
Punjab News:ਹੁਣ ਇਹ ਭਾਰਤ ’ਤੇ ਨਿਰਭਰ ਹੈ ਕਿ ਉਹ ਪੁਲ ਦੇ ਅਪਣੇ ਹਿੱਸੇ ਨੂੰ ਪੂਰਾ ਕਰੇ : ਕਰਤਾਰਪੁਰ ਮੈਨੇਜਮੈਂਟ ਯੂਨਿਟ ਦੇ ਉਪ ਸਕੱਤਰ ਸੈਫੁੱਲਾ ਖੋਖਰ
Pakistan completes construction of long awaited bridge on Kartarpur Corridor 'Zero Line': ਪਾਕਿਸਤਾਨ ਨੇ ਕਰਤਾਰਪੁਰ ਲਾਂਘੇ ‘ਜ਼ੀਰੋ ਲਾਈਨ’ ’ਤੇ 420 ਮੀਟਰ ਲੰਮੇ ਪੁਲ ਦਾ ਨਿਰਮਾਣ ਢਾਈ ਸਾਲ ਦੀ ਦੇਰੀ ਤੋਂ ਬਾਅਦ ਆਖਰਕਾਰ ਪੂਰਾ ਕਰ ਲਿਆ ਹੈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿਤੀ।
ਕਰਤਾਰਪੁਰ ਮੈਨੇਜਮੈਂਟ ਯੂਨਿਟ ਦੇ ਉਪ ਸਕੱਤਰ ਸੈਫੁੱਲਾ ਖੋਖਰ ਨੇ ਦਸਿਆ ਕਿ ਜ਼ੀਰੋ ਲਾਈਨ ਖੇਤਰ ’ਚ ਹੜ੍ਹ ਆਉਣ ਦੀ ਸੰਭਾਵਨਾ ਕਾਰਨ ਕਰਤਾਰਪੁਰ ਪੁਲ ਦੀ ਜ਼ਰੂਰਤ ਪੈਦਾ ਹੋਈ ਹੈ, ਜਿਸ ਨਾਲ ਗੁਰਦੁਆਰਾ ਦਰਬਾਰ ਸਾਹਿਬ ਆਉਣ ਵਾਲਿਆਂ ਲਈ ਸੁਰਖਿਅਤ ਰਾਹ ਦੀ ਉਸਾਰੀ ਦੇ ਮਹੱਤਵ ’ਤੇ ਜ਼ੋਰ ਦਿਤਾ ਗਿਆ।
ਉਨ੍ਹਾਂ ਕਿਹਾ, ‘‘ਅਸੀਂ ਅਪਣੀ ਤਰਫੋਂ ਜ਼ੀਰੋ ਲਾਈਨ ਕਰਤਾਰਪੁਰ ਲਾਂਘੇ ’ਤੇ ਪੁਲ ਦੀ ਉਸਾਰੀ ਪੂਰੀ ਕਰ ਲਈ ਹੈ। ਹੁਣ ਇਹ ਭਾਰਤ ’ਤੇ ਨਿਰਭਰ ਕਰਦਾ ਹੈ ਕਿ ਉਹ ਪੁਲ ਦੇ ਅਪਣੇ ਹਿੱਸੇ ਨੂੰ ਪੂਰਾ ਕਰੇ, ਖ਼ਾਸਕਰ ਵਿਵਾਦਿਤ 10 ਫੁੱਟ ਦੇ ਹਿੱਸੇ ਨੂੰ।’’ ਖੋਖਰ ਨੇ ਕਿਹਾ, ‘‘ਭਾਰਤ ਵਾਲੇ ਪਾਸੇ ਤੋਂ ਪੁਲ ਦਾ ਨਿਰਮਾਣ ਪੂਰਾ ਹੋਣ ਤੋਂ ਬਾਅਦ ਹੀ ਇਹ ਚਾਲੂ ਹੋਵੇਗਾ।’’
ਇਸ ਤੋਂ ਪਹਿਲਾਂ ਹੜ੍ਹ ਦੀਆਂ ਘਟਨਾਵਾਂ ਨੇ ਕਰਤਾਰਪੁਰ ਸਾਹਿਬ ਜਾਣ ਵਾਲੇ ਸ਼ਰਧਾਲੂਆਂ ਦੀ ਆਵਾਜਾਈ ਨੂੰ ਪ੍ਰਭਾਵਤ ਕੀਤਾ ਸੀ। 420 ਮੀਟਰ ਲੰਮੇ ਇਸ ਪੁਲ ਦੇ ਨਿਰਮਾਣ ਨੂੰ ਪੂਰਾ ਕਰਨ ਦੀ ਪਹਿਲੀ ਸਮਾਂ ਸੀਮਾ ਦਸੰਬਰ 2021 ਸੀ। ਹਾਲਾਂਕਿ, ਕੁੱਝ ਵਿੱਤੀ ਰੁਕਾਵਟਾਂ ਅਤੇ ਸਿਆਸੀ ਮੁੱਦਿਆਂ ਕਾਰਨ ਉਸਾਰੀ ਦਾ ਕੰਮ ਅਸਥਾਈ ਤੌਰ ’ਤੇ ਰੋਕ ਦਿਤਾ ਗਿਆ ਸੀ। ਜਨਤਕ ਵਿਕਾਸ ਫ਼ੰਡ ਨੇ 45.3 ਲੱਖ ਰੁਪਏ ਦੀ ਅਨੁਮਾਨਤ ਲਾਗਤ ਨਾਲ ਪ੍ਰਾਜੈਕਟ ਨੂੰ ਫੰਡ ਦਿਤਾ। ਫਰੰਟੀਅਰ ਵਰਕਸ ਆਰਗੇਨਾਈਜ਼ੇਸ਼ਨ (ਐਫ਼ .ਡਬਲਯੂ.ਓ.) ਅਤੇ ਨੈਸ਼ਨਲ ਇੰਜੀਨੀਅਰਿੰਗ ਸਰਵਿਸਿਜ਼ ਆਫ਼ ਪਾਕਿਸਤਾਨ (ਨੇਸਪਾਕ) ਨੇ ਨਿਰਮਾਣ ਕਾਰਜ ਨੂੰ ਪੂਰਾ ਕਰਨ ਲਈ ਸਹਿਯੋਗ ਕੀਤਾ।
ਨਵੰਬਰ 2019 ਵਿਚ ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਇਕ ਸਮਾਰੋਹ ਵਿਚ ਕਰਤਾਰਪੁਰ ਲਾਂਘੇ ਦਾ ਉਦਘਾਟਨ ਕੀਤਾ ਸੀ, ਜਿਸ ਨਾਲ ਭਾਰਤੀ ਸਿੱਖ ਸ਼ਰਧਾਲੂਆਂ ਲਈ ਬਿਨਾਂ ਵੀਜ਼ਾ ਦੇ ਪਾਕਿਸਤਾਨ ਵਿਚ ਅਪਣੇ ਧਰਮ ਦੇ ਸੱਭ ਤੋਂ ਪਵਿੱਤਰ ਸਥਾਨਾਂ ਵਿਚੋਂ ਇਕ ਦੇ ਦਰਸ਼ਨ ਕਰਨ ਦਾ ਰਾਹ ਪੱਧਰਾ ਹੋ ਗਿਆ ਸੀ। 4 ਕਿਲੋਮੀਟਰ ਲੰਬਾ ਕਰਤਾਰਪੁਰ ਲਾਂਘਾ ਪਾਕਿਸਤਾਨ ਸਥਿਤ ਗੁਰਦੁਆਰਾ ਦਰਬਾਰ ਸਾਹਿਬ ਨੂੰ ਭਾਰਤ ਦੇ ਪੰਜਾਬ ਰਾਜ ਦੇ ਗੁਰਦਾਸਪੁਰ ਜ਼ਿਲ੍ਹੇ ਦੇ ਡੇਰਾ ਬਾਬਾ ਨਾਨਕ ਗੁਰਦੁਆਰੇ ਨਾਲ ਜੋੜੇਗਾ।