
ਆਖਿਆ, 'ਅਸੀਂ ਇਹ ਐਲਾਨ ਪਹਿਲਾਂ ਹੀ ਕਰ ਚੁੱਕੇ ਹਾਂ ਜਦਕਿ ਤੁਸੀਂ ਭਾਜਪਾ ਨਾਲ ਮਿਲ ਕੇ ਕਿਸਾਨਾਂ ਨੂੰ ਬਰਬਾਦ ਕਰਨ ਦੀ ਸਾਜ਼ਿਸ਼ ਰਚ ਰਹੇ ਸੀ'
. ਬਰਬਾਦ ਕਰਨ ਦੀ ਸਾਜ਼ਿਸ਼ ਰਚ ਰਹੇ ਸੀ'
ਚੰਡੀਗੜ੍ਹ, 9 ਜੁਲਾਈ(ਭੁੱਲਰ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸ਼ੁਕਰਵਾਰ ਨੂੰ ਸੁਖਬੀਰ ਸਿੰਘ ਬਾਦਲ ਵੱਲੋਂ ਕਿਸਾਨਾਂ ਨਾਲ ਧ੍ਰੋਹ ਕਮਾਉਂਦਿਆਂ ਕੀਤੀ ਸ਼ਰਮਨਾਕ ਕੋਸ਼ਿਸ਼ ਲਈ ਆੜੇ ਹੱਥੀਂ ਲੈਂਦਿਆਂ ਕਿਹਾ ਕਿ ਉਹ ਕੁੱਝ ਬੋਲਣ ਤੋਂ ਪਹਿਲਾਂ ਤੱਥ ਦੇਖ ਲਿਆ ਕਰੇ ਕਿਉਂਕਿ ਉਨ੍ਹਾਂ ਜੋ ਚੋਣ ਵਾਅਦਾ ਕੀਤਾ ਹੈ, ਉਹ ਐਲਾਨ ਤਾਂ ਮੌਜੂਦਾ ਸੂਬਾ ਸਰਕਾਰ ਪਹਿਲਾਂ ਹੀ ਕਰ ਚੁੱਕੀ ਹੈ | ਅਕਾਲੀ ਦਲ ਦੇ ਪ੍ਰਧਾਨ ਵੱਲੋਂ ਕੇਂਦਰ ਦੇ ਕਾਲੇ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਦੌਰਾਨ ਆਪਣੀਆਂ ਜਾਨਾਂ ਗਵਾਉਣ ਵਾਲੇ ਕਿਸਾਨਾਂ ਲਈ ਕੀਤੇ ਐਲਾਨ ਨੂੰ ਮੁੱਖ ਮੰਤਰੀ ਨੇ ਸੁਖਬੀਰ ਵੱਲੋਂ ਕਿਸਾਨਾਂ ਨੂੰ ਭਰਮਾਉਣ ਦੀ ਆਖਰੀ ਕੋਸ਼ਿਸ਼ ਕਰਾਰ ਦਿੱਤਾ ਕਿਉਂਕਿ ਖੇਤੀ ਕਾਨੂੰਨਾਂ ਕਰਕੇ ਕਿਸਾਨ ਅਕਾਲੀ ਦਲ ਤੋਂ ਪਹਿਲਾਂ ਹੀ ਦੂਰ ਹੋ ਚੁੱਕੇ ਹਨ |
ਮੁੱਖ ਮੰਤਰੀ ਨੇ ਆਖਿਆ, ''ਕੀ ਤਹਾਨੂੰ ਲੱਗਦਾ ਹੈ ਕਿ ਪੰਜਾਬ ਦੇ ਕਿਸਾਨ ਇੰਨੇ ਨਾਦਾਨ ਹਨ ਜਿਹੜੇ ਤੁਹਾਡੇ ਅਜਿਹੇ ਬਿਆਨਾਂ ਨੂੰ ਮੰਨ ਲੈਣਗੇ?'' ਉਨ੍ਹਾਂ ਸੁਖਬੀਰ ਬਾਦਲ ਨੂੰ ਅਜਿਹੇ ਫਰੇਬੀ ਬਿਆਨ ਦੇ ਕੇ ਸੂਬੇ ਦੇ ਲੋਕਾਂ ਨਾਲ ਧੋਖਾ ਕਰਨਾ ਬੰਦ ਕਰਨ ਲਈ ਆਖਿਆ |
ਉਨ੍ਹਾਂ ਅੱਗੇ ਕਿਹਾ, ''ਤੁਸੀਂ ਉਸ ਗੱਲ ਦੀ ਕਿਵੇਂ ਤਜਵੀਜ਼ ਰੱਖ ਸਕਦੇ ਹੋ, ਜਿਹੜੀ ਪਹਿਲਾਂ ਹੀ ਲਾਗੂ ਕੀਤੀ ਹੋਈ ਹੈ |'' ਉਨ੍ਹਾਂ ਕਿਹਾ, ''ਅਸੀਂ ਇਹ ਐਲਾਨ ਪਹਿਲਾਂ ਹੀ ਕਰ ਦਿੱਤੇ ਹਾਂ ਜਦੋਂ ਕਿ ਤੁਸੀਂ ਸਾਡੇ ਕਿਸਾਨਾਂ ਨੂੰ ਬਰਬਾਦ ਕਰਨ ਲਈ ਹਾਲੇ ਵੀ ਆਪਣੇ ਰਾਜਸੀ ਆਕਾਵਾਂ ਭਾਜਪਾ ਨਾਲ ਮਿਲ ਕੇ ਸਾਜਿਸ਼ਾਂ ਰਚ ਰਹੇ ਹੋ |''
ਮੁੱਖ ਮੰਤਰੀ ਅੱਜ ਸੁਖਬੀਰ ਵੱਲੋਂ ਦਿੱਤੇ ਉਸ ਬਿਆਨ 'ਤੇ ਪ੍ਰਤੀਕਿਰਿਆ ਦੇ ਰਹੇ ਸਨ ਜਿਸ ਵਿੱਚ ਉਨ੍ਹਾਂ ਕਿਹਾ ਸੀ ਕਿ ਜੇ ਸ਼ੋ੍ਰਮਣੀ ਅਕਾਲੀ ਦਲ ਸੱਤਾ ਵਿੱਚ ਆਇਆ ਤਾਂ ਉਹ ਕੇਂਦਰੀ ਕਾਨੂੰਨਾਂ ਖਿਲਾਫ ਸੰਘਰਸ਼ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਤੇ ਸਿਹਤ ਬੀਮਾ ਦੇਣਗੇ, ਜਦੋਂ ਕਿ ਇਹ ਕਾਲੇ ਖੇਤੀ ਕਾਨੂੰਨ ਅਕਾਲੀਆਂ ਤੇ ਬਾਦਲਾਂ ਦੀ ਸਹਿਮਤੀ ਨਾਲ ਹੀ ਹੋਂਦ ਵਿੱਚ ਆਏ ਸਨ ਕਿਉਂਕਿ ਉਹ ਉਸ ਵੇਲੇ ਕੇਂਦਰ ਸਰਕਾਰ ਦਾ ਹਿੱਸਾ ਸਨ | ਸੁਖਬੀਰ ਵੱਲੋਂ ਅਕਾਲੀ ਦਲ ਦੇ ਪੰਜਾਬ ਵਿੱਚ ਸੱਤਾ ਵਿੱਚ ਆਉਣ ਦੇ ਖਿਆਲੀ ਪੁਲਾਵਾਂ ਦਾ ਮਾਖੌਲ ਉਡਾਉਂਦਿਆਂ ਮੁੱਖ ਮੰਤਰੀ ਨੇ ਕਿਹਾ ਕਿ 10 ਸਾਲ ਦੇ ਰਾਜ ਦੌਰਾਨ ਅਕਾਲੀ ਦਲ ਨੇ ਸੂਬੇ ਦੇ ਲੋਕਾਂ ਨੂੰ ਬਰਬਾਦ ਕਰ ਦਿੱਤਾ | ਮੁੱਖ ਮੰਤਰੀ ਨੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਪਹਿਲਾਂ ਹੀ ਕਿਸਾਨੀ ਸੰਘਰਸ਼ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਪ੍ਰਤੀ ਕਿਸਾਨ ਮੁਆਵਜ਼ਾ ਦਿੱਤਾ ਜਾ ਰਿਹਾ ਹੈ | ਹੁਣ ਤੱਕ ਸੰਘਰਸ਼ ਦੌਰਾਨ ਪੰਜਾਬ ਦੇ 237 ਕਿਸਾਨਾਂ ਦੀ ਜਾਨ ਗਈ ਹੈ ਜਿਨ੍ਹਾਂ ਵਿੱਚੋਂ 191 ਕਿਸਾਨਾਂ ਨੂੰ ਪਹਿਲਾਂ ਹੀ ਮੁਆਵਜ਼ਾ ਦਿੱਤਾ ਗਿਆ ਹੈ ਜਿਸ ਦੀ ਕੁੱਲ ਰਕਮ 9,46,50,000 ਰੁਪਏ ਬਣਦੀ ਹੈ | ਉਨ੍ਹਾਂ ਕਿਹਾ ਕਿ ਬਾਕੀ ਰਹਿੰਦੇ ਪਰਿਵਾਰਾਂ ਨੂੰ ਮੁਆਵਜ਼ਾ ਦੇਣਾ ਪ੍ਰਕਿਰਿਆ ਅਧੀਨ ਹੈ ਅਤੇ ਜਦੋਂ ਤੱਕ ਅਕਾਲੀ ਦਲ ਚੋਣਾਂ ਲਈ ਆਪਣੀ ਮੁਹਿੰਮ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ, ਉਸ ਤੋਂ ਕਾਫੀ ਪਹਿਲਾਂ ਇਹ ਬਾਕੀ ਰਹਿੰਦਾ ਮੁਆਵਜ਼ਾ ਅਦਾ ਕਰ ਦਿਤਾ ਜਾਵੇਗਾ |
ਮੁੱਖ ਮੰਤਰੀ ਨੇ ਅੱਗੇ ਕਿਹਾ ਕਿ ਉਹ ਖੁਦ ਕਈ ਮਹੀਨੇ ਪਹਿਲਾਂ ਸੰਘਰਸ਼ ਦੌਰਾਨ ਜਾਨਾਂ ਗਵਾਉਣ ਵਾਲੇ ਕਿਸਾਨਾਂ ਦੇ ਵਾਰਸਾਂ ਨੂੰ ਨੌਕਰੀ ਦੇਣ ਦਾ ਐਲਾਨ ਕਰ ਚੁੱਕੇ ਹਨ ਅਤੇ ਮਾਲ ਵਿਭਾਗ ਵੱਲੋਂ ਉਮੀਦਵਾਰਾਂ ਦੇ ਨਾਮ ਫਾਈਨਲ ਕਰਨ ਦਾ ਕੰਮ ਕਾਫੀ ਹੋ ਚੁੱਕਾ ਹੈ |
ਜਿੱਥੋਂ ਤੱਕ ਸਿਹਤ ਬੀਮੇ ਦੇ ਵਾਅਦੇ ਦਾ ਸਵਾਲ ਹੈ, ਮੁੱਖ ਮੰਤਰੀ ਨੇ ਸੁਖਬੀਰ ਨੂੰ ਪੁੱਛਿਆ, ''ਕੀ ਤੁਸੀਂ ਅਖਬਾਰ ਵੀ ਨਹੀਂ ਪੜ੍ਹਦੇ?'' ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਮੌਜੂਦਾ ਕਾਂਗਰਸ ਸਰਕਾਰ ਵੱਲੋਂ ਸਰਬੱਤ ਸਿਹਤ ਬੀਮਾ ਯੋਜਨਾ ਤਹਿਤ ਸੂਬੇ ਦੇ ਸਾਰੇ ਕਿਸਾਨਾਂ ਲਈ ਸੂਬਾਈ ਸਿਹਤ ਬੀਮਾ ਕਵਰ ਲਿਆਂਦਾ ਗਿਆ ਹੈ | ਉਨ੍ਹਾਂ ਕਿਹਾ ਕਿ ਅਕਾਲੀ ਦਲ ਜਾਣਬੁੱਝ ਕੇ ਝੂਠੇ ਵਾਅਦਿਆਂ ਨਾਲ ਕਿਸਾਨਾਂ ਨੂੰ ਗੁੰਮਰਾਹ ਕਰ ਰਿਹਾ ਹੈ ਕਿਉਂਕਿ ਉਹ ਇਹ ਸਕੀਮ ਲਾਗੂ ਨਹੀਂ ਕਰ ਸਕਣਗੇ ਕਿਉਂਕਿ ਉਹ ਤਾਂ ਪਹਿਲਾਂ ਹੀ ਚੱਲ ਰਹੀ ਹੈ |