
ਸੂਬੇ 'ਚ ਹੁਣ ਤਕ ਦੀ ਸੱਭ ਤੋਂ ਵੱਡੀ ਖੇਪ ਫੜੀ, 4 ਵਿਅਕਤੀ ਗ੍ਰਿਫ਼ਤਾਰ
ਡੇਰਾਬੱਸੀ, 9 ਅਗੱਸਤ (ਗੁਰਜੀਤ ਸਿੰਘ ਈਸਾਪੁਰ) : ਪੰਜਾਬ ਐਕਸਾਈਜ ਅਤੇ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਨੇ ਅੱਜ ਡੇਰਾਬੱਸੀ ਦੇ ਮੁਬਾਰਿਕਪੁਰ ਇੰਡਸਟਰੀਅਲ ਫ਼ੋਕਲ ਪੁਆਇੰਟ 'ਚ ਛਾਪਾ ਮਾਰ ਕੇ ਇਕ ਫ਼ੈਕਟਰੀ ਅਤੇ ਦੋ ਗੋਦਾਮਾ ਵਿਚੋਂ ਕੁਲ 27600 ਲਿਟਰ ਕੈਮੀਕਲ ਬਰਾਮਦ ਕੀਤੀ ਹੈ। ਇਸ ਨੂੰ 200 ਲਿਟਰ ਦੀ ਸਮਰੱਥਾ ਵਾਲੇ 138 ਡਰੱਮਾਂ ਵਿਚ ਸਟੋਰ ਕਰ ਕੇ ਰਖਿਆ ਗਿਆ ਸੀ, ਜਿਸ ਦਾ ਇਸਤੇਮਾਲ ਨਾਜਾਇਜ਼ ਸ਼ਰਾਬ ਬਣਾਉਣ ਵਿਚ ਵੀ ਕੀਤਾ ਜਾ ਸਕਦਾ ਹੈ। ਇਸ ਦੀ ਜਾਂਚ ਕੀਤੀ ਜਾ ਰਹੀ ਹੈ।
ਤਰਨਤਾਰਨ ਜ਼ਹਿਰੀਲੀ ਸ਼ਰਾਬ ਕਾਂਡ ਤੋਂ ਬਾਅਦ ਸੂਬੇ ਵਿਚ ਹੁਣ ਤਕ ਫੜੇ ਗਏ ਕੈਮੀਕਲ ਦੀ ਇਹ ਸੱਭ ਤੋਂ ਵੱਡੀ ਖੇਪ ਹੈ। ਟੀਮ ਨੇ ਤਿੰਨ ਫ਼ੈਕਟਰੀਆਂ ਦੇ ਚਾਰ ਮਾਲਕਾਂ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ ਅਤੇ ਬਰਾਮਦ ਕੀਤੇ ਗਏ ਕੈਮੀਕਲ ਦੀ ਟੈਸਟਿੰਗ ਮੌਕੇ 'ਤੇ ਫ਼ਾਰੈਂਸਿਕ ਟੀਮਾਂ ਕਰ ਰਹੀਆਂ ਹਨ।
File Photo
ਪੰਜਾਬ ਐਕਸਾਈਜ ਦੇ ਜੁਆਇੰਟ ਕਮਿਸ਼ਨਰ ਨਰੇਸ਼ ਦੁਬੇ ਨੇ ਦਸਿਆ ਕਿ ਬੀਤੀ 23 ਜੁਲਾਈ ਨੂੰ ਜਵਾਹਰਪੁਰ ਵਿਚ ਇਕ ਫ਼ੈਕਟਰੀ ਦੇ ਗੋਦਾਮ ਤੋਂ ਕੈਮੀਕਲ ਦੇ 5500 ਲਿਟਰ 6 ਡਰੱਮ ਬਰਾਮਦ ਕੀਤੇ ਗਏ ਸਨ। ਉੱਥੇ ਫ਼ੈਕਟਰੀ ਮਾਲਕ ਅਤੇ ਦੋ ਨੌਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ। ਉਨ੍ਹਾਂ ਨੂੰ ਇਹ ਕੈਮੀਕਲ ਫ਼ੋਕਲ ਪੁਆਇੰਟ ਵਿਚ ਈ-68/69 ਵਿਚ ਐਲੀਕੇਮ ਲੈਬ ਪ੍ਰਾਈਵੇਟ ਲਿਮਟਿਡ ਫ਼ੈਕਟਰੀ ਤੋਂ ਸਪਲਾਈ ਹੋਈ ਸੀ ਜਿਸ ਲਈ ਬੀਤੀ ਸ਼ਾਮ ਇਥੇ ਛਾਪਾ ਮਾਰਿਆ ਗਿਆ। ਕਾਫ਼ੀ ਮਾਤਰਾ ਵਿਚ ਡਰੱਮ ਬਰਾਮਦ ਹੋਣ ਤੋਂ ਐਸਆਈਟੀ ਟੀਮ ਨੂੰ ਵੀ ਨਾਲ ਲਿਆ ਗਿਆ। ਤਰਨਤਾਰਨ ਐਸ.ਆਈ.ਟੀ. ਤੋਂ ਡੀ.ਐਸ.ਪੀ. ਵਿਕਰਮ ਸਿੰਘ ਬਰਾੜ ਵੀ ਟੀਮ ਦੇ ਨਾਲ ਜਾਂਚ ਕਾਰਜ ਵਿਚ ਜੁਟੇ ਹੋਏ ਹਨ।
ਐਲੀਕੇਮ ਦੇ ਡਾਇਰੈਕਟਰ ਏ.ਕੇ ਚੌਧਰੀ ਅਤੇ ਕੇ.ਪੀ. ਸਿੰਘ ਤੋਂ ਇਲਾਵਾ ਓਮ ਸਾਲਵੀ ਦੇ ਡਾਇਰੈਕਟਰ ਗੌਰਵ ਚੌਧਰੀ ਅਤੇ ਪਿਯੋਰ ਸਲਿਊਸ਼ਨ ਦੇ ਜਗਮੋਹਨ ਅਰੋੜਾ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਉਨ੍ਹਾਂ ਦਸਿਆ ਕਿ ਉਕਤ ਡਰੱਮਾਂ ਵਿਚ ਸ਼ੁਰੂਆਤੀ ਜਾਂਚ ਵਿਚ ਕੈਮੀਕਲ ਸਟੋਰ ਕੀਤਾ ਹੋਇਆ ਮਿਲਿਆ ਹੈ। ਗ੍ਰਿਫ਼ਤਾਰ ਕੀਤੇ ਗਏ ਸਾਰੇ ਵਿਅਕਤੀਆਂ ਨੂੰ ਡੇਰਾਬੱਸੀ ਕੋਰਟ ਵਿਚ ਪੇਸ਼ ਕਰ ਕੇ ਉਨ੍ਹਾਂ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ। ਐਲੀਕੇਮ ਫ਼ੈਕਟਰੀ ਵਿਚ ਪਹੁੰਚੀ ਟੀਮਾਂ ਅਜੇ ਵੀ ਉੱਥੇ ਬਰਾਮਦ ਕੈਮੀਕਲ ਦੀ ਟੈਸਟਿੰਗ ਅਤੇ ਦਫ਼ਤਰੀ ਰਿਕਾਰਡ ਦੀ ਛਾਣਬੀਨ ਵਿਚ ਜੁਟੀ ਹੋਈ ਸੀ।
ਪੰਜਾਬ ਐਕਸਾਈਜ ਦੇ ਜੁਆਇੰਟ ਕਮਿਸ਼ਨਰ ਨਰੇਸ਼ ਦੁਬੇ ਨੇ ਦਸਿਆ ਕਿ ਬਰਾਮਦ ਕੀਤੇ ਗਏ ਕੈਮੀਕਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਦਾ ਇਸਤੇਮਾਲ ਸਿਰਫ਼ ਸ਼ਰਾਬ ਲਈ ਹੀ ਹੁੰਦਾ ਸੀ ਜਾਂ ਕਿਸੇ ਹੋਰ ਉਦੇਸ਼ ਲਈ ਇਸ ਦੀ ਵਰਤੋਂ ਕੀਤੀ ਜਾਂਦੀ ਸੀ। ਉਨ੍ਹਾਂ ਨੂੰ ਡਰ ਹੈ ਕਿ ਕਿਤੇ ਜ਼ਹਿਰੀਲੀ ਸ਼ਰਾਬ ਵਿਚ ਇਸ ਦਾ ਇਸਤੇਮਾਲ ਨਾ ਹੋਇਆ ਹੋਵੇ, ਜਿਸ ਦੀ ਜਾਂਚ ਕੀਤੀ ਜਾ ਰਹੀ ਹੈ।