰਾ ਸਮੀਖਿਆ ਕੀਤੀ ਜਾਵੇਗੀ | ਮੁੱਖ ਮੰਤਰੀ ਨੇ ਕਿਹਾ ਕਿ ਪਾਬੰਦੀਆਂ ਵਿਚ ਛੋਟ ਦਿੰਦਿਆਂ ਹਰ ਹਾਲ ਵਿਚ ਮਾਸਕ ਦੀ ਵਰਤੋਂ ਸਖ਼ਤੀ ਨਾਲ ਕੀਤੀ ਜਾਵੇ | ਸਿਹਤ ਸਕੱਤਰ ਹੁਸਨ ਲਾਲ ਨੇ ਕਿਹਾ ਕਿ ਚਾਰ ਜ਼ਿਲਿ੍ਹਆਂ ਵਿਚ ਪਾਜ਼ੇਟਿਵਟੀ ਦਰ ਇਕ ਫ਼ੀ ਸਦੀ ਜਾਂ ਇਸ ਤੋਂ ਘੱਟ ਹੈ ਪਰ ਹਾਲੇ ਵੀ ਲੁਧਿਆਣਾ, ਅੰਮਿ੍ਤਸਰ, ਗੁਰਦਾਸਪੁਰ, ਫ਼ਿਰੋਜ਼ਪੁਰ ਤੇ ਰੂਪਨਗਰ ਜ਼ਿਲਿ੍ਹਆਂ ਵਿਚ ਚੌਕਸੀ ਵਰਤਣ ਦੀ ਲੋੜ ਹੈ | ਬਲੈਕ ਫ਼ੰਗਸ ਜਿਸ ਦੇ ਕਿ 8 ਜੁਲਾਈ ਨੂੰ 623 ਮਰੀਜ਼ ਰੀਪੋਰਟ ਹੋਏ, ਦੇ ਕੇਸਾਂ ਦਾ ਹਵਾਲਾ ਦਿੰਦਿਆਂ ਮੁੱਖ ਮੰਤਰੀ ਨੇ ਸਿਹਤ ਵਿਭਾਗ ਨੂੰ ਆਖਿਆ ਕਿ ਅਜਿਹੇ ਮਰੀਜ਼ਾਂ ਦੇ ਇਲਾਜ ਲਈ ਸਹਿਯੋਗ ਤੇ ਮਦਦ ਵਾਸਤੇ ਤਜਵੀਜ਼ ਤਿਆਰ ਕੀਤੀ ਜਾਵੇ |