ਮੱਤੇਵਾੜਾ ਜੰਗਲ ਨੂੰ ਬਚਾਉਣ ਲਈ ਇਕਜੁੱਟ ਹੋਏ ਪੰਜਾਬੀ, ਮਾਡਰਨ ਇੰਡਸਟਰੀਅਲ ਪਾਰਕ ਬਣਾਉਣ ਦਾ ਕੀਤਾ ਵਿਰੋਧ
ਲੁਧਿਆਣਾ: ਲੁਧਿਆਣਾ ਦੇ ਮੱਤੇਵਾੜਾ ਦੇ ਜੰਗਲਾਂ ਨੇੜੇ ਪ੍ਰਸਤਾਵਿਤ ਮਾਡਰਨ ਇੰਡਸਟਰੀਅਲ ਪਾਰਕ ਦੇ ਵਿਰੋਧ ਵਿੱਚ ਅੱਜ ਵੱਖ-ਵੱਖ ਜਥੇਬੰਦੀਆਂ ਵਲੋਂ ਮੋਰਚਾ ਲਗਾਇਆ ਗਿਆ। ਇਸ ਮੋਰਚੇ ਵਿਚ ਪੰਜਾਬ ਦੇ ਕੋਨੇ-ਕੋਨੇ ਵਿਚੋਂ ਹਜ਼ਾਰਾਂ ਦੀ ਗਿਣਤੀ ਵਿਚ ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਨੇ ਸ਼ਿਰਕਤ ਕੀਤੀ। ਸਮੂਹ ਪੰਜਾਬੀਆਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਮੱਤੇਵਾੜਾ ਦਾ ਇਹ ਜੰਗਲ ਲੱਖਾਂ ਹੀ ਬੇਜ਼ੁਬਾਨ ਪਛੂ ਪੰਛੀਆਂ ਦਾ ਘਰ ਹੀ ਨਹੀਂ ਸਗੋਂ ਪੰਜਾਬ ਵਾਸੀਆਂ ਨੂੰ ਸਾਫ ਸੁਥਰੀ ਹਵਾ ਦੇਣ ਵਿਚ ਵੀ ਸਹਾਈ ਹੈ।
ਲੁਧਿਆਣਾ ਦੇ ਫੇਫੜੇ ਕਹੇ ਜਾਨ ਵਾਲੇ ਇਸ ਜੰਗਲ ਨੂੰ ਬਚਾਉਣ ਲਈ ਬੇਨਤੀ ਕੀਤੀ ਗਈ ਹੈ। ਲੋਕਾਂ ਦਾ ਕਹਿਣਾ ਹੈ ਕਿ ਜੰਗਲ ਦੇ ਨੇੜੇ ਉਦਯੋਗਿਕ ਪਾਰਕ ਬਣਾ ਕੇ ਰੰਗਾਈ ਯੂਨਿਟ ਸਥਾਪਿਤ ਕੀਤੇ ਜਾਣਗੇ, ਜਿਸ ਨਾਲ ਮੱਤੇਵਾੜਾ ਜੰਗਲ ਦੀ ਹੋਂਦ ਖਤਮ ਹੋ ਜਾਵੇਗੀ। ਇਸ ਬਾਰੇ ਗਲਬਾਤ ਕਰਨ ਲਈ ਭਲਕੇ ਪਬਲਿਕ ਐਕਸ਼ਨ ਕਮੇਟੀ (PAC) ਵਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ ਜਾਵੇਗੀ ਅਤੇ ਮਸਲੇ ਦੇ ਹੱਲ 'ਤੇ ਵਿਚਾਰ ਕੀਤਾ ਜਾਵੇਗਾ। ਜੰਗਲੀ ਜਾਨਵਰ ਮਰ ਜਾਣਗੇ। ਗਲਤ ਨੀਤੀ ਕਾਰਨ ਅਸੀਂ ਲੁਧਿਆਣਾ ਦਾ ਬੁੱਢਾ ਦਰਿਆ ਗੰਦੇ ਪਾਣੀ ਦੇ ਸੀਵਰੇਜ ਵਿੱਚ ਬਦਲਦੇ ਦੇਖਿਆ ਹੈ। ਇਹੀ ਹਾਲ ਸਤਲੁਜ ਦਾ ਹੈ।
ਦੱਸਣਯੋਗ ਹੈ ਕਿ ਇਸ ਮੋਰਚੇ ਵਿਚ ਬੱਚੇ, ਬਜ਼ੁਰਗ, ਸਿਆਸੀ ਆਗੂ ਅਤੇ ਖਾਲਸਾ ਏਡ ਵਲੋਂ ਵੀ ਹਿਮਾਇਤ ਕੀਤੀ ਗਈ। ਸਾਰੇ ਵਾਤਾਵਰਨ ਪ੍ਰੇਮੀਆਂ ਵਲੋਂ ਇਹ ਅਪੀਲ ਕੀਤੀ ਜਾ ਰਹੀ ਹੈ ਕਿ ਮੱਤੇਵਾੜਾ ਜੰਗਲ ਨੂੰ ਬਚਾਇਆ ਜਾਵੇ ਅਤੇ ਇਥੇ ਸਥਾਪਿਤ ਹੋਣ ਜਾ ਰਹੇ ਇੰਡਸਟਰੀਅਲ ਪਾਰਕ ਨੂੰ ਰੋਕਿਆ ਜਾਵੇ। ਮੱਤੇਵਾੜਾ ਜੰਗਲਾਂ 'ਤੇ ਮੈਗਾ ਟੈਕਸਟਾਈਲ ਪਾਰਕ ਪ੍ਰਾਜੈਕਟ ਨੂੰ ਲੈ ਕੇ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਪਦਮਸ਼੍ਰੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਕਿਹਾ ਮੱਤੇਵਾੜਾ ਜੰਗਲ ਨੂੰ ਨਾ ਕੱਟਿਆ ਜਾਵੇ ਤੇ ਕੁਦਰਤ ਨਾਲ ਖਿਲਵਾੜ ਨਾ ਕੀਤਾ ਜਾਵੇ ਕਿਉਕਿ ਦਰੱਖ਼ਤ ਇਨਸਾਨ ਲਈ ਆਕਸੀਜ਼ਨ ਦੇ ਕਾਰਖਾਨਿਆਂ ਬਰਾਬਰ ਹਨ।
ਉਨ੍ਹਾਂ ਕਿਹਾ ਕਿ ਬਾਬੇ ਨਾਨਕ ਦੇ ਫਲਸਫੇ ਉੱਤੇ ਸਾਨੂੰ ਚੱਲਣ ਦੀ ਜ਼ਰੂਰਤ ਹੈ ਜਿਵੇਂ ਕਿ ਗੁਰਬਾਣੀ ਵਿੱਚ ਵੀ ਦਰਜ ਹੈ 'ਪਵਣੁ ਗੁਰੂ ਪਾਣੀ ਪਿਤਾ ਮਾਤਾ ਧਰਤਿ ਮਹਤੁ' , ਜੇਕਰ ਇਸ ਗੁਰਬਾਣੀ ਦੀਆਂ ਤੁਕਾਂ ਨੂੰ ਅਸੀਂ ਸਮਝ ਲਈਏ ਤਾਂ ਅਸੀਂ ਆਪਣੇ ਚੌਗਿਰਦੇ ਤੇ ਕੁਦਰਤ ਨੂੰ ਬਚਾ ਸਕਦੇ ਹਾਂ। ਜਿਥੇ ਅੱਜ ਲੋਕ ਜਾਗਰੂਕ ਹੋਏ ਨੇ ਜਿਵੇਂ ਕਿ ਮੱਤੇਵਾੜਾ ਜੰਗਲ ਦੀ ਕਟਾਈ ਨੂੰ ਲੈ ਕੇ ਲੋਕਾਂ ਨੇ ਜੰਗਲ ਨੂੰ ਬਚਾਉਣ ਲਈ ਆਪਣੀ ਆਵਾਜ਼ ਬੁਲੰਦ ਕੀਤੀ ਹੈ। ਇਸ 'ਤੇ ਸਰਕਾਰਾਂ ਨੂੰ ਜ਼ਰੂਰ ਸੋਚਣਾ ਚਾਹੀਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਪੰਜਾਬ ਵਿਚ ਦਰੱਖ਼ਤ 39 ਪ੍ਰਤੀਸ਼ਤ ਤੋਂ 4.5 ਪ੍ਰਤੀਸ਼ਤ ਹੀ ਰਹਿ ਗਏ ਹਨ, ਸਾਨੂੰ ਆਪਣਾ ਫ਼ਰਜ਼ ਸਮਝਦਿਆਂ ਘੱਟੋ-ਘੱਟ 10 ਦਰੱਖਤ ਜ਼ਰੂਰ ਲਾਉਣੇ ਚਾਹੀਦੇ ਹਨ। ਦੱਸ ਦੇਈਏ ਕਿ ਇਸ ਮੋਰਚੇ ਵਿਚ ਖਾਲਸਾ ਏਡ ਵਲੋਂ ਲੰਗਰ ਲਗਾਇਆ ਗਿਆ।